ਇਸਲਾਮਾਬਾਦ-ਪਾਕਿਸਤਾਨੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਵਿਦੇਸ਼ੀ ਦਬਾਅ ਦੇ ਬਾਵਜੂਦ ਵੀ ਈਰਾਨ ਗੈਸ ਲਾਈਨ ਪ੍ਰਾਜੈਕਟ ਜਾਰੀ ਰਹੇਗਾ। ਰੱਬਾਨੀ ਨੇ ਕਿਹਾ ਕਿ ਪਾਕਿਸਤਾਨ ਚਾਹੁੰਦਾ ਹੈ ਕਿ ਅਮਰੀਕਾ ਨਾਲ ਉਨ੍ਹਾਂ ਦੇ ਸਬੰਧ ਇਕ ਦੂਜੇ ਦੇ ਸਨਮਾਨ ‘ਤੇ ਅਧਾਰਤ ਹੋਣ।
ਇਥੇ ਇਹ ਵੀ ਵਰਣਨਯੋਗ ਹੈ ਕਿ ਪਾਕਿਸਤਾਨੀ ਵਿਦੇਸ਼ ਮੰਤਰੀ ਦਾ ਇਹ ਬਿਆਨ ਅਮਰੀਕੀ ਵਿਦੇਸ਼ ਸਕੱਤਰ ਹਿਲੇਰੀ ਕਲਿੰਟਨ ਵਲੋਂ ਦਿੱਤੇ ਗਏ ਬਿਆਨ ਤੋਂ ਇਕਦਮ ਬਾਅਦ ਆਇਆ ਹੈ। ਇਸ ਵਿਚ ਕਿਹਾ ਗਿਆ ਸੀ ਕਿ ਈਰਾਨ-ਪਾਕਿਸਤਾਨ ਗੈਸ ਪ੍ਰਾਜੈਕਟ ਕਰਕੇ ਅਮਰੀਕਾ ਵਲੋਂ ਪਾਕਿਸਤਾਨ ‘ਤੇ ਪਾਬੰਦੀ ਲਾਈ ਜਾ ਸਕਦੀ ਹੈ।
ਪਾਕਿਸਤਾਨ ਅਤੇ ਅਮਰੀਕਾ ਵਿਚਕਾਰ ਮੌਜੂਦਾ ਸਮੇਂ ਕਾਫੀ ਤਨਾਅ ਚਲ ਰਿਹਾ ਹੈ।
ਹਿਨਾ ਰੱਬਾਨੀ ਖਾਰ ਨੇ ਕਿਹਾ ਕਿ ਪਾਕਿਸਤਾਨ ਈਰਾਨ ਦੇ ਨਾਲ ਕੁਝ ਅਹਿਮ ਮੁੱਦਿਆਂ ‘ਤੇ ਗਲਬਾਤ ਕਰ ਰਿਹਾ ਹੈ। ਇਨ੍ਹਾਂ ਵਿਚੋਂ ਗੈਸ ਲਾਈਨ ਪ੍ਰਾਜੈਕਟ, ਬਿਜਲੀ ਪ੍ਰਾਜੈਕਟ ਅਤੇ ਦੋਵੇਂ ਦੇਸ਼ਾਂ ਵਿਚਕਾਰ ਵਪਰਾਕ ਭਾਈਵਾਲੀ ਆਦਿ ਹਨ। ਰੱਬਾਨੀ ਨੇ ਕਿਹਾ ਕਿ ਇਹ ਸਾਰੇ ਪ੍ਰਾਜੈਕਟ ਪਾਕਿਸਤਾਨ ਦੇ ਹਿਤ ਵਿਚ ਹਨ। ਇਸ ਲਈ ਇਹ ਪ੍ਰਾਜੈਕਟ ਕਿਸੇ ਵੀ ਤਰ੍ਹਾਂ ਦੇ ਬਾਹਰੀ ਦਬਾਅ ਦੇ ਬਾਵਜੂਦ ਵੀ ਜਾਰੀ ਰਹਿਣਗੇ। 7.6 ਅਰਬ ਡਾਲਰ ਦਾ ਇਹ ਗੈਸ ਲਾਈਨ ਪ੍ਰਾਜੈਕਟ ਪਾਕਿਸਤਾਨ ਦੀਆਂ ਉਰਜਾ ਯੋਜਨਾਵਾਂ ਨੂੰ ਪੂਰਿਆਂ ਕਰਨ ਲਈ ਅਹਿਮ ਮੰਨਿਆ ਜਾ ਰਿਹਾ ਹੈ।
ਅਮਰੀਕੀ ਵਿਦੇਸ਼ ਮੰਤਰੀ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਸੀ ਕਿ ਈਰਾਨ ਗੈਸ ਪਾਈਪ ਲਾਈਨ ਕਰਕੇ ਪਾਕਿਸਤਾਨ ‘ਤੇ ਪਾਬੰਦੀ ਲਾਈ ਜਾ ਸਕਦੀ ਹੈ। ਜਿਸ ਨਾਲ ਪਾਕਿਸਤਾਨੀ ਅਰਥ ਵਿਵਸਥਾ ‘ਤੇ ਬੁਰਾ ਅਸਰ ਪਵੇਗਾ।