ਫਤਿਹਗੜ੍ਹ ਸਾਹਿਬ :- “ਗੁਰਦੁਆਰਾ ਚੋਣ ਕਮਿਸ਼ਨਰ ਸ਼੍ਰੀ ਐਚ.ਐਸ. ਬਰਾੜ ਵੱਲੋ ਬੀਤੇ ਸਮੇ ਵਿੱਚ ਹੋਈਆਂ ਗੁਰਦੁਆਰਾ ਚੋਣਾਂ ਸਮੇ ਅਤਿ ਕਮਜ਼ੋਰ ਅਤੇ ਦੋਸ਼ਪੂਰਨ ਪ੍ਰਬੰਧ ਦੁਆਰਾ, ਗੈਰ ਸਿੱਖਾਂ ਦੀਆਂ ਜਾਅਲੀ ਵੋਟਾਂ ਜਬਰੀ ਪੁਆ ਕੇ ਹੋਂਦ ਵਿੱਚ ਆਏ ਨਵੇ ਐਸ ਜੀ ਪੀ ਸੀ ਮੈਬਰਾਂ ਦੇ ਹਾਊਸ ਨੂੰ ਸੁਪਰੀਮ ਕੋਰਟ ਦੁਆਰਾ ਅਗਲੇਰਾ ਕੰਮ ਚਲਾਉਣ ਲਈ ਕੀਤੇ ਗਏ ਨਿਰਦੇਸ਼ਾਂ ਉਤੇ ਸ: ਹਰਵਿੰਦਰ ਸਿੰਘ ਫੂਲਕਾ ਐਡਵੋਕੇਟ ਅਤੇ ਦਲ ਖਾਲਸਾ ਦੀ ਜਥੇਬੰਦੀ ਵੱਲੋ ਕਿਸ ਖੁਸ਼ੀ ਅਤੇ ਦਲੀਲ ਨਾਲ ਸਵਾਗਤ ਕੀਤਾ ਜਾ ਰਿਹਾ ਹੈ?”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਤਰੀਕੇ 18 ਸਤੰਬਰ ਨੂੰ ਹੋਈਆਂ ਵੋਟਾਂ ਦੇ ਢੰਗ ਤਰੀਕਿਆਂ ਅਤੇ ਪੰਜਾਬ ਦੀ ਬਹੁਤੀ ਅਫਸਰਸ਼ਾਹੀ ਵੱਲੋ ਪੱਖਪਾਤੀ ਭੂਮਿਕਾ ਨਿਭਾ ਕੇ ਬਾਦਲ ਦਲੀਆਂ ਦਾ ਕਬਜ਼ਾ ਕਰਵਾ ਕਰਵਾਉਣ ਦੀ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਜਦੋ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਗੈਰ ਸਿੱਖਾਂ ਦੀਆਂ ਵੋਟਾਂ ਗੁਰਦੁਆਰਾ ਚੋਣਾਂ ਵਿੱਚ ਪੈਣਾ ਸਿੱਖ ਮਜ਼੍ਹਬ ਦੇ ਖਿਲਾਫ਼ ਹੈ ਤਾਂ ਬਾਦਲ ਹਕੂਮਤ ਅਤੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਇਹ ਗੈਰ ਕਾਨੂੰਨੀ ਤਰੀਕੇ ਵੋਟਾਂ ਕਿਉਂ ਪੁਆਈਆਂ? ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ: ਹਰਵਿੰਦਰ ਸਿੰਘ ਫੂਲਕਾ ਐਡਵੋਕੇਟ ਨੇ ਵੋਟਾਂ ਪੈਣ ਤੋ ਪਹਿਲੇ ਜਨਤਕ ਤੌਰ ‘ਤੇ ਕਿਹਾ ਸੀ ਕਿ ਇਨ੍ਹਾ ਚੋਣਾਂ ਵਿੱਚ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤਾਂ ਅਤੇ ਧਨ-ਦੌਲਤਾਂ ਦੀ ਵਰਤੋ ਕਰਨ ਵਾਲਿਆ ਵਿਰੁੱਧ ਜ਼ੋਰਦਾਰ ਕਾਰਵਾਈ ਕੀਤੀ ਜਾਵੇਗੀ। ਪਰ ਇਨ੍ਹਾ ਚੋਣਾਂ ਵਿੱਚ ਸ਼ਰਾਬ, ਅਫੀਮ, ਭੁੱਕੀ ਅਤੇ ਧਨ ਦੌਲਤਾਂ ਦੀ ਖੁੱਲ੍ਹੇਆਮ ਵਰਤੋ ਹੋਈ ਅਤੇ ਸ: ਫੂਲਕਾ ਅਤੇ ਦਲ ਖਾਲਸਾ ਇੱਕ ਮੂਕ ਦਰਸ਼ਕ ਬਣ ਕੇ ਇਹ ਸਭ ਗੈਰ ਨਿਯਮੀਆਂ ਵੇਖਦੇ ਰਹੇ। ਇਨ੍ਹਾ ਨੇ ਇਸਦੀ ਕੋਈ ਵਿਰੋਧਤਾ ਨਾ ਕੀਤੀ। ਦੂਸਰੇ ਪਾਸੇ ਪੰਥਕ ਮੋਰਚੇ ਵਿੱਚ ਵਿਚਰਨ ਵਾਲੇ ਗਰੁੱਪ ਜੋ ਕਿ ਅਸਲੀਅਤ ਵਿੱਚ ਕਾਂਗਰਸ ਦੀ ਹੀ ਬੀ ਟੀਮ ਹਨ, ਉਨ੍ਹਾ ਨੇ ਵੀ ਗੁਰਦੁਆਰਾ ਚੋਣਾਂ ਵਿੱਚ ਹੋਈਆਂ ਧਾਂਦਲੀਆਂ, ਬੂਥਾਂ ਉੱਤੇ ਕੀਤੇ ਗਏ ਕਬਜ਼ੇ ਅਤੇ ਜਾਅਲੀ ਵੋਟਾਂ ਬਣਨ ਦੀ ਪ੍ਰਕ੍ਰਿਆ ਉੱਤੇ ਕੋਈ ਇਤਰਾਜ਼ ਨਾ ਕੀਤਾ। ਜਿਸ ਤੋ ਇਹ ਸਾਬਿਤ ਹੋ ਜਾਂਦਾ ਹੈ ਕਿ ਦਮਦਮੀ ਟਕਸਾਲ, ਸੰਤ ਸਮਾਜ, ਪੰਥਕ ਮੋਰਚਾ, ਸਰਨਾ ਗਰੁੱਪ ਆਦਿ ਸਭ ਕਾਂਗਰਸ ਦੀ ਸਿੱਖ ਮਾਰੂ ਸੋਚ ਉੱਤੇ ਅਮਲ ਕਰ ਰਹੇ ਹਨ। ਜਦੋ ਕਿ ਬਾਦਲ ਦਲ ਸਿੱਖ ਵਿਰੋਧੀ ਜਮਾਤ ਬੀਜੇਪੀ ਦੇ ਪੰਜਾਬ ਅਤੇ ਸਿੱਖ ਵਿਰੋਧੀ ਅਮਲਾਂ ਉੱਤੇ ਕੰਮ ਕਰ ਰਿਹਾ ਹੈ।
ਉਨ੍ਹਾ ਕਿਹਾ ਕਿ ਇਹ ਵੀ ਬਹੁਤ ਦੁੱਖਦਾਇਕ ਵਰਤਾਰਾ ਹੈ ਕਿ ਜਦੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੇ ਸਮੇ ‘ਤੇ ਗੁਰਦੁਆਰਾ ਚੋਣਾਂ ਦੌਰਾਨ ਅਤੇ ਚੋਣਾਂ ਤੋ ਪਹਿਲਾ ਹੋਣ ਵਾਲੀਆਂ ਗੈਰ ਕਾਨੂੰਨੀ ਕਾਰਵਾਈਆਂ ਨੂੰ ਗੁਰਦੁਆਰਾ ਚੋਣ ਕਮਿਸ਼ਨ ਦੇ ਧਿਆਨ ਹਿੱਤ ਨਿਰੰਤਰ ਲਿਆਉਦਾ ਰਿਹਾ, ਲੇਕਿਨ ਗੁਰਦੁਆਰਾ ਚੋਣ ਕਮਿਸ਼ਨ ਨੇ ਸਾਡੀ ਕਿਸੇ ਵੀ ਸ਼ਿਕਾਇਤ ‘ਤੇ ਅਮਲੀ ਕਾਰਵਾਈ ਨਾ ਕਰਕੇ ਹਕੂਮਤ ਬਾਦਲ ਦਲੀਆ ਦਾ ਹੀ ਪੱਖ ਪੂਰਿਆ। ਜੋ ਗੁਰਦੁਆਰਾ ਪ੍ਰਬੰਧਾਂ ਵਿੱਚ ਆਈਆਂ ਤਰੁੱਟੀਆਂ ਅਤੇ ਖਾਮੀਆਂ ਨੂੰ ਦੂਰ ਕਰਨ ਦੀ ਬਜਾਏ ਵਧਾਉਣ ਵਿੱਚ ਹੀ ਸਹਾਈ ਹੋਇਆ ਹੈ। ਅਜਿਹੀਆਂ ਬੋਗਸ ਚੋਣਾਂ ਅਤੇ ਗੈਰ ਇਖਲਾਕੀ, ਗੈਰ ਕਾਨੂੰਨੀ ਕਾਰਵਾਈਆਂ ਦੀ ਪੱਖ ਪੂਰਨ ਵਾਲੀ ਅਫਸਰਸ਼ਾਹੀ ਨੂੰ ਸਿੱਖ ਕੌਮ ਕਿਵੇ ਪ੍ਰਵਾਨ ਕਰ ਸਕਦੀ ਹੈ। ਉਨ੍ਹਾ ਸਮੁੱਚੀ ਸਿੱਖ ਕੌਮ ਅਤੇ ਸਮਾਜ ਵਿੱਚ ਵਿਚਰਨ ਵਾਲੇ ਉਸਾਰੂ ਗੱਲਾਂ ਦੇ ਹਾਮੀ ਲਿਆਕਤਮੰਦਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਹੁਣ ਸਾਨੂੰ ਕਿਸੇ ਤਰ੍ਹਾ ਦੀ ਗੈਰ ਇਖਲਾਕੀ, ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਕਾਰਵਾਈਆਂ ਨੂੰ ਬਿਲਕੁੱਲ ਬਰਦਾਸ਼ਿਤ ਨਹੀਂ ਕਰਨਾ ਚਾਹੀਦਾ। ਬਲਕਿ ਗੁਰੂ ਸਾਹਿਬਾਨ ਵੱਲੋ ਦਰਸਾਏ ਸੱਚ ਦੇ ਰਾਹ ‘ਤੇ ਚੱਲਦੇ ਹੋਏ ਹਰ ਤਰ੍ਹਾ ਦੀ ਬੇਇਨਸਾਫ਼ੀ, ਜ਼ਬਰ ਜੁਲਮ ਵਿਰੁੱਧ ਬਿਨ੍ਹਾ ਕਿਸੇ ਡਰ ਭੈ ਤੋ ਆਵਾਜ਼ ਬੁਲੰਦ ਕਰਨੀ ਬਣਦੀ ਹੈ ਤਾਂ ਕਿ ਅਸੀਂ ਸਿੱਖ ਕੌਮ ਦੀ ਆਵਾਜ਼ ਨੂੰ ਦੁਨੀਆ ਦੇ ਹਰ ਕੋਨੇ ਅਤੇ ਹਰ ਕੌਮ ਵਿੱਚ ਪਹੁੰਚਾ ਸਕੀਏ ਅਤੇ ਸਿੱਖ ਕੌਮ ਆਪਣੇ ਸਿਧਾਂਤਾ ਉੱਤੇ ਅਧਾਰਿਤ ਬੇਗਮਪੁਰਾ, ਹਲੇਮੀ ਰਾਜ ਦੀ ਸਥਾਪਨਾ ਕਰ ਸਕੇ।