ਧੋਨੀ ‘ਤੇ ਲੱਗੀ ਪਾਬੰਦੀ
ਬ੍ਰਿਸਬੇਨ-ਇਥੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਗਏ ਇਕ ਰੋਜ਼ਾ ਕ੍ਰਿਕਟ ਮੈਚ ਦੌਰਾਨ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ‘ਤੇ ਹਾਵੀ ਹੁੰਦਿਆਂ ਹੋਇਆਂ ਭਾਰਤੀ ਕ੍ਰਿਕਟ ਟੀਮ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਆਸਟ੍ਰੇਲੀਆਈ ਟੀਮ ਨੇ ਇਹ ਮੈਚ 110 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ।
ਭਾਰਤੀ ਬੱਲੇਬਾਜ਼ਾਂ ਨੇ ਆਪਣੀ ਮਾੜੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਆਸਟ੍ਰੇਲੀਆਈ ਟੀਮ ਦੇ ਗੇਂਦਬਾਜ਼ਾਂ ਬੇਨ ਹਿਲਫੇਨਹਾਸ ਅਤੇ ਬ੍ਰੈਟ ਲੀ ਅੱਗੇ ਗੋਡੇ ਟੇਕ ਦਿੱਤੇ। ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ( 56 ਦੌੜਾਂ) ਤੋਂ ਬਿਨਾਂ ਕੋਈ ਵੀ ਬੱਲੇਬਾਜ਼ ਕਰੀਸ ‘ਤੇ ਟਿਕ ਨਾ ਸਕਿਆ। ਭਾਰਤ ਦੇ ਪਹਿਲੇ ਤਿੰਨ ਖਿਡਾਰੀ ਸਿਰਫ਼ 16 ਦੌੜਾਂ ਦੇ ਮਾਮੂਲੀ ਜਿਹੇ ਸਕੋਰ ‘ਤੇ ਹੀ ਪਵੇਲੀਅਨ ਪਰਤ ਗਏ।
ਇਸਤੋਂ ਇਲਾਵਾ ਮੈਚ ਦੇ ਰੈਫ਼ਰੀ ਨੇ ਮੱਧਮ ਰਫ਼ਤਾਰ ਨਾਲ ਓਵਰ ਸੁੱਟਣ ਕਰਕੇ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ‘ਤੇ ਇਕ ਮੈਚ ਦੀ ਪਾਬੰਦੀ ਲਾ ਦਿੱਤੀ ਹੈ। ਉਹ ਹੁਣ ਮੰਗਲਵਾਰ ਨੂੰ ਸ੍ਰੀਲੰਕਾ ਦੇ ਖਿਲਾਫ ਖੇਡੇ ਜਾਣ ਵਾਲੇ ਮੈਚ ਵਿਚ ਨਹੀਂ ਖੇਡ ਸਕਣਗੇ। ਉਨ੍ਹਾਂ ‘ਤੇ ਮੈਚ ਫੀਸ ਦਾ 40 ਫ਼ੀਸਦੀ ਜ਼ੁਰਮਾਨਾ ਲਾਇਆ ਗਿਆ ਹੈ ਅਤੇ ਬਾਕੀ ਖਿਡਾਰੀਆਂ ‘ਤੇ ਫੀਸ ਦਾ 20 ਫ਼ੀਸਦੀ।
ਟਾਸ ਜਿੱਤਣ ਤੋਂ ਬਾਅਦ ਆਸਟ੍ਰੇਲੀਆਈ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ 50 ਓਵਰਾਂ ਵਿਚ 288 ਦੌੜਾਂ ਬਣਾਈਆਂ। ਇਸਦੇ ਮੁਕਾਬਲੇ ਭਾਰਤੀ ਟੀਮ ਸਿਰਫ਼ 179 ਦੌੜਾਂ ਦਾ ਮਾਮੂਲੀ ਜਿਹਾ ਸਕੋਰ ਬਣਾਕੇ ਆਲ ਆਊਟ ਹੋ ਗਈ। ਵਧੀਆ ਗੇਂਦਬਾਜ਼ੀ ਕਰਕੇ ਭਾਰਤੀ ਟੀਮ ਦੇ 5 ਖਿਡਾਰੀਆਂ ਨੂੰ ਪਵੇਲੀਅਨ ਦਾ ਰਾਹ ਵਿਖਾਉਣ ਵਾਲੇ ਹਿਲਫੇਨਹਾਸ ਨੂੰ ਮੈਨ ਆਫ਼ ਦ ਮੈਚ ਐਲਾਨਿਆ ਗਿਆ। ਆਸਟ੍ਰੇਲੀਆਈ ਗੇਂਦਬਾਜ਼ਾਂ ‘ਚੋਂ ਬ੍ਰੈਟ ਲੀ ਨੇ ਤਿੰਨ ਵਿਕਟਾਂ ਝਾੜੀਆਂ।
ਇਸ ਮੈਚ ਤੋਂ ਬਾਅਦ ਅੰਕ ਸੂਚੀ ਵਿਚ ਆਸਟ੍ਰੇਲੀਆਈ ਟੀਮ 14 ਅੰਕਾਂ ਨਾਲ ਪਹਿਲੇ ਸਥਾਨ ‘ਤੇ ਹੈ। 10 ਅੰਕਾਂ ਨਾਲ ਭਾਰਤੀ ਟੀਮ ਦੂਜੇ ਅਤੇ 7 ਅੰਕਾਂ ਨਾਲ ਸ੍ਰੀਲੰਕਾ ਦੀ ਟੀਮ ਤੀਜੇ ਸਥਾਨ ‘ਤੇ ਹੈ।