ਖੰਨਾ – ਮਲੇਰਕੋਟਲਾ ਰੋਡ ’ਤੇ ਪੈਂਦੇ ਪਿੰਡ ਇਕੋਲਾਹਾ ਵਿਖੇ ‘ਕ੍ਰਾਂਤੀ ਭਵਨ’ ਵਿਖੇ ਹਿੰਦੋਸਤਾਨ ਨੈਸ਼ਨਲ ਪਾਰਟੀ ਆਫ਼ ਇੰਡੀਆ (ਐਚ. ਐਨ. ਪੀ.) ਦੀ ਇੱਕ ਵਿਸ਼ੇਸ਼ ਮੀਟਿੰਗ ਪਾਰਟੀ ਦੇ ਕੌਮੀ ਪ੍ਰਧਾਨ ਸ੍ਰ. ਕਰਨੈਲ ਸਿੰਘ ਇਕੋਲਾਹਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਾਰਟੀ ਵੱਲੋਂ 9 ਮਾਰਚ ਤੋਂ ਲੈ ਕੇ 23 ਮਾਰਚ ਤੱਕ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ 81 ਵੇਂ ਬਲਿਦਾਨ ਦਿਵਸ ਦੇ ਸਬੰਧ ਵਿੱਚ ਇਲਾਕੇ ਦੇ 81 ਪਿੰਡ ਵਿੱਚ ਵਿਸ਼ਾਲ ‘ਕ੍ਰਾਂਤੀ ਮਾਰਚ’ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਸ ‘ਕ੍ਰਾਤੀ ਮਾਰਚ’ ਵਿੱਚ ਨੌਜਵਾਨ ਵਰਗ ਨੂੰ ਜਾਗ੍ਰਿਤ ਕਰਨ ਲਈ ਲਿਟਰੇਚਰ ਵੀ ਵੰਡਿਆ ਜਾਵੇਗਾ ਅਤੇ ਘਰ-ਘਰ ਤੱਕ ਸ਼ਹੀਦਾਂ ਦਾ ਪੈਗਾਮ ਪੁਹੰਚਾਇਆ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਇਕੋਲਾਹਾ ਨੇ ਕਿਹਾ ਕਿ ਅਮਰ ਸ਼ਹੀਦ ਭਗਤ ਸਿੰਘ ਜੀ ਦੀ ਵਿਚਾਰਧਾਰਾ ਵਾਲਾ ਸਮਾਜ ਸਿਰਜਣ ਲਈ ਹਿੰਦੋਸਤਾਨ ਨੈਸ਼ਨਲ ਪਾਰਟੀ ਆਫ਼ ਇੰਡੀਆ (ਐਚ. ਐਨ. ਪੀ.) ਵੱਲੋਂ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਸ਼ਹੀਦ ਭਗਤ ਸਿੰਘ ਜੀ ਦੇ ਵਿਚਾਰਾਂ ਵਾਲੀ ਆਜ਼ਾਦੀ ਸਾਨੂੰ ਨਹੀਂ ਮਿਲੀ। ਸ਼ਹੀਦ ਭਗਤ ਸਿੰਘ ਦਾ ਨਾਅਰਾ ਸੀ ਕਿ ‘ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਬੰਦ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ’। ਉਨ੍ਹਾਂ ਕਿਹਾ ਕਿ ਸ੍ਰ. ਭਗਤ ਸਿੰਘ ਜੀ ਚਾਹੁੰਦੇ ਸਨ ਕਿ ਦੇਸ਼ ਵਿੱਚ ਕੋਈ ਵੀ ਵਿਅਕਤੀ ਗਰੀਬ ਨਾ ਹੋਵੇ, ਹਰ ਇੱਕ ਲਈ ਰੁਜ਼ਗਾਰ ਦਾ ਸਾਧਨ ਹੋਵੇ ਅਤੇ ਹਰੇਕ ਵਿਅਕਤੀ ਲਈ ਸਿਹਤ ਸਹੂਲਤਾਂ ਅਤੇ ਸਿਖਿਆ ਦਾ ਮੁਫ਼ਤ ਪ੍ਰਬੰਧ ਹੋਵੇ। ਇਸ ਤੋਂ ਇਲਾਵਾ ਦੇਸ਼ ਦਾ ਹਰੇਕ ਨਾਗਰਿਕ ਨੂੰ ਰੋਟੀ, ਕੱਪੜਾ ਅਤੇ ਮਕਾਨ ਮਿਲੇ। ਸ੍ਰੀ ਇਕੋਲਾਹਾ ਨੇ ਕਿਹਾ ਕਿ ਅੱਜ ਦੇਸ਼ ਨੂੰ ਅਜ਼ਾਦ ਹੋਇਆ ਭਾਵੇਂ ਕਿ 65 ਸਾਲ ਬੀਤ ਚੁੱਕੇ ਹਨ ਪਰ ਦੇਸ਼ ‘ਤੇ ਕਾਬਜ਼ ਸਰਕਾਰਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਅਜੇ ਵੀ ਪੂਰਨ ਤੌਰ ’ਤੇ ਪੈਦਾ ਨਹੀਂ ਕਰ ਸਕੀ, ਦਿਨ-ਬ-ਦਿਨ ਬੇਰੁਜ਼ਗਰੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਹਰ ਵਿਭਾਗ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਦੇਸ਼ ਦੀ ਅਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਅਜ਼ਾਦੀ ਘੁਲਾਟੀਆਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਦਫ਼ਤਰਾਂ ਵਿੱਚ ਰੁਲਣਾ ਪੈ ਰਿਹਾ। ਉਨ੍ਹਾਂ ਕਿਹਾ ਕਿ ਹਿੰਦੋਸਤਾਨ ਨੈਸ਼ਨਲ ਪਾਰਟੀ ਆਫ਼ ਇੰਡੀਆ (ਐਚ. ਐਨ. ਪੀ.) 09 ਮਾਰਚ ਤੋਂ ਲੈ ਕੇ 23 ਮਾਰਚ ਤੱਕ ਖੰਨਾ ਸ਼ਹਿਰ ਅਤੇ ਇਸ ਦੇ ਆਸਪਾਸ ਦੇ ਪਿੰਡਾਂ ਵਿੱਚ ਘਰ-ਘਰ ਜਾ ਕੇ ਸ਼ਹੀਦਾਂ ਦੇ ਸੰਦੇਸ਼ ਪਹੁੰਚਾਵੇਗੀ ਅਤੇ ਇਹਨਾਂ ਦਿਨਾਂ ਵਿੱਚ ਹੀ ਵੱਖ-ਵੱਖ ਪਿੰਡਾਂ ਵਿੱਚ ਇਨਕਲਾਬੀ ਨਾਟਕ ਅਤੇ ਸੈਮੀਨਾਰ ਵੀ ਕਰਵਾਏ ਜਾਣਗੇ। ਸ੍ਰੀ ਇਕੋਲਾਹਾ ਨੇ ਖੰਨਾ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਦੇ ਨੌਜਵਾਨ ਕਲੱਬਾਂ, ਸ਼ਹੀਦਾਂ ਦੀ ਵਿਚਾਰਾਂ ਦੇ ਧਾਰਨੀ ਨੌਜਵਾਨਾਂ, ਖੇਡ ਕਲੱਬਾਂ ਨੂੰ ਅਪੀਲ ਕੀਤੀ ਕਿ ਪਾਰਟੀ ਵੱਲੋਂ ਕੀਤੇ ਜਾ ਰਹੇ ‘ਕ੍ਰਾਂਤੀ ਮਾਰਚ’ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਅਸੀ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕੀਏ। ਇਸ ਮੌਕੇ ਐਡਵੋਕੇਟ ਅਸ਼ਵਨੀ ਕੁਮਾਰ ਢੰਡ, ਅਵਤਾਰ ਸਿੰਘ ਭੱਟੀਆ, ਗੁਰਮੀਤ ਸਿੰਘ ਰਸੂਲੜਾ, ਰਮੇਸ਼ ਚੰਦ ਖੱਤਰੀ, ਨਾਜ਼ਰ ਸਿੰਘ ਢਿੱਲੋਂ, ਲਖਵੀਰ ਸਿੰਘ ਲੱਖਾ, ਰਣਜੀਤ ਸਿੰਘ, ਬਿੰਦੀ ਬਾਈ ਕਲਾਲਮਾਜਰਾ, ਬੀਬੀ ਚਰਨਜੀਤ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਮਨਜੀਤ ਕੌਰ, ਬਲਵੀਰ ਸਿੰਘ, ਪਾਲ ਸਿੰਘ, ਗੁਰਵਿੰਦਰ ਸਿੰਘ, ਹੁਕਮ ਸਿੰਘ, ਪਰਮਜੀਤ ਸਿੰਘ ਖੰਨਾ, ਹਰਮੇਸ਼ ਸਿੰਘ, ਦਲਜੀਤ ਸਿੰਘ, ਸੋਨੂੰ ਮਾਛੀਵਾੜਾ, ਵਰਿੰਦਰ ਸਿੰਘ ਖੰਨਾ ਆਦਿ ਹਾਜ਼ਰ ਸਨ।