ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬੀਤੇ ਸਮੇਂ ਦੌਰਾਨ ਵੱਖ- ਵੱਖ ਖੇਤਰਾਂ ਵਿੱਚ ਕੌਮਾਂਤਰੀ ਪੱਧਰ ਤੇ ਸਨਮਾਨ ਹਾਸਿਲ ਕੀਤਾ। ਇਨ੍ਹਾਂ ਵਿੱਚ ਮੁੱਖ ਤੌਰ ਤੇ ਉੱਤਰੀ ਖੇਤਰ ਦੀ ਨੁਮਾਇੰਦਗੀ ਕਰ ਰਹੀ ਮਾਈਮ ਦੀ ਟੀਮ ਨੂੰ ਕੌਮਾਂਤਰੀ ਪੱਧਰ ਤੇ ਕੁਲ ਹਿੰਦ ਅੰਤਰ ਯੂਨੀਵਰਸਿਟੀ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਿਲ ਹੋਇਆ ਅਤੇ ਵਿਦਿਆਰਥਣ ਅਦਿਤੀ ਸੇਵਕ ਨੇ 10 ਮੀਟਰ ਦੀ ਨਿਸ਼ਾਨੇਬਾਜੀ ਦੇ ਮੁਕਾਬਲੇ ਵਿੱਚ ਕੌਮਾਂਤਰੀ ਪੱਧਰ ਤੇ ਗੋਲਡ ਮੈਡਲ ਹਾਸਿਲ ਕੀਤਾ। ਇਸ ਤੋਂ ਇਲਾਵਾ ਦਿੱਲੀ ਸਰਕਾਰ ਦੀ ਪੰਜਾਬੀ ਅਕੈਡਮੀ ਵੱਲੋਂ ਅੰਤਰ ਯੂਨੀਵਰਸਿਟੀ ਕਰਵਾਏ ਗਏ ਮੁਕਾਬਲੇ ਵਿੱਚ ਯੂਨੀਵਰਸਿਟੀ ਦੀ ਭੰਗੜਾ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਦੇ ਸਨਮਾਨ ਵਿੱਚ ਰੱਖੇ ਗਏ ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਜੇਤੂ ਵਿਦਿਆਰਥੀਆਂ ਤੋਂ ਇਲਾਵਾ ਵੱਖ ਵੱਖ ਕਾਲਜਾਂ ਦੇ ਇੰਚਾਰਜ ਅਧਿਆਪਕ ਵੀ ਮੌਜੂਦ ਸਨ। ਡਾ: ਢਿੱਲੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਵਿਦਿਆਰਥੀ ਖੇਡਾਂ ਅਤੇ ਯੁਵਕ ਗਤੀਵਿਧੀਆਂ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹਨ ਉਹ ਵਿਦਿਆਰਥੀ ਸਿੱਖਿਆ ਦੇ ਖੇਤਰ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਸਨਮਾਨਾਂ ਦੇ ਨਾਲ ਜਿਥੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਦਾ ਕੱਦ ਉੱਚਾ ਹੋਇਆ ਹੈ, ਉਥੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਲਈ ਮਾਣ ਦੀ ਗੱਲ ਹੈ।
ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਰੁੱਖਾਂ ਦੀ ਇਨਸਾਨ ਲਾਲ ਸਾਂਝ ਨੂੰ ਦਰਸਾਉਂਦੀ ਮਾਈਮ ਨੇ ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਦੇ ਹੋਏ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਅਤੇ ਨਾਗਪੁਰ ਵਿਖੇ 22 ਤੋਂ 26 ਜਨਵਰੀ ਦੌਰਾਨ ਆਯੋਜਿਤ ਕੀਤੇ ਗਏ ਕੁਲ ਹਿੰਦ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਉੱਤਰੀ ਖੇਤਰ ਦੀ ਨੁਮਾਇੰਦਗੀ ਕੀਤੀ। ਇਸ ਮੁਕਾਬਲੇ ਵਿੱਚ 70 ਦੇ ਕਰੀਬ ਯੂਨੀਵਰਸਿਟੀਆਂ ਨੇ ਭਾਗ ਲਿਆ ਅਤੇ ਖੇਤੀਬਾੜੀ ਯੂਨੀਵਰਸਿਟੀ ਦੀ ਟੀਮ ਨੇ ਫਿਰ ਦੂਜਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਜਿਵਾਜੀ ਯੂਨੀਵਰਸਿਟੀ ਗਵਾਲੀਅਰ ਵਿਖੇ ਆਯੋਜਿਤ ਕੁਲ ਹਿੰਦ ਅੰਤਰ ਯੂਨੀਵਰਸਿਟੀ ਨਿਸ਼ਾਨੇਬਾਜੀ ਦੇ ਮੁਕਾਬਲੇ ਵਿੱਚ ਪੀ ਏ ਯੂ ਦੀ ਵਿਦਿਆਰਥਣ ਅਦਿਤੀ ਸੇਵਕ ਨੇ 10 ਮੀਟਰ ਦੀ ਖੇਡ ਸਪਰਦਾ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਭੰਗੜਾ ਅਤੇ ਗਿੱਧਾ ਟੀਮ ਨੇ ਦਿੱਲੀ ਸਰਕਾਰ ਦੀ ਪੰਜਾਬੀ ਅਕੈਡਮੀ ਵੱਲੋਂ ਆਯੋਜਿਤ ਮੁਕਾਬਲੇ ਵਿੱਚ ਭਾਗ ਲਿਆ ਅਤੇ ਇਸ ਮੁਕਾਬਲੇ ਵਿੱਚ ਯੂਨੀਵਰਸਿਟੀ ਦੀ ਭੰਗੜਾ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪਿਛਲੇ ਸਮੇਂ ਦੌਰਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਉਲੀਕੀਆਂ ਗਈਆਂ ਵੱਖ ਵੱਖ ਗਤੀਵਿਧੀਆਂ ਬਾਰੇ ਡਾ: ਨਿਰਮਲ ਜੌੜਾ ਨੇ ਚਾਨਣਾ ਪਾਇਆ। ਨਾਗਪੁਰ ਵਿਖੇ ਆਯੋਜਿਤ ਅੰਤਰ ਯੂਨੀਵਰਸਿਟੀ ਫੋਟੋਗ੍ਰਾਫੀ ਦੇ ਮੁਕਾਬਲੇ ਵਿੱਚ ਬਤੌਰ ਨਿਰਣਾਇਕ ਸ਼ਾਮਿਲ ਹੋਣ ਲਈ ਡਾ: ਮਾਨ ਸਿੰਘ ਤੂਰ ਨੂੰ ਡਾ: ਢਿੱਲੋਂ ਨੇ ਵਧਾਈ ਦਿੱਤੀ।