ਅੰਮ੍ਰਿਤਸਰ– ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦਿਆਂ ਬੇਸ਼ੱਕ ਮੇਰੀ ਜਾਨ ਚਲੇ ਜਾਏ ਲੇਕਿਨ ਗੁਰਦੁਆਰੇ ਗੁੰਡਿਆਂ, ਬਦਮਾਸ਼ਾਂ, ਲੁਟੇਰਿਆਂ ਅਤੇ ਗੁਰੂ ਦੀ ਗੋਲਕ ਚੋਰਾਂ ਦੇ ਹੱਥ ਨਹੀਂ ਜਾਣ ਦਿੱਤੇ ਜਾਣਗੇ।
ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ, ਦਿੱਲੀ ਵਿਖੇ ਬਾਦਲ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਕੀਤੇ ਪੱਥਰਾਵ ਅਤੇ ਗੁੰਡਾ ਗਰਦੀ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਕੀਤੇ। ਸ੍ਰ. ਸਰਨਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਹਤ ਸੇਵਾਵਾਂ ਦੀ ਇਕ ਮਾਹਰ ਸੰਸਥਾ ਨਾਲ ਸਹਿਯੋਗ ਕਰਦਿਆਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਬਹੁ- ਮੰਤਵੀ ਹਸਪਤਾਲ ਉਸਾਰੇ ਜਾਣ ਦਾ ਕੰਮ ਅਰੰਭਿਆ ਹੈ। ਸ੍ਰ. ਸਰਨਾ ਨੇ ਦੱਸਿਆ ਕਿ ਇਕ ਪਾਸੇ ਤਾਂ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾਨ ਚਲਾਉਣ ਲਈ ਗੁਰੂ ਦੀ ਗੋਲਕ ਵਿਚੋਂ ਮਾਇਆ ਖਰਚਦੀ ਹੈ ਲੇਕਿਨ ਦਿੱਲੀ ਕਮੇਟੀ ਨੇ ਹਸਪਤਾਲ ਚਲਾਉਣ ਵਾਲੀ ਸੰਸਥਾ ਪਾਸੋਂ 375 ਕਰੋੜ ਰੁਪਏ ਲੈਣੇ ਹਨ। ਉਹਨਾਂ ਦੱਸਿਆ ਕਿ ਇਸ ਮਾਇਆ ਨਾਲ ਵਿਦਿਅਕ ਸੰਸਥਾਨ ਅਤੇ ਬੇਹਤਰ ਸਿਹਤ ਸਹੂਲਤਾਂ ਦਿੱਲੀ ਦੀਆਂ ਸੰਗਤਾਂ ਨੂੰ ਪ੍ਰਧਾਨ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਕਿ ਹਸਪਤਾਲ ਚਲਾਉਣ ਵਾਲੀ ਸੰਸਥਾ ਨੇ ਗੁਰਮਰਿਆਦਾ ਅਨੁਸਾਰ ਕਾਰਜ਼ ਅਰੰਭ ਕਰਨਾ ਸੀ ਤਾਂ ਬਾਦਲ ਦਲ ਦੇ ਆਗੂ ਕੁਲਦੀਪ ਸਿੰਘ ਭੋਗਲ, ਦਿੱਲੀ ਦੇ ਇਕ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਆਪਣੇ ਸਾਥੀਆਂ ਸਮੇਤ ਪੁੱਜੇ ਅਤੇ ਗੁਰਦੁਆਰਾ ਸਾਹਿਬ ਉਪਰ ਸ਼ਰਾਬ ਦੀਆਂ ਬੋਤਲਾਂ, ਸੌਡੇ ਦੀਆਂ ਬੋਲਤਾਂ ਅਤੇ ਇੱਟਾਂ ਵੱਟਿਆਂ ਨਾਲ ਹਮਲਾ ਬੋਲ ਦਿੱਤਾ।
ਉਹਨਾਂ ਦੱਸਿਆ ਕਿ ਬਾਦਲ ਦਲ ਦੀ ਇਸ ਘਿਨੌਨੀ ਹਰਕਤ ਉਪਰੰਤ ਦਿੱਲੀ ਦੀਆਂ ਸਿਖ ਸੰਗਤਾਂ ਗੁਰਦੁਆਰਾ ਸਾਹਿਬ ਦੇ ਬਚਾਅ ਲਈ ਆਈਆਂ ਅਤੇ ਪੁਲਿਸ ਨੇ ਅਥਰੂ ਗੈਸ ਅਤੇ ਪਲਾਸਟਿਕ ਦੀਆਂ ਗੋਲੀਆਂ ਵਰਤਕੇ ਬਾਦਲ ਦਲ ਦੇ ਗੁੰਡਿਆਂ ਭਜਾ ਦਿੱਤ। ਇਕ ਸਵਾਲ ਦੇ ਜਵਾਬ ਵਿੱਚ ਸ੍ਰ. ਸਰਨਾ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਜਿੰਮੇਵਾਰ ਹਨ। ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਆਪਣੀ ਹਾਰ ਕਬੂਲਦਿਆਂ ਦਿੱਲੀ ਦੇ ਗੁਰਧਾਮਾਂ ਨੂੰ ਆਪਣੇ ਕਹਿਰ ਦਾ ਨਿਸ਼ਾਨਾ ਬਣਾਉਣਾ ਚਾਹਿਆ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਸ੍ਰ.ਸਰਨਾ ਨੇ ਦੱਸਿਆ ਕਿ ਬੀਤੇ ਦਿਨੀ ਦਿੱਲੀ ਦੀਆਂ ਕੰਧਾਂ ਤੇ ਬਾਦਲ ਦਲ ਨੇ ਇਸ਼ਤਿਹਾਰ ਲਗਾਏ ਸਨ ਕਿ ਉਹ ਬਾਲਾ ਸਾਹਿਬ ਦੀ ਜਮੀਨ ਇਕ ਨਿੱਜੀ ਕੰਪਨੀ ਨੂੰ ਵੇਚੇ ਜਾਣ ਬਾਰੇ 48 ਘੰਟੇ ਦੇ ਅੰਦਰ ਦਸਤਾਵੇਜ ਦਿੱਲੀ ਪੁਲਿਸ ਅਤੇ ਦਿੱਲੀ ਦੀ ਸੰਗਤ ਅੱਗੇ ਰੱਖਣਗੇ ਨਹੀਂ ਤਾਂ ਆਪਣੇ ਆਹੁਦਿਆਂ ਤੋਂ ਅਸਤੀਫੇ ਦੇ ਦੇਣਗੇ। ਸ੍ਰ. ਸਰਨਾ ਨੇ ਕਿਹਾ ਕਿ ਹੁਣ 60 ਘੰਟੇ ਬੀਤ ਗਏ ਹਨ ਲੇਕਿਨ ਬਾਦਲ ਦਲ ਦੇ ਬੇਸ਼ਰਮ ਆਹੁਦੇਦਾਰਾਂ ਨੇ ਨਾ ਤਾਂ ਕੋਈ ਦਸਤਾਵੇਜ ਪੇਸ਼ ਕੀਤਾ ਹੈ ਅਤੇ ਨਾ ਹੀ ਅਹੁਦਿਆਂ ਤੋਂ ਅਸਤੀਫੇ ਦਿੱਤੇ ਹਨ।
ਅੰਮ੍ਰਿਤਸਰ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਉਸਾਰੇ ਜਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਨਿਵਾਸ ਬਾਰੇ ਜਾਣਕਾਰੀ ਦਿੰਦਿਆਂ ਸ੍ਰ. ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ 92 ਕਮਰਿਆਂ ਵਾਲੀ ਵਿਸ਼ਾਲ ਅਤੇ ਹਵਾਦਾਰ ਇਸ ਸਰਾਂ ਵਿੱਚ 45 ਕਮਰੇ ਵਾਤਾਅਨੁਕੂਲ ਹੋਣਗੇ ਅਤੇ ਇਸ ਸਰਾਂ ਦੇ ਰੱਖ ਰਖਾਵ ਲਈ ਵੀ ਮਾਹਿਰਾਂ ਦੀਆਂ ਸੇਵਾਵਾਂ ਲਈ ਜਾਣਗੀਆਂ। ਉਹਨਾਂ ਦੱਸਿਆ ਕਿ ਯਾਤਰੂਆਂ ਨੂੰ ਸਟੇਸ਼ਨ, ਹਵਾਈ ਅੱਡੇ ਤੋਂ ਸਰਾਂ ਤੱਕ ਲਿਜਾਣ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਕਮੇਟੀ ਆਪਣੇ ਤੌਰ ਤੇ ਮਿੰਨੀ ਬੱਸ, ਵੈਨ ਜਾਂ ਕਾਰਾਂ ਚਲਾਏਗੀ। ਉਹਨਾਂ ਦੱਸਿਆ ਕਿ ਇਸ ਸਰਾਂ ਦਾ 95 ਫੀਸਦੀ ਕੰਮ ਹੋ ਚੁੱਕਾ ਹੈ ਇਸ ਦਾ ਉਦਘਾਟਨ 25 ਮਾਰਚ ਦੇ ਕਰੀਬ ਹੋ ਜਾਏਗਾ। ਇਸ ਮੌਕੇ ਸ੍ਰ. ਸਰਨਾ ਨੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ, ਸਕੱਤਰ ਕਰਤਾਰ ਸਿੰਘ ਕੋਚਰ, ਅੰਤਰਿੰਗ ਕਮੇਟੀ ਮੈਂਬਰ ਦਵਿੰਦਰ ਸਿੰਘ ਕਵਾਤਰਾ, ਸ੍ਰ. ਤਰਲੋਚਨ ਸਿੰਘ ਅਜੀਤ ਨਗਰ ਅਤੇ ਮਨਿੰਦਰ ਸਿੰਘ ਧੁੰਨਾ ਮੌਜ਼ੂਦ ਸਨ।