ਜੁਆਨੀ ਵਿੱਚ ਇਨਸਾਨ ਕੋਈ ਨਾ ਕੋਈ ਮਜਦੂਰੀ ਕਰਕੇ ਗੁਜ਼ਾਰਾ ਕਰ ਲੈਂਦਾ ਹੈ ਪਰ ਬੁਢੇਪਾ ਬਿਨਾਂ ਸਹਾਰੇ ਤੋਂ ਕੱਟਣਾ ਔਖਾ ਹੈ ।ਇਸ ਉਮਰ ਵਿੱਚ ਭੁੱਖੇ ਪੇਟ ਖੁੱਲੇ ਅਸਮਾਨ ਥੱਲੇ ਸੜਕਾਂ ਤੇ ਸੌਣਾ ਹੈ ਤਾਂ ਬੜਾ ਔਖਾ ਪਰ ਜੇ ਨਾ ਘਰ-ਘਾਟ ਹੋਵੇ ਨਾ ਪੱਲੇ ਪੈਸਾ-ਧੇਲਾ ਹੋਵੇ ਤਾਂ ਫਿਰ ਕਰਨੈਲ ਸਿੰਘ ਵਰਗਾ 70 ਸਾਲਾ ਬੇਸਹਾਰਾ-ਅਪਾਹਜ ਬਜ਼ੁਰਗ ਭੁੱਖੇ ਪੇਟ ਸੜਕ ਤੇ ਨਾ ਸੋਵਂੇ ਤਾਂ ਕੀ ਕਰੇ । ਕਾਫੀ ਸਮਾਂ ਪਿੰਡ ਤੁੰਗਾਹੇੜੀ (ਜ਼ਿਲਾ ਲੁਧਿਆਣਾ ) ਵਿੱਚ ਦਰਜੀ ਦਾ ਕੰਮ ਕਰਦਿਆਂ ਨਿਗ੍ਹਾ ਘਟ ਜਾਣ ਕਾਰਨ ਕੰਮ ਬੰਦ ਕਰਨਾ ਪਿਆ । ਕਰਨੈਲ ਸਿੰਘ ਕੱਦ ਦਾ ਪੌਣੇ ਪੰਜ ਫੁੱਟ, ਕਮਜ਼ੋਰ ਸਰੀਰ, ਰੀੜ੍ਹ ਦੀ ਹੱਡੀ ਵਿੱਚ ਨੁਕਸ ਪੈਣ ਕਾਰਨ ਹੋਰ ਵੀ ਕੋਈ ਕੰਮ ਨਹੀਂ ਸੀ ਕਰ ਸਕਦਾ। ਹੋਰ ਕੋਈ ਸਹਾਰਾ ਨਾ ਹੋਣ ਕਰਕੇ ਇਸ ਨੂੰ ਮਜ਼ਬੂਰੀ ਵੱਸ ਲੁਧਿਆਣਾ ਆਕੇ ਸੜਕਾਂ ਤੇ ਮੰਗਣਾ ਪਿਆ ਅਤੇ ਖੁੱਲੇ ਅਸਮਾਨ ਥੱਲੇ ਸੌਣਾ “ਗੁਰੁ ਅਮਰਦਾਸ ਅਪਾਹਜ ਆਸ਼ਰਮ” ਦੇ ਸੇਵਾਦਰ ਡਾ. ਨੌਰੰਗ ਸਿੰਘ ਮਾਂਗਟ ਨੂੰ ਜਦੋਂ ਇਸ ਸੱਜਣ ਵਾਰੇ ਕਿਸੇ ਰਿਕਸ਼ੇ ਵਾਲੇ ਨੇ ਦੱਸਿਆ ਤਾਂ ਉਸ ਹੀ ਸਮੇਂ ਕਰਨੈਲ ਸਿੰਘ ਨੂੰ ਪੱਖੋਵਾਲ ਰੋਡ ਤੋਂ ਆਸ਼ਰਮ ਦੀ ਵੈਨ ਵਿੱਚ ਬਿਠਾ ਕੇ ਹਸਪਤਾਲ ਵਿੱਚ ਚੈੱਕ ਕਰਵਾਇਆ ਅਤੇ ਫਿਰ ਸਰਾਭੇ ਆਸ਼ਰਮ ਵਿੱਚ ਪਹੁੰਚਾਇਆ । ਹੁਣ ਆਸ਼ਰਮ ਵਿੱਚ ਸੇਵਾ-ਸੰਭਾਲ, ਨਾੳ੍ਹਣ-ਧੋਣ ਅਤੇ ਮੈਡੀਕਲ ਸਹਾਇਤਾ ਸਦਕਾ ਇਸ ਦੇ ਚਿਹਰੇ ਤੇ ਕੁੱਝ ਰੌਣਕ ਆਈ ਹੈ ।
ਕਾਫੀ ਸਮਾਂ ਖੁੱਲੇ ਅਸਮਾਨ ਥੱਲੇ ਮਿੱਟੀ-ਘੱਟੇ ਵਾਲੀਆਂ ਸੜਕਾਂ ਤੇ ਸੌਣ ਤੋਂ ਬਾਅਦ ਕਰਨੈਲ ਸਿੰਘ ਨੂੰ ਆਸ਼ਰਮ ਵਿੱਚ ਪਹੁੰਚ ਕੇ ਸੋਹਣਾ ਮੰਜਾ-ਬਿਸਤਰਾ, ਰਹਿਣ ਲਈ ਸਾਫ-ਸੁਥਰੀ ਜਗਾ, ਸਾਫ-ਸੁਥਰੀਆਂ ਟਾਇਲਟ (ਟੱਟੀਆਂ) ਅਤੇ ਬਾਥਰੂਮ ਅਤੇ ਹਰਾ-ਭਰਾ ਵਾਤਾਵਰਨ ਦੇਖ ਕੇ ਬੇਹੱਦ ਖੁਸ਼ੀ ਮਹਿਸੂਸ ਹੋਈ ।
ਇਹ ਆਸ਼ਰਮ ਲੁਧਿਆਣਾ-ਸਰਾਭਾ-ਰਾਏਕੋਟ ਰੋਡ ਉੱਤੇ ਪਿੰਡ ਸਰਾਭਾ (ਜ਼ਿਲਾ ਲੁਧਿਆਣਾ) ਦੇ ਨਜਦੀਕ ਨਵਾਂ ਬਣਿਆ ਹੈ । ਇਸ ਆਸ਼ਰਮ ਦਾ ਮੰਤਵ ਬੇਸਹਾਰਾ, ਲਾਵਾਰਸਾਂ, ਦਿਮਾਗੀ ਤੌਰ ਤੇ ਬਿਮਾਰ, ਨੇਤਰਹੀਣਾਂ, ਬੋਲੇ, ਗੁੰਗੇ, ਅਪਾਹਜਾਂ, ਯਤੀਮਾਂ, ਲੋੜਵੰਦ ਬਜ਼ੁਰਗਾਂ ਆਦਿ ਨੂੰ ਆਸਰਾ ਦੇਣਾ ਅਤੇ ਉਹਨਾਂ ਦੀ ਸੇਵਾ ਸੰਭਾਲ ਕਰਨਾ ਹੈ । ਆਸ਼ਰਮ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਸਾਇੰਸਦਾਨ ਹਨ ਨੇ ਅਜਿਹੇ ਲੋੜਵੰਦਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਸ਼ਰਮ ਵਿੱਚ ਆ ਕੇ ਆਪਣੀ ਜ਼ਿੰਦਗੀ ਸੁਖਾਲੀ ਬਣਾ ਸਕਦੇ ਹਨ ।
ਇਸ ਆਸ਼ਰਮ ਵਿੱਚ ਅਜੇ ਸਿਰਫ ਮਰਦਾਂ ਦੇ ਰਹਿਣ ਦਾ ਹੀ ਪ੍ਰਬੰਧ ਹੈ । ਪਰ ਭਵਿੱਖ ਵਿੱਚ ਜਲਦੀ ਹੀ ਬੀਬੀਆਂ ਦੇਰਹਿਣ ਦਾ ਪ੍ਰਬੰਧ ਕਰਨ ਦੀ ਯੋਜਨਾ ਹੈ । ਇਹ ਸੰਸਥਾ ਸੰਗਤਾਂ ਵੱਲੋਂ ਦਿੱਤੇ ਸਹਿਯੋਗ ਨਾਲ ਹੀ ਚਲਦੀ ਹੈ। ਸੰਪਰਕ:95018-42505. Email:nsmangat14@hotmail.com, www.apahajashram.org.