ਨਵੀਂ ਦਿੱਲੀ- ਕਰੋਲਬਾਗ ਪੁਲਿਸ ਨੇ ਸਿੱਖਾਂ ਦੇ ਪਵਿਤਰ ਗਰੰਥ ਗੁਰੂ ਗਰੰਥ ਸਾਹਿਬ ਨੂੰ 20 ਕਰੋੜ ਵਿੱਚ ਵੇਚਣ ਦੀ ਕੋਸ਼ਿਸ਼ ਕਰਦੇ ਤਿੰਨ ਵਿਅਕਤੀਆਂ ਨੂੰ ਹੋਟਲ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਇਹ ਗਰੰਥ ਸਾਹਿਬ 300 ਸਾਲ ਪੁਰਾਣਾ ਹੈ ਅਤੇ ਇਸ ਨੂੰ ਸਿੱਖਾਂ ਦੇ ਗੁਰੂ ਨੇ ਆਪਣੇ ਹੱਥ ਨਾਲ ਲਿਖਿਆ ਸੀ। ਇਹ ਗਰੰਥ ਸਾਹਿਬ ਪਟਨਾ ਸਾਹਿਬ ਤੋਂ ਚੋਰੀ ਕੀਤਾ ਗਿਆ ਹੈ। ਪੁਲਿਸ ਦੀ ਟੀਮ ਜਾਂਚ ਕਰਨ ਲਈ ਪਟਨਾ ਸਾਹਿਬ ਲਈ ਵੀ ਰਵਾਨਾ ਹੋ ਗਈ ਹੈ।
ਦਿੱਲੀ ਪੁਲਿਸ ਅਨੁਸਾਰ ਫੜੇ ਗਏ ਅਰੋਪੀ ਪਰਵੀਣ ਬੱਬਰ,ਸੰਤੋਸ਼ ਕੁਮਾਰ ਸਿੰਹੁ ਅਤੇ ਕਲਿਆਣਸ਼ੇਵਰ ਬਿਹਾਰ ਤੋਂ ਹਨ। ਕਰੋਲ ਬਾਗ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਕੁਝ ਲੋਕ ਗੁਰੂ ਗਰੰਥ ਸਾਹਿਬ ਨੂੰ 20 ਕਰੋੜ ਰੁਪੈ ਵਿੱਚ ਵੇਚਣਾ ਚਾਹੁੰਦੇ ਹਨ ਅਤੇ ਉਹ ਗੁੜਗਾਂਵਾਂ ਦੇ ਹਸਪਤਾਲ ਵਿੱਚ ਠਹਿਰੇ ਹੋਏ ਹਨ। ਹੋਟਲ ਵਿੱਚ ਛਾਪਾ ਮਾਰਨ ਤੋਂ ਬਾਅਦ ਪਤਾ ਚਲਿਆ ਕਿ ਉਹ ਕਰੋਲ ਬਾਗ ਚਲੇ ਗਏ ਹਨ। ਪੁਲਿਸ ਨੇ ਕਰੋਲ ਬਾਗ ਪਹੁੰਚ ਕੇ ਸਰਸਵਤੀ ਮਾਰਗ ਤੇ ਸਥਿਤ ਰਾਹੁਲ ਪੈਲਸ ਹੋਟਲ ਵਿੱਚ ਛਾਪਾ ਮਾਰ ਕੇ ਤਿੰਨਾਂ ਅਰੋਪੀਆਂ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਇੱਕ ਬੈਗ ਵਿੱਚੋਂ ਗੁਰੂ ਗਰੰਥ ਸਾਹਿਬ ਬਰਾਮਦ ਹੋ ਗਿਆ।ਪਰਵੀਣ ਬੱਬਰ ਇਸ ਹੋਟਲ ਦਾ ਮਾਲਿਕ ਹੈ। ਜਾਂਚ ਪੜਤਾਲ ਤੋਂ ਪਤਾ ਚਲਿਆ ਕਿ ਇਹ ਲੋਕ ਇਸ ਗਰੰਥ ਸਾਹਿਬ ਨੂੰ 20 ਕਰੋੜ ਵਿੱਚ ਵੇਚਣਾ ਚਾਹੁੰਦੇ ਸਨ। ਕਾਫ਼ੀ ਸਮੇਂ ਤੋਂ ਇਹ ਗਾਹਕ ਲੱਭ ਰਹੇ ਸਨ ਪਰ ਇਨ੍ਹਾਂ ਨੂੰ ਸਹੀ ਕੀਮਤ ਨਹੀਂ ਸੀ ਮਿਲ ਰਹੀ।