ਨਵੀਂ ਦਿੱਲੀ-ਭਾਰਤ ਵਿਚ ਸ਼ਰਾਬ ਪੀਕੇ ਗੱਡੀ ਚਲਾਉਣ ‘ਤੇ ਦੋ ਹਜ਼ਾਰ ਤੋਂ ਦੱਸ ਹਜ਼ਾਰ ਤੱਕ ਜ਼ੁਰਮਾਨਾ ਅਤੇ ਛੇ ਮਹੀਨਿਆਂ ਤੋਂ ਚਾਰ ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਲਾਪਰਵਾਹੀ ਨਾਲ ਗੱਡੀ ਚਲਾਉਂਦਿਆਂ ਕਿਸੇ ਨੂੰ ਨੁਕਸਾਨ ਪਹੁੰਚਾਉਣ ‘ਤੇ ਹੁਣ ਭਾਰਤ ਸਰਕਾਰ ਨੇ ਸਖ਼ਤ ਸਜ਼ਾ ਅਤੇ ਜੁਰਮਾਨੇ ਦਾ ਬਿੱਲ ਪਾਸ ਕੀਤਾ ਹੈ।
ਕੇਂਦਰੀ ਮੰਤਰੀ ਮੰਡਲ ਨੇ ਮੋਟਰ ਵਹੀਕਲਜ਼ ਐਕਟ ਵਿਚ ਕਈ ਤਰਮੀਮਾਂ ਕਰਕੇ ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਅਤੇ ਟ੍ਰੈਫਿਕ ਨਿਅਮਾਂ ਨੂੰ ਤੋੜਣ ਵਾਲਿਆਂ ਲਈ ਵਧੇਰੇ ਜ਼ੁਰਮਾਨਾ ਤੈਅ ਕੀਤਾ ਹੈ। ਦਿੱਲੀ ਟ੍ਰੈਫਿਕ ਵਿਭਾਗ ਦੇ ਸੰਯੁਕਤ ਕਮਿਸ਼ਨਰ ਅਨੁਸਾਰ ਇਹ ਸੋਧਾਂ ਵਾਹਨ ਚਾਲਕਾਂ ਨੂੰ ਨਿਅਮ ਤੋੜਣ ਤੋਂ ਰੋਕਣ ਲਈ ਪ੍ਰੇਰਿਤ ਕਰਨਗੀਆਂ।
ਇਨ੍ਹਾਂ ਵਿਚ ਖਤਰਨਾਕ ਢੰਗ ਨਾਲ ਗੱਡੀ ਚਲਾਉਣ, ਸੀਟ ਬੈਲਟ ਨਾ ਲਾਉਣ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ, ਸਕੂਟਰ ਜਾਂ ਮੋਟਰ ਸਾਈਕਲ ਦੀ ਸਵਾਰੀ ਕਰਦੇ ਸਮੇਂ ਹੈਲਮੈਟ ਨਾ ਪਹਿਨਣ ਦਾ ਜੁਰਮਾਨਾ ਵਧਾ ਦਿੱਤਾ ਗਿਆ ਹੈ। ਦੁਰਘਟਨਾ ਵਿਚ ਮੌਤ ਹੋ ਜਾਣ ਦੀ ਹਾਲਤ ਵਿਚ ਮੁਆਵਜ਼ੇ ਦੀ ਰਕਮ ਨੂੰ ਚਾਰ ਗੁਣਾ ਤੱਕ ਵਧਾ ਦਿੱਤਾ ਗਿਆ ਹੈ। ਇਹ ਬਿੱਲ ਸੰਸਦ ਦੇ ਅਗਲੇ ਸੈਸ਼ਨ ਵਿਚ ਤਰਮੀਮ ਵਜੋਂ ਲਿਆਂਦੇ ਜਾਣ ਦੀ ਉਮੀਦ ਹੈ।