ਤਹਿਰਾਨ- ਈਰਾਨ ਨੇ ਫਰਾਂਸ ਅਤੇ ਬ੍ਰਿਟੇਨ ਨੂੰ ਤੇਲ ਵੇਚਣ ਤੇ ਰੋਕ ਲਗਾ ਦਿੱਤੀ ਹੈ।ਈਰਾਨ ਦੇ ਤੇਲ ਮੰਤਰਾਲੇ ਦੇ ਬਲਾਰੇ ਨੇ ਸਰਕਾਰੀ ਵੈਬ ਸਾਈਟ ਦੇ ਹਵਾਲੇ ਨਾਲ ਕਿਹਾ ਹੈ ਕਿ ਈਰਨ ਹੁਣ ਨਵੇਂ ਉਪਭੋਗਤਾਵਾਂ ਨੂੰ ਤੇਲ ਵੇਚੇਗਾ।ਯੌਰਪੀ ਸੰਘ ਦੇ ਮੈਂਬਰ ਇਸ ਗੱਲ ਤੇ ਸਹਿਮੱਤ ਹੋਏ ਸਨ ਕਿ ਉਹ ਪਹਿਲੀ ਜੁਲਾਈ ਤੋਂ ਈਰਾਨ ਤੋਂ ਤੇਲ ਲੈਣਾ ਬੰਦ ਕਰ ਦੇਣਗੇ।
ਈਰਾਨ ਦੇ ਪਰਮਾਣੂੰ ਪ੍ਰੋਗਰਾਮ ਨੂੰ ਰੋਕਣ ਲਈ ਯੌਰਪੀ ਦੇਸ਼ ਇਹ ਕਦਮ ਉਠਾ ਰਹੇ ਸਨ, ਬੇਸ਼ਕ ਈਰਾਨ ਇਹ ਦਾਅਵਾ ਕਰ ਰਿਹਾ ਹੈ ਕਿ ਉਸਦਾ ਪਰਮਾਣੂੰ ਪ੍ਰੋਗਰਾਮ ਸ਼ਾਂਤੀਪੂਰਣ ਹੈ। ਸੰਯੁਕਤ ਰਾਸ਼ਟਰ ਦੀ ਅੰਤਰਰਾਸ਼ਟਰੀ ਪਰਮਾਣੂੰ ਊਰਜਾ ਏਜੰਸੀ (ਆਈਏਈਈਏ) ਦਾ ਦਾਅਵਾ ਹੈ ਕਿ ਈਰਾਨ ਨੇ ਕੁਝ ਅਜਿਹੇ ਪ੍ਰਯੋਗ ਕੀਤੇ ਹਨ ਜਿਸ ਦੀ ਜਰੂਰਤ ਪਰਮਾਣੂੰ ਹੱਥਿਆਰ ਬਣਾਉਣ ਵਿੱਚ ਹੁੰਦੀ ਹੈ।
ਯੌਰਪੀ ਸੰਘ ਦੇ ਦੇਸ਼ਾਂ ਨੇ ਇਸ ਤਰ੍ਹਾਂ ਯੋਜਨਾ ਬਣਾਈ ਸੀ ਕਿ ਈਰਾਨ ਤੇ ਨਿਰਭਰ ਦੇਸ਼ਾਂ ਨੂੰ ਆਪਣੀ ਤੇਲ ਦੀ ਲੋੜ ਪੂਰੀ ਕਰਨ ਲਈ ਦੂਸਰੇ ਪ੍ਰਬੰਧ ਕਰਨ ਦਾ ਸਮਾਂ ਮਿਲ ਸਕੇ। ਇਹ ਦੇਸ਼ ਈਰਾਨ ਦੀ ਕੁਲ ਤੇਲ ਪੂਰਤੀ ਦਾ 20% ਹਿੱਸਾ ਖ੍ਰੀਦਦੇ ਹਨ, ਜੋ ਕਿ ਈਰਾਨੀ ਸਰਕਾਰ ਦੀ ਆਮਦਨੀ ਦਾ ਅਹਿਮ ਹਿੱਸਾ ਹੈ। ਈਰਾਨ ਦੇ ਤੇਲ ਮੰਤਰੀ ਦਾ ਕਹਿਣਾ ਹੈ ਕਿ ਈਰਾਨ ਨੂੰ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਈਰਾਨ ਤੇਲ ਦੇ ਹੋਰ ਨਵੇਂ ਗਾਹਕ ਬਣਾ ਲਵੇਗਾ।