ਵਾਂਗ ਦੀਵੇ ਦੇ ਜਲਦੀ ਏਂ ਤੂੰ,
ਹਨੇਰੀ ਵਿੱਚ ਵੀ, ਤੁਫ਼ਾਂ ਵਿੱਚ ਵੀ,
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।
ਚਾਨਣ ਕਰਦੀ ਏਂ ਚਾਰ ਚੁਫ਼ੇਰੇ,
ਦੂਰ ਭਜਾਉˆਦੀ ਏਂ ਤੂੰ ਹਨੇਰੇ,
ਫਿਰ ਵੀ ਕਦਰ ਨਹੀਂ ਪੈਂਦੀ,
ਧੀ ਦੇ ਵਿੱਚ ਵੀ, ਮਾਂ ਦੇ ਵਿੱਚ ਵੀ।
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।
ਤੂੰ ਲਗਦੀ ਏਂ ਪਿਆਰ ਦੀ ਮੂਰਤ,
ਰੱਬ ਦਿਸਦਾ ਏ ਵਿੱਚ ਤੇਰੀ ਸੂਰਤ,
ਫਿਰ ਵੀ ਤੇਰੀ ਕਦਰ ਨਹੀਂ ਪੈਂਦੀ,
ਪਤਨੀ ਵਿੱਚ ਵੀ, ਪ੍ਰੇਮਿਕਾ ਵਿੱਚ ਵੀ।
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।
ਜੰਮਣ ਮਰਨ ਤੱਕ ਕਈ ਰਿਸ਼ਤੇ ਹੰਢਾਵੇਂ,
ਸਭ ਰਿਸ਼ਤਿਆ ਤੋਂ ਪਿਆਰ ਹੀ ਚਾਹਵੇਂ,
ਫਿਰ ਵੀ ਤੇਰੀ ਕਦਰ ਨਹੀਂ ਪੈਂਦੀ,
ਘਰਦੇ ਵਿੱਚ ਵੀ, ਜਹਾਂ ਦੇ ਵਿੱਚ ਵੀ।
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।
ਗੁਰੂ ਪੀਰ ਸਭ ਤੈਨੂੰ ਧਿਆਉਂਦੇ
‘ਘਾਇਲ‘ ਜਿਹੇ ਵੀ ਸੀਸ ਝੁਕਾਉਂਦੇ,
ਫਿਰ ਵੀ ਤੇਰੀ ਕਦਰ ਨਹੀਂ ਪੈਂਦੀ,
ਧਰਤੀ ਵਿੱਚ ਵੀ, ਅੰਬਰਾਂ ਵਿੱਚ ਵੀ।
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।