ਨਵੀਂ ਦਿੱਲੀ- ਇਸਰਾਈਲ ਦੀਆਂ ਅੰਬੈਸੀਆਂ ਦੇ ਬਾਹਰ ਹੋਏ ਧਮਾਕਿਆਂ ਲਈ ਇਸਰਾਈਲ ਨੇ ਈਰਾਨ ਨੂੰ ਦੋਸ਼ੀ ਠਹਿਰਾਇਆ ਹੈ। ਦਿੱਲੀ ਵਿੱਚ ਅੰਬੈਸੀ ਦੇ ਬਾਹਰ ਇੱਕ ਕਾਰ ਵਿੱਚ ਧਮਾਕਾ ਹੋਇਆ ਜਿਸ ਨਾਲ ਚਾਰ ਵਿਅਕਤੀ ਜਖਮੀ ਹੋ ਗਏ। ਦਿੱਲੀ ਅਤੇ ਜਾਰਜੀਆ ਵਿੱਚ ਧਮਾਕੇ ਇੱਕ ਹੀ ਸਮੇਂ ਤੇ ਹੋਏ।
ਦਿੱਲੀ ਵਿੱਚ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਨੇ ਇਸਰਾਈਲੀ ਅੰਬੈਸੀ ਦੀ ਕਾਰ ਵਿੱਚ ‘ਮੈਗਰੇਟ ਬੰਬ’ ਲਗਾ ਕੇ ਧਮਾਕਾ ਕਰ ਦਿੱਤਾ। ਇਹ ਬਲਾਸਟ ਪ੍ਰਧਾਨਮੰਤਰੀ ਨਿਵਾਸ ਤੋਂ ਸਿਰਫ਼ 500 ਮੀਟਰ ਦੀ ਦੂਰੀ ਤੇ ਇੱਕ ਪੈਟਰੌਲ ਪੰਪ ਦੇ ਕੋਲ ਹੋਇਆ। ਇਸ ਧਮਾਕੇ ਨਾਲ ਇੱਕ ਡਿਪਲੋਮੇਟ ਸਮੇਤ ਚਾਰ ਲੋਕ ਜਖਮੀ ਹੋ ਗਏ। 42 ਸਾਲ ਦੀ ਡਿਪਲੋਮੈਟ ਤਾਲਯੇਸ਼ੋਬਾ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈਣ ਜਾ ਰਹੀ ਸੀ। ਉਹ ਇਸ ਧਮਾਕੇ ਵਿੱਚ ਬੁਰੀ ਤਰ੍ਹਾਂ ਜਖਮੀ ਹੋਈ ਹੈ। ਉਸ ਤੋਂ ਇਲਾਵਾ ਮਨੋਜ ਸ਼ਰਮਾ, ਅਰੁਣ ਸ਼ਰਮਾ ਅਤੇ ਮਨਜੀਤ ਸਿੰਘ ਵੀ ਜਖਮੀ ਹੋਏ ਹਨ। ਵਿਦੇਸ਼ ਮੰਤਰੀ ਕ੍ਰਿਸ਼ਨਾ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ। ਇਸਰਾਈਲੀ ਪ੍ਰਧਾਨਮੰਤਰੀ ਨੇ ਇਸ ਘਟਨਾ ਤੇ ਤਿੱਖੀ ਪ੍ਰਤੀਕਿਰਿਆ ਜਾਹਿਰ ਕਰਦੇ ਹੋਏ ਕਿਹਾ ਹੈ ਕਿ ਇਸ ਬਲਾਸਟ ਦੇ ਪਿੱਛੇ ਹਿਜਬਉਲਾ ਅਤੇ ਈਰਾਨ ਦਾ ਹੱਥ ਹੈ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਾਰਜੀਆ ਦੀ ਰਾਜਧਾਨੀ ਤਿਬਲਸੀ ਵਿੱਚ ਵੀ ਇਸਰਾਈਲੀ ਅੰਬੈਸੀ ਦੇ ਬਾਹਰ ਇੱਕ ਗੱਡੀ ਵਿੱਚੋਂ ਬੰਬ ਮਿਲਿਆ, ਜਿਸ ਨੂੰ ਸੁਰੱਖਿਆ ਦਲਾਂ ਨੇ ਆਪਣੇ ਕਬਜੇ ਵਿੱਚ ਕਰ ਲਿਆ।