ਲਿਸਟਰ ਕਬੱਡੀ ਕਲੱਬ ਨਾਲ ਹੋਇਆ ਸੀਜ਼ਨ ਖੇਡਣ ਦਾ ਕਰਾਰ
(ਵਿਸ਼ੇਸ਼ ਰਿਪੋਰਟ ਪਰਮਜੀਤ ਸਿੰਘ ਬਾਗੜੀਆ)
ਇਸ ਸਾਲ ਇੰਗਲੈਂਡ ਦੇ ਕਬੱਡੀ ਸੀਜਨ ਦੌਰਾਨ ਵਲੈਤ ਵਸਦੇ ਕਬੱਡੀ ਪ੍ਰੇਮੀਆਂ ਨੂੰ ਕਬੱਡੀ ਦੇ ਮੈਦਾਨਾਂ ਵਿਚ ਕੇਸਾਧਾਰੀ ਸਿੱਖ ਖਿਡਾਰੀਆਂ ਦੀਆਂ ਕਬੱਡੀਆਂ ਵੇਖਣ ਨੂੰ ਮਿਲਣਗੀਆਂ। ਇੰਗਲੈਂਡ ਦੀ ਯੂ. ਕੇ. ਇੰਗਲੈਂਡ ਕਬੱਡੀ ਫੈਡਰੇਸ਼ਨ ਨਾਲ ਜੁੜੀਆਂ 15 ਕਬੱਡੀ ਕਲੱਬਾਂ ਵਿਚੋਂ ਇਕ ਲਿਸਟਰ ਕਬੱਡੀ ਕਲੱਬ ਲਿਮਟਡ ਨੇ ਪੰਜਾਬ ਵਿਚ ਪੰਜਾਬ ਕਬੱਡੀ ਐਸ਼ੋਸ਼ੀਏਸ਼ਨ ਨਾਲ ਜੁੜੀ ਅਤੇ ਸ਼੍ਰੋਮਣੀ ਕਮੇਟੀ ਦੀ ਟੀਮ ਵਜੋਂ ਜਾਣੀ ਜਾਂਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਕਬੱਡੀ ਅਕੈਡਮੀ ਫਤਹਿਗੜ੍ਹ ਸਾਹਿਬ ਨਾਲ ਇੰਗਲੈਂਡ ਦੇ ਕਬੱਡੀ ਸੀਜਨ ਖੇਡਣ ਦਾ ਸਮਝੌਤਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲਿਸਟਰ ਕਬੱਡੀ ਕਲੱਬ ਦੇ ਪ੍ਰਧਾਨ ਸ. ਕੁਲਵੰਤ ਸਿੰਘ ਸੰਘਾ ਅਤੇ ਚੇਅਰਮੈਨ ਪਿਆਰਾ ਸਿੰਘ ਰੰਧਾਵਾ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਸੀਂ ਇਸ ਵਾਰ ਕੁਝ ਨਵੇਂ ਕਬੱਡੀ ਖਿਡਾਰੀਆਂ ਦੀ ਭਾਲ ਵਿਚ ਆਏ ਸੀ। ਪੰਜਾਬ ਦੇ ਟੂਰਨਾਮੈਂਟਾਂ ਵਿਚ ਜਦੋਂ ਇਸ ਸਿੰਘਾਂ ਦੀ ਟੀਮ ਨੂੰ ਖੇਡਦਿਆਂ ਵੇਖਿਆ ਤਾਂ ਗੱਲ ਦਿਲ ਲੱਗੀ ਕਿ ਇਹ ਟੀਮ ਨੂੰ ਲਿਸਟਰ ਕਲੱਬ ਵਲੋਂ ਖਿਡਾਉਣ ਦੇ ਯਤਨ ਕਰੀਏ, ਭਾਵੇਂ ਰਾਬਤਾ ਕਾਇਮ ਕਰਨ ਤੇ ਗੱਲ ਸਿਰੇ ਚੜ੍ਹਨ ਤੱਕ ਕੁਝ ਮੁਸ਼ਕਲਾਂ ਰਹੀਆਂ ਪਰ ਅੰਤ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੁਧਿਆਣਾ ਵਿਖੇ ਸਿਧਾਂਤਕ ਮਨਜੂਰੀ ਮਿਲਣ ਤੋਂ ਬਾਅਦ ਕਮੇਟੀ ਦੇ ਸੈਕਟਰੀ ਸ. ਦਿਲਮੇਘ ਸਿੰਘ ਖੱਟੜਾ ਦੇ ਗ੍ਰਹਿ ਵਿਖੇ ਇਹ ਗੱਲ ਲਿਖਤੀ ਰੂਪ ਵਿਚ ਸਿਰੇ ਚੜ੍ਹ ਗਈ। ਇੰਗਲੈਂਡ ਟੂਰ ਲਈ ਸਿੰਘਾਂ ਦੀ ਟੀਮ ਵਿਚ 8 ਖਿਡਾਰੀ ਤੇ ਇਕ ਕੋਚ ਸ਼ਾਮਿਲ ਹੈ।
ਇਥੇ ਇਹ ਵਰਨਣਯੋਗ ਹੈ ਕਿ ਬਾਕੀ ਕਲੱਬਾਂ ਵਲੋਂ ਪੰਜਾਬ ਦੀਆਂ ਵੱਖ ਵੱਖ ਫੈਡਰੇਸ਼ਨਾਂ ਅਤੇ ਅਕੈਡਮੀਆਂ ਵਿਚੋਂ ਖਿਡਾਰੀ ਲੈ ਕੇ ਟੀਮਾਂ ਬਣਾਈਆਂ ਜਾਂਦੀਆਂ ਹਨ ਪਰ ਸਿੰਘਾਂ ਦੀ ਪੂਰੀ ਦੀ ਪੂਰੀ ਟੀਮ ਲਿਜਾਣ ਦੀ ਪਹਿਲ ਅਤੇ ਸਫਲਤਾ ਸਿਰਫ ਲਿਸਟਰ ਕਬੱਡੀ ਕਲੱਬ ਦੇ ਹਿੱਸੇ ਆਈ ਹੈ। ਇਸ ਸਫਲਤਾ ਤੋਂ ਉਤਸ਼ਾਹਤ ਲਿਸਟਰ ਦੇ ਪ੍ਰਸਿੱਧ ਬਿਜਨਸਮੈਨ ਅਤੇ ਲਿਸਟਰ ਦੇ ਟੂਰਨਾਮੈਂਟ ਵਿਚ ਵੱਡਾ ਮਾਇਕ ਯੋਗਦਾਨ ਪਾਉਣ ਵਾਲੇ ਸ. ਕੁਲਵੰਤ ਸਿੰਘ ਸੰਘਾ ਪ੍ਰਧਾਨ ਲਿਸਟਰ ਕਬੱਡੀ ਕਲੱਬ ਲਿਮਟਡ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਿਰੋਲ ਸਿੱਖ ਕਬੱਡੀ ਖਿਡਾਰੀਆਂ ਦੀ ਟੀਮ ਦਾ ਵਲੈਤ ਦੇ ਮੈਦਾਨਾਂ ਵਿਚ ਖੇਡਣਾ ਇਕ ਇਤਿਹਾਸ ਬਣ ਜਾਵੇਗਾ ਅਤੇ ਕੇਸਾਧਾਰੀ ਖਿਡਾਰੀਆਂ ਦੇ ਖੇਡਣ ਨਾਲ ਨਸ਼ਿਆਂ ਤੇ ਡੋਪ ਦੇ ਦੋਸ਼ਾਂ ਵਿਚ ਘਿਰੀ ਕਬੱਡੀ ਦੇ ਦੌਰ ਵਿਚ ਇਕ ਅੱਛਾ ਸੁਨੇਹਾ ਇਹ ਜਾਵੇਗਾ ਕਿ ਨਸ਼ਿਆਂ ਤੋਂ ਬਗੈਰ ਅਤੇ ਸਿੱਖੀ ਸਰੂਪ ਵਿਚ ਰਹਿੰਦਿਆਂ ਵੀ ਕਬੱਡੀ ਖੇਡੀ ਜਾ ਸਕਦੀ ਹੈ, ਇਸ ਨਾਲ ਵਿਦੇਸ਼ਾਂ ਵਿਚ ਸਾਡੀ ਕੌਮੀ ਪਛਾਣ ਹੋਰ ਗੂੜੀ ਹੋਵੇਗੀ। ਉਨ੍ਹਾਂ ਦੱਸਿਆ ਕਿ ਟੀਮ ਵਿਚ ਕੁਲਵੰਤ ਸਿੰਘ ਕੰਤਾ ਸ਼ਿਕਾਰ ਮਾਛੀਆਂ, ਕਰਮਜੀਤ ਸਿੰਘ ਲਸਾੜਾ, ਗੁਰਪ੍ਰੀਤ ਸਿੰਘ ਗੋਪੀ ਮੰਡੀਆਂ ਅਤੇ ਜਸਪਿੰਦਰ ਸਿੰਘ ਜੱਸਾ ਚੌੜੇ ਮਧਰੇ ਬਤੌਰ ਜਾਫੀ ਅਤੇ ਗੁਰਮੀਤ ਸਿੰਘ ਮੰਡੀਆਂ, ਗੁਰਪਾਲ ਸਿੰਘ ਸੋਨੂ ਤਰਪੱਲਾ, ਸੁਖਬੀਰ ਸਿੰਘ ਸੁੱਖਾ ਅਤੇ ਬਿਕਰਮਜੀਤ ਸਿੰਘ ਜੰਗੀ ਬਤੌਰ ਧਾਵੀ ਹਨ ਨਾਲ ਮੇਜਰ ਸਿੰਘ ਸਹੇੜੀ ਟੀਮ ਕੋਚ ਹਨ। ਕਲੱਬ ਨੇ ਸਿੰਘਾਂ ਦੀ ਇਸ ਟੀਮ ਨੂੰ 20 ਲੱਖ ਰੁਪਏ ਦੀ ਰਾਸ਼ੀ ਦੇਣੀ ਤਹਿ ਕੀਤੀ ਹੈ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸੈਕਟਰੀ ਸ. ਦਿਲਮੇਘ ਸਿੰਘ ਖਟੜਾ ਨੇ ਟੀਮ ਦੇ ਲਿਸਟਰ ਕਬੱਡੀ ਪ੍ਰਮੋਰਟਰਾਂ ਨਾਲ ਹੋਏ ਕਰਾਰ ‘ਤੇ ਤਸੱਲੀ ਪ੍ਰਗਟ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸਪਾਂਸਰ ਸਾਡੀ ਇਸ ਸਿੰਘ ਦੀ ਟੀਮ ਨੇ ਇਸ ਸਾਲ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਹੁਣ ਤੱਕ ਸਭ ਤੋਂ ਵੱਧ 7 ਟੂਰਨਾਮੈਂਟ ਜਿੱਤ ਕੇ ਲੀਡ ਬਣਾਈ ਹੋਈ ਹੈ।ਇਨ੍ਹਾਂ ਵਿਚ ਸ਼ਹੀਦੀ ਜੋੜ ਮੇਲੇ ਮੌਕੇ ਹੋਏ ਫਤਹਿਗੜ੍ਹ ਸਾਹਿਬ ਜਬੱਡੀ ਕੱਪ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੋਡੇ ਕਬੱਡੀ ਕੱਪ, ਕੋਟ ਫੱਤਾ, ਮੁੱਲਾਪੁਰ, ਜਰਖੜ, ਬਠਿੰਡਾ ਅਤੇ ਟੌਹੜਾ ਦੇ ਕਬੱਡੀ ਕੱਪ ਵਿਸ਼ੇਸ਼ ਹਨ। ਇਸਤੋਂ ਪਹਿਲਾਂ ਪਿਛਲੇ ਸਾਲ ਟੋਰੰਟੋ ਦੇ ਵਰਲਡ ਕਬੱਡੀ ਕੱਪ ਵਿਚ ਵੀ ਭਾਵੇਂ ਪੂਰੀ ਟੀਮ ਨਗੀਂ ਪੁੱਜ ਸਕੀ ਸੀ ਪਰ ਇਸ ਟੀਮ ਦੇ 5 ਖਿਡਾਰੀਆਂ ਨੇ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਸੀ ਕਿ ਸੰਗਤਾਂ ਨੇ ਮੀਂਹ ਵਾਂਗ ਡਾਲਰ ਵਰ੍ਹਾਏ ਸਨ।
ਸੰਘਾ ਸਾਹਿਬ ਨੇ ਦੱਸਿਆ ਕਿ ਲਿਸਟਰ ਕਬੱਡੀ ਕਲੱਬ ਜਿਸਦੇ 50 ਮੈਂਬਰ ਹਨ ਟੀਮ ਨੂੰ ਬੇਸਬਰੀ ਨਾਲ ਉਡੀਕ ਰਹੇ ਹਨ ਅਤੇ ਇਸ ਸਾਲ ਵਲੈਤ ਦੇ ਕਬੱਡੀ ਸੀਜਨ ਦੇ ਵੱਖਰੇ ਰੰਗ ‘ਸਿੰਘਾਂ ਦੀਆਂ ਕਬੱਡੀਆਂ ਅਤੇ ਜੱਫੇ’ ਵੇਖਣ ਲਈ ਬੇਤਾਬ ਹਨ।