ਨਵੀਂ ਦਿੱਲੀ- ਸੀਬੀਆਈ ਨੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਾਲੇ ਧੰਨ ਸਬੰਧੀ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਹੈ। ਸੀਬੀਆਈ ਅਨੁਸਾਰ ਭਾਰਤੀਆਂ ਦਾ ਵਿਦੇਸ਼ੀ ਬੈਂਕਾਂ ਵਿੱਚ 24.5 ਲੱਖ ਕਰੋੜ ਦੇ ਕਰੀਬ ਧੰਨ ਜਮ੍ਹਾ ਹੈ, ਜੋ ਕਿ ਦੁਨੀਆਂ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਕਈ ਗੁਣਾ ਜਿਆਦਾ ਹੈ।
ਸੀਬੀਆਈ ਮੁੱਖੀ ਏਪੀ ਸਿੰਘ ਅਨੁਸਾਰ ਭਾਰਤ ਦੇ ਅਮੀਰ ਲੋਕ ਟੈਕਸ ਤੋਂ ਬੱਚਣ ਲਈ ਬ੍ਰਿਟਿਸ਼, ਮਾਰੀਸ਼ਸ਼ ਅਤੇ ਸਵਿਟਜਰਲੈਂਡ ਦੇ ਬੈਂਕਾਂ ਵਿੱਚ ਆਪਣਾ ਧੰਨ ਜਮ੍ਹਾ ਕਰਵਾ ਦਿੰਦੇ ਹਨ। ਇਹ ਧੰਨ 500 ਬਿਲੀਅਨ ਡਾਲਰ (24.5 ਲੱਖ ਕਰੋੜ ਰੁਪੈ) ਹੈ। ਸਵਿਟਜਰਲੈਂਡ ਵਿੱਚ ਪੈਸਾ ਜਮ੍ਹਾ ਕਰਵਾਉਣ ਵਿੱਚ ਭਾਰਤ ਦੇ ਲੋਕ ਸੱਭ ਤੋਂ ਅੱਗੇ ਹਨ। ਕਾਲੇ ਧੰਨ ਸਬੰਧੀ ਕਾਨੂੰਨੀ ਕਾਰਵਾਈ ਕਰਨ ਵਿੱਚ ਕਾਫ਼ੀ ਸਮਾਂ ਲਗ ਜਾਂਦਾ ਹੈ।ਜੰਨ੍ਹਾਂ ਦੇਸ਼ਾਂ ਵਿੱਚ ਧੰਨ ਜਮ੍ਹਾ ਹੁੰਦਾ ਹੈ, ਉਨ੍ਹਾਂ ਦੀ ਅਰਥਵਿਵਸਥਾ ਇਸ ਪੈਸੇ ਨਾਲ ਮਜ਼ਬੂਤ ਹੁੰਦੀ ਹੈ ਇਸ ਲਈ ਉਹ ਇਸ ਬਾਰੇ ਪੂਰਾ ਖੁਲਾਸਾ ਨਹੀਂ ਕਰਨਾ ਚਾਹੁੰਦੇ।
ਕੇਂਦਰੀ ਰਾਜਮੰਤਰੀ ਨਰਾਇਣ ਨੇ ਕਿਹਾ ਹੈ ਕਿ ਕਾਲੇ ਧੰਨ ਨਾਲ ਨਜਿਠਣਾ ਬਹੁਤ ਜਰੂਰੀ ਹੈ, ਕਿਉਂਕਿ ਅੱਤਵਾਦੀ ਸੰਗਠਨ, ਅੱਤਵਾਦੀ ਕਾਰਵਾਈਆਂ ਲਈ ਵਿਦੇਸ਼ੀ ਬੈਂਕਾਂ ਵਿੱਚ ਧੰਨ ਜਮ੍ਹਾ ਕਰਨ ਲਈ ਨਵੇਂ-ਨਵੇਂ ਇਲੈਕਟਰਾਨਿਕ ਢੰਗ ਅਪਨਾਂਉਦੇ ਹਨ। ਉਨ੍ਹਾਂ ਨੇ ਕਿਹਾ ਕਿ ਕਾਲੇ ਧੰਨ ਦੀ ਬਰਾਮਦਗੀ ਦੇ ਲਈ ਸਾਨੂੰ ਦੂਸਰੇ ਦੇਸ਼ਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ। ਉਨ੍ਹਾਂ ਦੇ ਕਨੂੰਨ ਸਾਡੇ ਦੇਸ਼ ਦੇ ਕਾਨੂੰਨਾਂ ਨਾਲੋਂ ਵੱਖ ਹੁੰਦੇ ਹਨ। ਇਸ ਲਈ ਬਲੈਕ ਮਨੀ ਨੂੰ ਵਾਪਿਸ ਲਿਆਉਣ ਲਈ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ।