ਲੁਧਿਆਣਾ:-ਕੁਲ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਖੇਡਾਂ ਦੇ ਮੁਕਾਬਲੇ ਮਹਾਂਰਾਸ਼ਟਰਾ ਦੀ ਡਾ: ਪੰਜਾਬ ਰਾਓ ਦੇਸ਼ਮੁਖ ਕ੍ਰਿਸ਼ੀ ਵਿੱਦਿਆ ਪੀਠ, ਅਕੋਲਾ ਵਿਖੇ 16 ਫਰਵਰੀ ਤੋਂ 19 ਫਰਵਰੀ ਦੌਰਾਨ ਆਯੋਜਿਤ ਕੀਤੇ ਗਏ । ਇਨ੍ਹਾਂ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ 40 ਵਿਦਿਆਰਥੀਆਂ ਅਤੇ ਚਾਰ ਅਧਿਕਾਰੀਆਂ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਵਾਰ ਓਵਰਆਲ ਟਰਾਫੀ ਜਿੱਤ ਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਹੈਟਟ੍ਰਿਕ ਕਾਇਮ ਕੀਤੀ ਹੈ। ਇਸ ਵਾਰ ਯੂਨੀਵਰਸਿਟੀ ਨੇ ਇਨ੍ਹਾਂ ਮੁਕਾਬਲਿਆਂ ਦੌਰਾਨ 8 ਸੋਨ ਤਗਮੇ ਅਤੇ ਇਕ-ਇਕ ਚਾਂਦੀ ਤੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਯੂਨੀਵਰਸਿਟੀ ਦੀ ਲੜਕਿਆਂ ਦੀ ਐਥਲੈਟਿਕ ਟੀਮ ਓਵਰਆਲ ਚੈਂਪੀਅਨ ਰਹੀ ਜਿਸ ਨੇ ਚਾਰ ਸੋਨੇ ਦੇ , ਇਕ ਚਾਂਦੀ ਦਾ ਅਤੇ ਇਕ ਕਾਂਸੀ ਦਾ ਤਗਮਾ ਹਾਸਿਲ ਕੀਤਾ। ਯੂਨੀਵਰਸਿਟੀ ਦੀ ਲੜਕਿਆਂ ਦੀ ਬਾਸਕਟਬਾਲ ਅਤੇ ਬੈਡਮਿੰਟਨ ਦੀ ਟੀਮ ਨੇ ਵੀ ਸੋਨ ਤਗਮਾ ਹਾਸਿਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੀ ਬੈਡਮਿੰਟਨ ਟੀਮ ਅਤੇ ਟੇਬਲ ਟੈਨਿਸ ਟੀਮ ਨੇ ਸੋਨ ਤਗਮਾ ਹਾਸਿਲ ਕੀਤਾ। ਪੀ ਏ ਯੂ ਨੂੰ ਇਹ ਸਨਮਾਨ ਦਿਵਾਉਣ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਅਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ।
ਪੀ ਏ ਯੂ ਨੇ ਕੁਲ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਖੇਡਾਂ ਦੇ ਮੁਕਾਬਲੇ ਵਿੱਚ ਓਵਰਆਲ ਟਰਾਫੀ ਜਿੱਤ ਕੇ ਹੈਟਟ੍ਰਿਕ ਬਣਾਈ
This entry was posted in ਖੇਡਾਂ.