ਇਸਲਾਮਾਬਾਦ- ਅਮਰੀਕੀ ਸੰਸਦ ਵਿੱਚ ਬਲੋਚਿਸਤਾਨ ਦੇ ਮੁੱਦੇ ਤੇ ਪੇਸ਼ ਕੀਤੇ ਗਏ ਪ੍ਰਸਤਾਵ ਤੇ ਪਾਕਿਸਤਾਨ ਨੇ ਨਰਾਜ਼ਗੀ ਜਾਹਿਰ ਕੀਤੀ ਹੈ।ਹਾਊਸ ਆਫ਼ ਰੀਪਰਜੈਟਟਿਵਜ਼ ਦੀ ਮੈਂਬਰ ਡਾਨਾ ਰੋਰਾਬਾਸ਼ਰ ਨੇ ਸੰਸਦ ਵਿੱਚ ਇੱਕ ਪ੍ਰਸਤਾਵ ਰੱਖਿਆ ਹੈ ਜਿਸ ਵਿੱਚ ਬਲੋਚ ਲੋਕਾਂ ਨੂੰ ਆਤਮਨਿਰਣੇ ਲੈਣ ਦਾ ਅਧਿਕਾਰ ਦਿਵਾਉਣ ਦੀ ਮੰਗ ਕੀਤੀ ਗਈ ਹੈ। ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਇਸ ਨੂੰ ਦੇਸ਼ ਦੀ ਸੁਤੰਤਰਤਾ ਤੇ ਹਮਲਾ ਦਸਿਆ ਹੈ।
ਪਾਕਿਸਤਾਨ ਦੇ ਪ੍ਰਧਾਨਮੰਤਰੀ ਗਿਲਾਨੀ ਨੇ ਕਰਾਚੀ ਪੋਰਟ ਤੇ ਇੱਕ ਪ੍ਰੋਗਰਾਮ ਦੌਰਾਨ ਕਿਹਾ, “ਅਸੀਂ ਇਸ ਪ੍ਰਸਤਾਵ ਦੀ ਨਿੰਦਿਆ ਕਰਦੇ ਹਾਂ।ਇਹ ਦੇਸ਼ ਦੀ ਸੰਪ੍ਰਭੁੱਤਾ ਦੇ ਖਿਲਾਫ਼ ਹੈ।”
ਵਿਦੇਸ਼ ਮੰਤਰੀ ਹਿਨਾ ਰਬਾਨੀ ਖਾਰ ਨੇ ਵੀ ਅਮਰੀਕੀ ਸੰਸਦ ਵਿੱਚ ਪੇਸ਼ ਕੀਤੇ ਗਏ ਇਸ ਪ੍ਰਸਤਾਵ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਸਤਾਵ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਵਿਰੁੱਧ ਹੈ ਅਤੇ ਇਹ ਪਾਕਿਸਤਾਨ ਅਤੇ ਅਮਰੀਕਾ ਦੇ ਆਪਸੀ ਸਬੰਧਾਂ ਦੇ ਵੀ ਖਿਲਾਫ਼ ਹੈ। ਨੈਸ਼ਨਲ ਅਸੈਂਬਲੀ ਵਿੱਚ ਵੀ ਇੱਕ ਮੱਤਾ ਪਾਸ ਕਰਕੇ ਇਸ ਪ੍ਰਸਤਾਵ ਦੀ ਵਿਰੋਧਤਾ ਕੀਤੀ ਗਈ ਹੈ। ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਬਲੋਚਿਸਤਾਨ ਵਿੱਚ ਰਾਸ਼ਟਰਵਾਦੀ ਸੰਗਠਨ ਵੱਧ ਸੁਤੰਤਰਤਾ ਦੀ ਮੰਗ ਕਰਦੇ ਰਹੇ ਹਨ।