ਨਵੀਂ ਦਿੱਲੀ -: ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਪਤ੍ਰਕਾਰਾਂ ਨਾਲ ਇਕ ਮੁਲਾਕਾਤ ਦੌਰਾਨ ਬਾਦਲ ਅਕਾਲੀ ਦਲ ਦੇ ਮੁੱਖੀਆਂ ਵਲੋਂ ਉਨ੍ਹਾਂ ਵਿਰੁਧ ਗੁਰਦੁਆਰਾ ਬਾਲਾ ਸਾਹਿਬ ਸਥਿਤ ਹਸਪਤਾਲ ਦੀ ਜ਼ਮੀਨ ਵੇਚ ਦੇਣ ਦੇ ਆਧਾਰਹੀਨ ਦੋਸ਼ ਅਧੀਨ ਰਿਪੋਰਟ ਦਰਜ ਕਰਵਾਏ ਜਾਣ ਪੁਰ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬਾਦਲ ਅਕਾਲੀ ਦਲ ਪਾਸ ਕੋਈ ਅਜਿਹਾ ਮੁੱਦਾ ਨਹੀਂ ਜਿਸਨੂੰ ਲੈ ਕੇ ਉਹ ਦਿੱਲੀ ਦੇ ਸਿੱਖਾਂ ਵਿੱਚ ਜਾ ਸਕਣ ਅਤੇ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦਾ ਸਾਹਮਣਾ ਕਰ ਸਕਣ, ਇਹੀ ਕਾਰਣ ਹੈ, ਉਨ੍ਹਾਂ ਗੁਰਦੁਆਰਾ ਚੋਣਾਂ ਟਲਵਾਉਣ ਨਾਲ ਹੀ ਇਹ ਏਜੰਡਾ ਅਪਨਾ ਲਿਆ ਕਿ ਕਿਸੇ ਵੀ ਤਰ੍ਹਾਂ ਗੁਰ-ਅਸਥਾਨਾਂ ਤੇ ਉਨ੍ਹਾਂ ਦੇ ਪ੍ਰਬੰਧਕਾਂ ਵਿਰੁਧ ਝੂਠ ਤੇ ਕੁਫਰ ਤੋਲ ਕੇ ਉਨ੍ਹਾਂ ਦਾ ਅਕਸ ਖਰਾਬ ਕੀਤਾ ਜਾਏ। ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਕਤਰ ਜਨਰਲ ਸ: ਸੁਖਦੇਵ ਸਿੰਘ ਢੀਂਡਸਾ ਦੇ ਸਰਕਾਰੀ ਨਿਵਾਸ ਤੇ ਬਾਦਲਕਿਆਂ ਦੀ ਇਕ ਬੈਠਕ ਬੰਦ ਕਮਰੇ ਵਿੱਚ ਹੋਈ, ਜਿਸ ਵਿੱਚ ਇਸ ਗਲ ਤੇ ਕਾਫੀ ਸੋਚ-ਵਿਚਾਰ ਕੀਤੀ ਗਈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਵਿਰੁਧ ਕਿਹੜੇ ਮੁੱਦੇ ਲੈ ਕੇ ਸਿੱਖ ਮਤਦਾਤਾਵਾਂ ਪਾਸ ਜਾਇਆ ਜਾ ਸਕਦਾ ਹੈ। ਜਦੋਂ ਉਨ੍ਹਾਂ ਨੂੰ ਕੋਈ ਮੁੱਦਾ ਨਾ ਮਿਲਿਆ ਤਾਂ ਉਨ੍ਹਾਂ ਨੇ ਝੂਠੇ ਤੇ ਆਧਾਰਹੀਨ ਦੋਸ਼ ਲਾ ਗੁਰਦੁਆਰਾ ਮੁੱਖੀਆਂ ਅਤੇ ਗੁਰਧਾਮਾਂ ਦੀ ਛੱਬੀ ਨੂੰ ਵਿਗਾੜਨ ਦੀ ਰਣਨੀਤੀ ਅਪਨਾਉਣ ਦਾ ਫੈਸਲਾ ਕਰ ਲਿਆ।
ਸ: ਸਰਨਾ ਨੇ ਦਸਿਆ ਕਿ ਇਸੇ ਫੈਸਲੇ ਅਨੁਸਾਰ ਹੀ ਇਨ੍ਹਾਂ ਬਾਦਲਕਿਆਂ ਨੇ ਗੁਰਦੁਆਰਾ ਬਾਲਾ ਸਾਹਿਬ ਦੀ ਜ਼ਮੀਨ ਵੇਚ ਦੇਣ ਦੀ ਆਧਾਰਹੀਨ ਤੇ ਝੂਠੀ ਰਿਪੋਰਟ ਲਿਖਾਈ। ਉਨ੍ਹਾਂ ਕਿਹਾ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ, ਕਿਉਂਕਿ ਉਨ੍ਹਾਂ ਦਾ ਦਾਮਨ ਸਾਫ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਬਾਦਲਕੇ ਉਨ੍ਹਾਂ ਵਿਰੁਧ ਲਾਏ ਦੋਸ਼ ਸਾਬਤ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਘਰੀਂ ਬੈਠ ਜਾਣ। ਨਹੀਂ ਤਾਂ ਇਨ੍ਹਾਂ ਦਾ ਹਾਲ ਵੀ ਉਹੀ ਹੋਵੇਗਾ, ਜੋ ਸਦਾ ਤੋਂ ਹੀ ਪੰਥ-ਦੋਖੀਆਂ ਦਾ ਹੁੰਦਾ ਚਲਿਆ ਆ ਰਿਹਾ ਹੈ।
ਸ: ਸਰਨਾ ਨੇ ਹੋਰ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਇਸ ਗਲ ਦੀ ਹੈ ਕਿ ਉਨ੍ਹਾਂ ਪੁਰ ਉਹ ਲੋਕੀ ਦੋਸ਼ ਲਾ ਰਹੇ ਹਨ, ਜਿਨ੍ਹਾਂ ਦੇ ਆਪਣੇ ਦਾਮਨ ਦਾਗ਼ੀ ਹਨ। ਇਨ੍ਹਾਂ ਵਿਚੋਂ ਕਿਸੇ ਵਿਰੁਧ ਕ੍ਰਿਮੀਨਲ ਕੇਸ ਚਲ ਰਹੇ ਹਨ, ਕਿਸੇ ਦਾ ਪੁੱਤਰ ਕਾਰ ਚੋਰੀ ਦੇ ਕੇਸ ਵਿੱਚ ਪਕੜਿਆ ਗਿਆ ਹੈ ਤੇ ਕਿਸੇ ਵਿਰੁਧ ਰਿਕਵਰੀ ਦੇ ਮਾਮਲੇ ਅਦਾਲਤਾਂ ਵਿੱਚ ਹਨ।
ਸ: ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਦਲ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਝੂਠ-ਫਰੇਬ ਤੇ ਕੁਫਰ ਦੀ ਟਕਸਾਲੀ ਦੁਕਾਨ ਬਣ ਚੁਕਾ ਹੈ। ਜਿਸਦੇ ਚਲਦਿਆਂ ਇਸਦੇ ਮੁੱਖੀਆਂ ਨੇ ਸ਼ਰਮ-ਹਯਾ ਦੀਆਂ ਸਾਰੀਆਂ ਹਦਾਂ ਟੱਪ ਬਾਰ-ਬਾਰ ਝੂਠ ਬੋਲਣਾ ਤੇ ਕੁਫਰ ਤੋਲਣਾ ਸ਼ੁਰੂ ਕਰ ਦਿੱਤਾ ਹੈ, ਉਨ੍ਹਾਂ ਨੂੰ ਸ਼ਾਇਦ ਗੋਬਲਜ਼ ਵਾਂਗ ਇਹ ਗੁਮਾਨ ਹੋ ਗਿਆ ਹੋਇਆ ਹੈ ਕਿ ਬਾਰ-ਬਾਰ ਝੂਠ ਬੋਲਣ ਨਾਲ ਝੂਠ ਸੱਚ ਬਣ ਜਾਂਦਾ ਹੈ। ਜਦਕਿ ਬਾਦਲਕੇ ਇਸ ਸੱਚਾਈ ਨੂੰ ਜਾਣਦੇ ਹਨ, ਕਿ ਜਿਤਨੀ ਵਾਰ ਮਰਜ਼ੀ ਝੂਠ ਬੋਲਿਆ ਜਾਏ, ਝੂਠ ਆਖਰ ਝੂਠ ਹੀ ਰਹਿੰਦਾ ਹੈ ਉਹ ਕਦੀ ਵੀ ਸੱਚ ਨਹੀਂ ਬਣ ਸਕਦਾ। ਫਿਰ ਵੀ ਇਹ ਭਾਜਪਾਈਆਂ ਦੇ ਅੱਡੇ ਚੜ੍ਹ ਇਸ ਸੱਚਾਈ ਨੂੰ ਸਵੀਕਾਰਨ ਲਈ ਤਿਆਰ ਨਹੀਂ।
ਸ: ਸਰਨਾ ਨੇ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਨਾ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਸਾਹਮਣਾ ਕਰਨ ਅਤੇ ਨਾ ਹੀ ਦਿੱਲੀ ਦੇ ਸਿੱਖਾਂ ਵਿੱਚ ਆਪਣਾ ਆਧਾਰ ਕਾਇਮ ਕਰਨ ਲਈ ਇਨ੍ਹਾਂ ਪਾਸ ਕੋਈ ਪ੍ਰੋਗਰਾਮ ਜਾਂ ਮੁੱਦਾ ਹੈ। ਜਿਸ ਕਾਰਣ ਇਨ੍ਹਾਂ ਇਕੋ-ਇਕ ਇਹੀ ਮੁੱਦਾ ਮਿੱਥ ਲਿਆ ਹੋਇਆ ਹੈ ਕਿ ਇਤਿਹਾਸਕ ਗੁਰਦੁਆਰਿਆਂ ਅਤੇ ਗੁਰਦੁਆਰਾ ਕਮੇਟੀ ਦੇ ਮੁਖੀਆਂ ਦਾ ਅਕਸ ਵਿਗਾੜਨ ਲਈ, ਝੂਠ ਦਾ ਸਹਾਰਾ ਲੈ, ਉਨ੍ਹਾਂ ਵਿਰੁਧ ਵੱਧ ਤੋਂ ਵੱਧ ਜਿਤਨਾ ਹੋ ਸਕੇ ਭੰਡੀ ਪ੍ਰਚਾਰ ਕੀਤਾ ਜਾਏ। ਇਨ੍ਹਾਂ ਗੁਰਦੁਆਰਾ ਸੀਸ ਗੰਜ, ਗੁਰਦੁਆਰਾ ਬੰਗਲਾ ਸਾਹਿਬ, ਅਤੇ ਗੁਰਦੁਆਰਾ ਰਕਾਬ ਗੰਜ ਆਦਿ ਵਿਖੇ ਹੋਣ ਵਾਲੇ ਵਿਕਾਸ ਕਾਰਜਾਂ, ਗੁਰਦੁਆਰਾ ਬੰਗਲਾ ਸਾਹਿਬ ਦੇ ਦੀਵਾਨ ਹਾਲ ਦੇ ਸੁਨਹਿਰੀ-ਕਰਣ ਦਾ ਵਿਰੋਧ ਹੀ ਨਹੀਂ ਕੀਤਾ, ਸਗੋਂ ਅਦਾਲਤਾਂ ਵਿੱਚ ਜਾ ਇਨ੍ਹਾਂ ਕਾਰਜਾਂ ਨੂੰ ਰੁਕਵਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ।
ਸ: ਸਰਨਾ ਨੇ ਬਾਦਲਕਿਆਂ ਪੁਰ ਇਹ ਦੋਸ਼ ਵੀ ਲਾਇਆ ਕਿ ਉਹ ਭਾਜਪਾ ਦੇ ਏਜੰਡੇ ਨੂੰ ਹੀ ਸਿਰੇ ਚੜ੍ਹਾਉਣ ਲਈ ਹੀ ਝੂਠ ਬੋਲ-ਬੋਲ ਸਿੱਖ ਨੌਜਵਾਨਾਂ ਨੂੰ ਸਿੱਖੀ ਤੋਂ ਦੂਰ ਧਕਣ ਲਈ ਹਥ-ਪੈਰ ਮਾਰ ਰਹੇ ਹਨ। ਇਨ੍ਹਾਂ ਪੰਥ ਦੋਖੀਆਂ ਦੀ ਪ੍ਰੇਸ਼ਾਨੀ ਇਸ ਕਰਕੇ ਵੀ ਵੱਧ ਰਹੀ ਹੈ ਕਿ ਦਿੱਲੀ ਵਿੱਚ ਸਿੱਖੀ ਪ੍ਰਫੁਲਤ ਕਿਉਂ ਹੋ ਰਹੀ ਹੈ ਤੇ ਗੁਰਧਾਮਾਂ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਦਾ ਅਕਸ ਵਿਗਾੜਨ ਦੀਆਂ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਹਜ਼ਾਰਾਂ ਕੌਸ਼ਿਸ਼ਾਂ ਦੇ ਬਾਵਜੂਦ ਇਥੇ ਸਿੱਖੀ ਦੀ ਸੁਤੰਤਰ ਹੋਂਦ ਤੇ ਸਿੱਖਾਂ ਦੀ ਅੱਡਰੀ ਪਛਾਣ ਖਤਮ ਕਰਨ ਵਾਲਾ ਭਾਜਪਾ ਦਾ ਏਜੰਡਾ ਸਫਲ ਕਿਉਂ ਨਹੀਂ ਹੋ ਪਾ ਰਿਹਾ।
ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ 90ਵਿਆਂ ਵਿੱਚ ਪੈਰ ਰਖ ਰਹੇ ਹਨ, ਫਿਰ ਵੀ ਸੱਤਾ ਲਾਲਸਾ ਉਨ੍ਹਾਂ ਦਾ ਪਿਛਾ ਨਹੀਂ ਛੱਡ ਰਹੀ। ਆਪਣੀ ਸੱਤਾ-ਲਾਲਸਾ ਨੂੰ ਪੂਰਿਆਂ ਕੀਤੀ ਰਖਣ ਲਈ ਹੀ ਉਨ੍ਹਾਂ ਸਿੱਖਾਂ ਅਤੇ ਸਿੱਖੀ ਦੀ ਦੁਸ਼ਮਣ ਭਾਜਪਾ ਦੇ ਏਜੰਡੇ ਨੂੰ ਅਪਨਾ, ਪੰਜਾਬ ਵਿੱਚ ਸਿੱਖੀ ਨੂੰ ਮੁਕਾਣ ਲਈ ਲੱਕ ਬੰਨ੍ਹ ਲਿਆ ਹੋਇਆ ਹੈ। ਉਹ ਇਹ ਗਲ ਸਹਿ ਨਹੀਂ ਪਾ ਰਹੇ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਦੀਆਂ ਪੰਥ-ਹਿਤੂ ਨੀਤੀਆਂ ਅਤੇ ਉਨ੍ਹਾਂ ਦੇ ਉਪਰਾਲਿਆਂ ਦੇ ਸਦਕਾ ਇੱਥੇ ਸਿੱਖੀ ਕਿਉਂ ਬੱਚੀ ਹੋਈ ਹੈ ਅਤੇ ਫਲ-ਫੁਲ ਰਹੀ ਹੈ। ਇਸੇ ਗਲ ਤੋਂ ਦੁਖੀ ਤੇ ਪ੍ਰੇਸ਼ਾਨ ਹੋ ਉਨ੍ਹਾਂ ਆਪਣੇ ਨਿਜੀ ਦਲ ਦੀ ਦਿੱਲੀ ਦੀ ਬ੍ਰਾਂਚ ਦੇ ਕਰਤਿਆਂ ਰਾਹੀਂ ਝੂਠ-ਫਰੇਬ ਤੇ ਕੁਫਰ ਦੇ ਸਹਾਰੇ, ਉਨ੍ਹਾਂ ਪੁਰ ਹਮਲੇ ਕਰਵਾਉਣੇ ਸ਼ੁਰੂ ਕਰਵਾਏ ਹੋਏ ਹਨ।
ਸ. ਸਰਨਾ ਨੇ ਹੋਰ ਕਿਹਾ ਕਿ ਬਾਦਲਕਿਆਂ ਵਲੋਂ ਲਾਏ ਜਾਂਦੇ ਝੂਠੇ ਤੇ ਬੇਬੁਨਿਆਦ ਦੋਸ਼, ਉਨ੍ਹਾਂ ਦੇ ਗੁਰਧਾਮਾਂ ਅਤੇ ਪੰਥਕ ਸੇਵਾ ਦੇ ਖੇਤ੍ਰ ਵਿੱਚ ਵੱਧ ਰਹੇ ਕਦਮ ਡਗਮਗਾਉਣਗੇ ਨਹੀਂ, ਉਹ ਸਤਿਗੁਰਾਂ ਦੀ ਮੇਹਰ ਸਦਕਾ ਲਗਾਤਾਰ ਅਗੇ ਹੀ ਵਧਦੇ ਜਾਣਗੇ।
ਸ. ਪਰਮਜੀਤ ਸਿੰਘ ਸਰਨਾ ਨੇ ਸ. ਪ੍ਰਕਾਸ਼ ਸਿੰਘ ਬਾਦਲ ਪਾਸੋਂ ਪੁਛਿਆ ਕਿ ਉਨ੍ਹਾਂ ਦੇ ਇਸ਼ਾਰੇ ਤੇ ਲਾਏ ਦੋਸ਼ ਜੇ ਉਨ੍ਹਾਂ ਦੇ ਬਾਦਲਕੇ ਚੇਲੇ ਸਾਬਤ ਨਾ ਕਰ ਸਕੇ ਤਾਂ ਕੀ ਸ. ਬਾਦਲ ਤੇ ਉਨ੍ਹਾਂ ਦੇ ਚੇਲੇ-ਚਾਟੜੇ ਸਿੱਖ ਰਾਜਨੀਤੀ ਤੋਂ ਕਿਨਾਰਾ ਕਰਨ ਲਈ ਤਿਆਰ ਹੋਣਗੇ? ਇਸਦੇ ਨਾਲ ਹੀ ਸ. ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਇਹ ਫਤਵਾ ਦੇ ਦਿੱਤੇ ਜਾਣ ਤੇ ਕਿ ਅਜ ਦਾ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਰਗੇ ਕੁਰਬਾਨੀਆਂ ਕਰਨ ਵਾਲੇ ਅਕਾਲੀਆਂ ਦਾ ਨਹੀਂ ਰਹਿ ਗਿਆ ਹੋਇਆ, ਦੀ ਰੋਸ਼ਨੀ ਵਿੱਚ ਕੀ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਦਲ ਦਾ ਨਾਂ ‘ਸ਼੍ਰੋਮਣੀ ਭਾਜਪਾ ਦਲ’ ਰਖਕੇ ‘ਅਕਾਲੀ ਦਲ’ ਦੇ ਚੋਣ ਨਿਸ਼ਾਨ ਦੀ ਬਜਾਏ ਭਾਜਪਾ ਦੇ ਚੋਣ ਨਿਸ਼ਾਨ ਤੇ ਹੀ ਚੋਣ ਲੜਿਆ ਕਰਨਗੇ? ਸ. ਸਰਨਾ ਨੇ ਹੋਰ ਪੁਛਿਆ ਕਿ ਕੀ ਸ. ਪ੍ਰਕਾਸ਼ ਸਿੰਘ ਬਾਦਲ, ਗਿਆਨੀ ਗੁਰਬਚਨ ਸਿੰਘ ਵਲੋਂ ਦਿੱਤੀ ਗਈ ਉਸ ਹਿਦਾਇਤ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਜਿਨ੍ਹਾਂ ਮੈਂਬਰਾਂ ਦੇ ਪਰਿਵਾਰਾਂ ਵਿੱਚ ਸਿੱਖੀ ਸਰੂਪ ਨਹੀਂ ਉਹ ਆਪਣੇ ਆਪ ਮੈਂਬਰੀ ਛੱਡ ਦੇਣ, ਪੁਰ ਅਮਲ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਆਪਣੇ ਦਲ ਦੇ ਮੈਂਬਰਾਂ ਨੂੰ ਕਹਿਣ ਦਾ ਸਾਹਸ ਕਰਨਗੇ?