ਲੁਧਿਆਣਾ :- ਸ. ਜਗਜੀਤ ਸਿੰਘ ਆਨੰਦ ਦੀ ਸ਼ਾਨ ਵਿਚ ਉਨ੍ਹਾਂ ਦੇ ਸ਼ਾਗਿਰਦ ਰਹੇ ਟਰੇਡ ਯੂਨੀਅਨ ਆਗੂ ਅਤੇ ਇਸ ਵੇਲੇ ਅਮਰੀਕਾ ਵੱਸਦੇ ਉਘੇ ਪੰਜਾਬੀ ਪਿਆਰੇ ਸ. ਰੂਪ ਸਿੰਘ ਰੂਪਾ ਨੇ ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਕਾਰਜਕਾਰਨੀ ਦੇ ਮੈਂਬਰਾਂ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਭੇਟ ਕਰਦਿਆਂ ਕਿਹਾ ਹੈ ਕਿ ਇਸ ਰਾਸ਼ੀ ਦੇ ਵਿਆਜ ਨਾਲ ਹਰ ਸਾਲ ਕਿਸੇ ਉਘੇ ਵਾਰਤਕ ਲੇਖਕ ਨੂੰ ਸਨਮਾਨਿਤ ਕੀਤਾ ਜਾਵੇ ਅਤੇ ਪੁਰਸਕਾਰ ਦਾ ਨਾਮ ਸ. ਜਗਜੀਤ ਸਿੰਘ ਆਨੰਦ ਪੁਰਸਕਾਰ ਰੱਖਿਆ ਜਾਵੇ। ਸ. ਰੂਪਾ ਨੇ ਆਖਿਆ ਕਿ ਉਹ ਹਰ ਸਾਲ ਆਪਣੀ ਭਾਰਤ ਫੇਰੀ ਦੌਰਾਨ ਇਸ ਵਿਚ ਇੱਕ ਇੱਕ ਲੱਖ ਰੁਪਏ ਜਮ੍ਹਾਂ ਕਰਵਾਉਂਦੇ ਰਹਿਣਗੇ ਤਾਂ ਜੋ ਇਸ ਪੁਰਸਕਾਰ ਦੀ ਇਨਾਮ ਰਾਸ਼ੀ ਹਰ ਸਾਲ ਵਧਦੀ ਰਹੇ। ਸ. ਰੂਪਾ ਨੇ ਆਖਿਆ ਕਿ ਮੈਂ ਡਾ. ਮਹਿੰਦਰ ਸਿੰਘ ਰੰਧਾਵਾ ਦੇ ਵੇਲੇ ਤੋਂ ਇਸ ਅਕਾਡਮੀ ਦਾ ਸਹਿਯੋਗੀ ਰਿਹਾ ਹਾਂ ਅਤੇ ਹੁਣ ਇਸ ਪਰਿਵਾਰ ਵਿਚ ਸ਼ਾਮਲ ਹੋ ਕੇ ਮੈਨੂੰ ਵੱਖਰੀ ਤਰ੍ਹਾਂ ਦਾ ਸਕੂਨ ਮਿਲਿਆ ਹੈ। ਸ. ਰੂਪਾ ਨੇ ਇੱਕ ਲੱਖ ਰੁਪਏ ਦਾ ਚੈਕ ਅਕਾਡਮੀ ਦੇ ਪ੍ਰਧਾਨ ਤੋਂ ਇਲਾਵਾ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ, ਡਾਇਰੈਕਟਰ ਰੈਫ਼ਰੈਂਸ ਲਾਇਬ੍ਰੇਰੀ ਪ੍ਰਿੰ. ਪ੍ਰੇਮ ਸਿੰਘ ਬਜਾਜ, ਮੀਤ ਪ੍ਰਧਾਨ ਡਾ. ਅਨੂਪ ਸਿੰਘ, ਸ੍ਰੀ ਸੁਰਿੰਦਰ ਕੈਲੇ, ਕਾਰਜਕਾਰੀ ਮੈਂਬਰ ਪ੍ਰੋ. ਰਵਿੰਦਰ ਭੱਠਲ, ਗੁਰਚਰਨ ਕੌਰ ਕੋਚਰ, ਗੁਲਜ਼ਾਰ ਸਿੰਘ ਸ਼ੌਕੀ, ਤ੍ਰੈਲੋਚਨ ਲੋਚੀ, ਸਵਰਨਜੀਤ ਕੌਰ ਗਰੇਵਾਲ, ਸਕੱਤਰ ਇੰਦਰਜੀਤਪਾਲ ਕੌਰ ਭਿੰਡਰ, ਅਤੇ ਨਿਰਮਲ ਜੌੜਾ ਨੂੰ ਭੇਟ ਕੀਤਾ।
ਧੰਨਵਾਦ ਕਰਦਿਆਂ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ. ਰੂਪ ਸਿੰਘ ਰੂਪਾ ਇਸ ਸੰਸਥਾ ਦੇ ਸਹਿਯੋਗੀ ਧਿਰ ਵਜੋਂ ਲੰਮੇ ਸਮੇਂ ਤੋਂ ਵਿਚਰਦੇ ਆ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਇਸ ਇਨਾਮ ਨਾਲ ਸਦੀਵੀ ਸਾਂਝ ਜੋੜ ਲਈ ਹੈ। ਅਕਾਡਮੀ ਦੇ ਸਰਪ੍ਰਸਤ ਕੈਨੇਡਾ ਵਸਦੇ ਪੰਜਾਬੀ ਪਿਆਰੇ ਸ. ਕੁਲਦੀਪ ਸਿੰਘ ਗਿੱਲ (ਸਰੀ, ਕੈਨੇਡਾ) ਨੇ ਅਕਾਡਮੀ ਵਲੋਂ ਪ੍ਰਕਾਸ਼ਿਤ ਟੈਗੋਰ ਰਚਨਾਵਲੀ ਭੇਟ ਕਰਕੇ ਸ. ਰੂਪ ਸਿੰਘ ਰੂਪਾ ਨੂੰ ਸਨਮਾਨਿਤ ਕੀਤਾ।
ਆਨੰਦ ਪੁਰਸਕਾਰ ਸਥਾਪਿਤ ਕਰਨ ਲਈ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ
This entry was posted in ਅੰਤਰਰਾਸ਼ਟਰੀ.