ਕਾਨਪੁਰ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸ਼ੁਕਰਵਾਰ ਨੂੰ ਕਾਨਪੁਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੱਛਲੇ 22 ਸਾਲਾਂ ਵਿੱਚ ਗੈਰ ਕਾਂਗਰਸੀ ਸਰਕਾਰਾਂ ਨੇ ਲੋਕਾਂ ਦੇ ਵਿਕਾਸ ਲਈ ਕੁਝ ਨਹੀਂ ਕੀਤਾ, ਸਗੋ ਸੂਬੇ ਦਾ ਕਬਾੜਾ ਕਰ ਦਿੱਤਾ ਹੈ। ਯੂਪੀ ਪਿੱਛੜੇਪਣ ਦਾ ਸ਼ਿਕਾਰ ਹੋਇਆ ਹੈ।ਉਤਰ ਪ੍ਰਦੇਸ਼ ਵਿਧਾਨ ਸੱਭਾ ਚੋਣਾਂ ਦੌਰਾਨ ਇਹ ਉਨ੍ਹਾਂ ਦੀ ਪਹਿਲੀ ਚੋਣ ਰੈਲੀ ਸੀ।
ਪ੍ਰਧਾਨਮੰਤਰੀ ਵੱਲੋਂ ਕਾਨਪੁਰ ਤੋਂ ਚੋਣ ਰੈਲੀ ਆਰੰਭ ਕਰਨਾ ਕਾਂਗਰਸ ਲਈ ਸ਼ੁਭ ਮੰਨਿਆ ਜਾਂਦਾ ਹੈ। ਵਰਨਣਯੋਗ ਹੈ ਕਿ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ 2004 ਅਤੇ 2009 ਦੀਆਂ ਲੋਕ ਸੱਭਾ ਚੋਣਾਂ ਵਿੱਚ ਕਾਨਪੁਰ ਤੋਂ ਹੀ ਚੋਣ ਪਰਚਾਰ ਆਰੰਭ ਕੀਤਾ ਸੀ। ਦੋਵੇਂ ਵਾਰ ਹੀ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਬਣੀ ਅਤੇ ਡਾ: ਮਨਮੋਹਨ ਸਿੰਘ ਪ੍ਰਧਾਨਮੰਤਰੀ ਬਣੇ। ਇਸ ਵਾਰ ਵੀ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਇਹ ਰੈਲੀ ਪਾਰਟੀ ਲਈ ਸ਼ੁਭ ਫੱਲ ਦੇਣ ਵਾਲੀ ਹੋਵੇਗੀ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਨੇ ਯੂਪੀ ਦੇ ਵਿਕਾਸ ਲਈ ਜੋ ਵੀ ਯਤਨ ਕੀਤੇ, ਬਸਪਾ ਦੇ ਅਸਹਿਯੋਗ ਕਰਕੇ ਉਹ ਨਾਕਾਮ ਰਹੇ। ਕੇਂਦਰ ਨੇ ਰਾਜ ਦੇ ਵਿਕਾਸ ਲਈ ਜੋ ਵੀ ਧੰਨ ਮੁਹਈਆ ਕਰਵਾਇਆ ਉਸ ਦੀ ਗਲਤ ਵਰਤੋਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ 22 ਸਾਲਾਂ ਤੋਂ ਉਤਰਪ੍ਰਦੇਸ਼ ਇਸ ਲਈ ਪਿੱਛੜੇਪਣ ਦਾ ਸ਼ਿਕਾਰ ਹੋਇਆ ਕਿ ਗੈਰ ਕਾਂਗਰਸੀ ਸਰਕਾਰਾਂ ਨੇ ਲੋਕਾਂ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ। ਪ੍ਰਧਾਨਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੇ ਸਮਾਜ ਦੇ ਕਮਜੋਰ ਵਰਗ ਦਾ ਖਾਸ ਖਿਆਲ ਰੱਖਿਆ ਜਾਵੇਗਾ।ਰੁਜ਼ਗਾਰ ਦੇ ਅਵਸਰ ਉਪਲਭਦ ਕਰਵਾਏ ਜਾਣਗੇ, ਤਾਂ ਕਿ ਲੋਕਾਂ ਨੂੰ ਕੰਮ ਦੀ ਭਾਲ ਵਿੱਚ ਰਾਜ ਤੋਂ ਬਾਹਰ ਨਾਂ ਜਾਣਾ ਪਵੇ।