ਤਹਿਰਾਨ- ਈਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀ ਨੇਜਾਦ ਨੇ ਅਮਰੀਕਾ ਨੂੰ ਘਮੰਡੀ ਦੇਸ਼ ਕਰਾਰ ਦਿੰਦੇ ਹੋਏ ਕਿਹਾ ਕਿ ਅਸੀਂ ਬੰਬ ਨਹੀਂ ਬਣਾ ਰਹੇ। ਪੱਛਮੀ ਦੇਸ਼ ਦੋਹਰੇ ਮਾਪਦੰਡ ਅਪਨਾ ਰਹੇ ਹਨ। ਸਾਨੂੰ ਪਰਮਾਣੂੰ ਤਕਨੀਕ ਤੋਂ ਵਾਂਝਿਆਂ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਅਸਾਂ ਇਹ ਤਕਨੀਕ ਆਪਣੇ ਦਮ ਤੇ ਹਾਸਿਲ ਕੀਤੀ ਹੈ।
ਯੌਰਪ ਦੇ ਛੇਅ ਦੇਸ਼ਾਂ ਦੀ ਤੇਲ ਸਪਲਾਈ ਬੰਦ ਕਰਨ ਦਾ ਐਲਾਨ ਕਰਕੇ ਈਰਾਨ ਨੇ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਈਰਾਨ ਦੇ ਇਸ ਕਦਮ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਯੌਰਪੀ ਯੂਨੀਅਨ ਵੱਲੋਂ ਤੇਲ ਦੇ ਨਿਰਆਤ ਤੇ ਲਗਾਈਆਂ ਗਈਆਂ ਬੰਦਸ਼ਾਂ ਦੇ ਜਵਾਬ ਵਿੱਚ ਈਰਾਨ ਨੇ ਬੁੱਧਵਾਰ ਨੂੰ 6 ਯੋਰਪੀ ਦੇਸ਼ਾਂ ਦੀ ਤੇਲ ਸਪਲਾਈ ਬੰਦ ਕਰ ਦਿੱਤੀ ਹੈ। ਇਹ ਦੇਸ਼ ਹਨ- ਫਰਾਂਸ, ਸਪੇਨ, ਗਰੀਸ, ਇਟਲੀ, ਨੀਦਰਲੈਂਡ ਅਤੇ ਪੁਰਤਗਾਲ। ਈਰਾਨ ਦੇ ਇਸ ਐਲਾਨ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵੱਧ ਕੇ ਪ੍ਰਤੀ ਬੈਰਲ 118.35 ਤੱਕ ਪਹੁੰਚ ਗਈਆਂ ਹਨ।
ਪੱਛਮੀ ਦੇਸ਼ਾਂ ਤੇ ਈਰਾਨੀ ਵਿਗਿਆਨਕਾਂ ਦੀ ਹੱਤਿਆ ਦਾ ਅਰੋਪ ਲਗਾਉਂਦੇ ਹੋਏ ਅਹਿਮਦੀਨੇਜਾਦ ਨੇ ਕਿਹਾ, “ਸਮਾਂ ਬਦਲ ਗਿਆ ਹੈ, ਸਾਮਰਾਜਾਂ ਦਾ ਸਮਾਂ ਨਹੀਂ ਰਿਹਾ,ਸੰਸਕ੍ਰਿਤੀ ਬਦਲ ਗਈ ਹੈ। ਲੋਕ ਬਦਲ ਗਏ ਹਨ। ਮੇਰੀ ਉਨ੍ਹਾਂ ਨੂੰ ਸਲਾਹ ਹੈ ਕਿ ਉਹ ਆਪਣਾ ਵਤੀਰਾ ਬਦਲਣ….ਸਾਡੀ ਪਰਮਾਣੂ ਸ਼ਕਤੀ ਦਾ ਵਿਰੋਧ ਕਰਨਾ ਬੰਦ ਕਰਨ।” ਈਰਾਨ ਨੇ ਵਾਰ-ਵਾਰ ਇਹੀ ਕਿਹਾ ਕਿ ਉਹ ਪਰਮਾਣੂੰ ਸ਼ਕਤੀ ਦਾ ਪ੍ਰਯੋਗ ਸਿਰਫ਼ ਸ਼ਾਂਤੀਪੂਰਣ ਮਕਸਦਾਂ ਲਈ ਹੀ ਕਰੇਗਾ।