ਸਿਡਨੀ- ਸੀਬੀ ਸੀਰੀਜ਼ ਦੇ 10ਵੇਂ ਮੈਚ ਵਿਚ ਆਸਟ੍ਰੇਲੀਆਈ ਟੀਮ ਨੇ ਭਾਰਤੀ ਟੀਮ ਨੂੰ 87 ਦੌੜਾਂ ਨਾਲ ਹਰਾਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਆਸਟ੍ਰੇਲੀਆਈ ਟੀਮ ਵਲੋਂ 9 ਵਿਕਟਾਂ ਗੁਆਕੇ 252 ਦੌੜਾਂ ਬਣਾਈਆਂ ਗਈਆਂ। ਇਸਦੇ ਮੁਕਾਬਲੇ ਭਾਰਤੀ ਕ੍ਰਿਕਟ ਟੀਮ 39.3 ਓਵਰਾਂ ਵਿਚ 165 ਦੌੜਾਂ ਬਣਾਕੇ ਆਊਟ ਹੋ ਗਈ।
ਬੱਲੇਬਾਜ਼ੀ ਕਰਨ ਲਈ ਉਤਰੀ ਭਾਰਤੀ ਟੀਮ ਦੇ ਕਿਸੇ ਵੀ ਖਿਡਾਰੀ ਵਲੋਂ ਚੰਗੀ ਖੇਡ ਨਾ ਵਿਖਾਏ ਜਾਣ ਕਰਕੇ ਵਿਕਟਾਂ ਡਿੱਗਣ ਦਾ ਸਿਲਸਿਲਾ ਬਰਕਰਾਰ ਰਿਹਾ।
ਆਸਟ੍ਰੇਲੀਆਈ ਟੀਮ ਵਲੋਂ ਦਿੱਤੇ ਗਏ 253 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਉਤਰੀ ਭਾਰਤੀ ਟੀਮ ਸਿਰਫ਼ 39.3 ਓਵਰਾਂ ਵਿਚ 165 ਦੌੜਾਂ ਦਾ ਮਾਮੂਲੀ ਜਿਹਾ ਸਕੋਰ ਬਣਾਕੇ ਹੀ ਆਲ ਆਊਟ ਹੋ ਗਈ। ਭਾਰਤੀ ਟੀਮ ਦੇ ਟਾਪ ਆਰਡਰ ਦੇ ਸਾਰੇ ਹੀ ਖਿਡਾਰੀਆਂ ਵਲੋਂ ਗਲਤ ਸ਼ਾਰਟਸ ਖੇਡੀਆਂ ਗਈਆਂ ਅਤੇ ਇਸਦੇ ਸਿੱਟੇ ਵਜੋਂ ਸਾਰੇ ਹੀ ਖਿਡਾਰੀ ਵੱਡਾ ਸਕੋਰ ਬਨਾਉਣ ਵਿਚ ਨਾਕਾਮ ਰਹੇ। ਅਸ਼ਵਿਨ ਨੇ ਸਭ ਤੋਂ ਵੱਧ 26 ਦੌੜਾਂ ਬਣਾਈਆਂ। ਇਰਫਾਨ ਪਠਾਨ ਨੇ 22, ਅਤੇ ਗੰਭੀਰ ਨੇ 23 ਦੌੜਾਂ ਬਣਾਈਆਂ। ਆਸਟ੍ਰੇਲੀਆਈ ਗੇਂਦਬਾਜ਼ਾਂ ਵਲੋਂ ਹਿਲਫੇਨਹਾਸ, ਵਾਟਸਨ ਅਤੇ ਡੋਹਰਟੀ ਨੇ 2-2 ਵਿਕਟਾਂ ਝਾੜੀਆਂ। ਇਸ ਵੱਡੇ ਫਰਕ ਨਾਲ ਹਰਾਉਣ ਕਰਕੇ ਆਸਟ੍ਰੇਲੀਆਈ ਟੀਮ ਨੂੰ ਇਕ ਬੋਨਸ ਅੰਕ ਵੀ ਮਿਲਿਆ। ਇਸ ਹਾਰ ਤੋਂ ਬਾਅਦ ਭਾਰਤੀ ਟੀਮ ਵਲੋਂ ਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨਾ-ਮਾਤਰ ਹੀ ਰਹਿ ਗਈਆਂ ਹਨ।
ਇਸ ਮੈਚ ਵਿਚ ਕਲਾਰਕ ਦੇ ਨਾ ਖੇਡਣ ਕਰਕੇ ਟੀਮ ਦੀ ਕਪਤਾਨੀ ਸ਼ੇਨ ਵਾਟਸਨ ਨੇ ਕੀਤੀ।