ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸੀ ਪਿਛਲਗ ਸਰਨਾ ਭਰਾਵਾਂ ਦੇ ਹੱਥ ਠੋਕਾ ਸ.ਮਨਜੀਤ ਸਿੰਘ ਕਲਕੱਤਾ ਦੇ ਉਸ ਬਿਆਨ ਦਾ ਸਖਤ ਨੋਟਿਸ ਲਿਆ ਜਿਸ ਵਿੱਚ ਉਸਨੇ ਗੁਰਦੁਆਰਾ ਬਾਲਾ ਸਾਹਿਬ ਤੇ ਹਮਲੇ ਦਾ ਦੋਸ਼ ਸਿੱਖ ਸੰਗਤਾਂ ਤੇ ਲਗਾਇਆ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਸਿੱਖ ਸੰਗਤ ਨੇ ਸ.ਕਲਕੱਤਾ ਦੇ ਕਾਂਗਰਸੀ ਪਿਛਲਗ ਸਰਨਾ ਭਰਾਵਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਪਦ ਤੇ ਗੁਰਦੁਆਰਾ ਸਾਹਿਬਾਨ ਦੇ ਚੰਗੇ ਪ੍ਰਬੰਧ ਲਈ ਬਠਾਇਆ ਹੋਵੇ ਅੱਜ ਉਹ ਕਾਂਗਰਸੀ ਪਿਛਲਗ ਸਿੱਖ ਸੰਗਤਾਂ ਨੂੰ ਹਮਲਾਵਰਾਂ ਦਾ ਦਰਜਾ ਦੇ ਰਹੇ ਹਨ ਜੋ ਬਹੁਤ ਹੀ ਮੰਦਭਾਗੀ ਗੱਲ ਹੈ।
ਉਹਨਾਂ ਕਿਹਾ ਕਿ ਸਿੱਖ ਸੰਗਤਾਂ ਨੇ ਤਨ-ਮਨ ਤੇ ਧੰਨ ਨਾਲ ਸੇਵਾ ਕਰਕੇ ਆਪਣੀ ਜਾਨ ਤੋਂ ਵੀ ਵੱਧ ਪਿਆਰੇ ਧਾਰਮਿਕ ਇਤਿਹਾਸਕ ਅਸਥਾਨ ਗੁਰਦੁਆਰਾ ਬਾਲਾ ਸਾਹਿਬ ਦੀ ਇਮਾਰਤ ਉਸਾਰੀ ‘ਚ ਹਿੱਸਾ ਪਾਇਆ ਹੋਵੇ ਉਹ ਸਿੱਖ ਸੰਗਤਾਂ ਹਕੀਕਤ ‘ਚ ਤਾਂ ਕੀ? ਸੁਪਨੇ ਵਿੱਚ ਵੀ ਨਹੀ ਗੁਰਦੁਆਰਾ ਸਾਹਿਬ ਤੇ ਹਮਲੇ ਬਾਰੇ ਸੋਚ ਸਕਦੀਆਂ। ਸਿੱਖ ਸੰਗਤਾਂ ਨੇ ਹਿਮਤ ਅਤੇ ਦਲੇਰੀ ਨਾਲ ਸਰਨਾ ਭਰਾਵਾਂ ਵੱਲੋਂ ਬੀ.ਪੀ.ਐਲ.(ਕਪੂਰ) ਕੰਪਨੀ ਨੂੰ ਗੁਰਦੁਆਰਾ ਸਾਹਿਬ ਦੀ ਬੇਸ਼-ਕੀਮਤੀ ਇਤਿਹਾਸਿਕ ਜਗ੍ਹਾ ਹਸਪਤਾਲ ਦੇ ਨਾਮ ਪੁਰ ਲੀਜ ਤੇ ਦੇਣ ਦਾ ਭਾਰੀ ਵਿਰੋਧ ਕੀਤਾ ਹੈ। ਮੈਨੂੰ ਨਸੀਹਤ ਦੇਣ ਦੀ ਬਜਾਏ ਆਪਣੇ ਦਿੱਲੀ ਬੈਠੇ ਕਾਂਗਰਸੀ ਪਿਛਲਗ ਸਰਨਾ ਭਰਾਵਾਂ ਦਾ ਹੱਥ ਠੋਕਾ ਸ.ਕਲਕੱਤਾ ਉਹਨਾਂ ਨੂੰ ਸਮਝਾਵੇ ਕੇ ਸੰਗਤ ਦੇ ਪੈਸੇ ਨਾਲ ਗੁਰਦੁਆਰਾ ਸਾਹਿਬਾਨ ‘ਚ ਸਿੱਖ ਸੰਗਤਾਂ ਲਈ ਰਿਹਾਇਸ਼ੀ ਸਰਾਂ ਤਾਂ ਬਣਾਈ ਜਾ ਸਕਦੀ ਹੈ ਪ੍ਰੰਤੂ ਗੈਰ ਸਿੱਖਾਂ ਨੂੰ ਗੁਰੂ ਘਰਾਂ ਦੀ ਜਾਇਦਾਦ ਲੰਬੇ ਅਰਸੇ ਲਈ ਠੇਕੇ, ਲੀਜ ਤੇ ਦੇਣਾ ਕਿਹੜੀ ਸਿੱਖ ਮਰਿਯਾਦਾ ਜਾਂ ਸੰਗਤੀ ਪ੍ਰਬੰਧ ਹੈ?
ਉਹਨਾਂ ਸਰਨਾ ਭਰਾਵਾਂ ਦੇ ਹੱਥ ਠੋਕਾ ਸ.ਕਲਕੱਤੇ ਨੂੰ ਕਿਹਾ ਕਿ ਜਿਹੜੀ ਸੰਗਤ ਇੱਕ-ਇੱਕ ਪੈਸਾ ਗੁਰੂ ਘਰਾਂ ਵਿੱਚ ਝੜਾਉਂਦੀ ਹੈ ਜੇਕਰ ਕੋਈ ਪ੍ਰਬੰਧਕ ਗੁਰੂ ਘਰਾਂ ਦੀਆਂ ਜਾਇਦਾਦਾਂ ਲੀਜ ਤੇ ਜਾਂ ਠੇਕੇਪੁਰ ਦਿੰਦੇ ਹਨ ਤਾਂ ਉਹ ਸੰਗਤ ਪ੍ਰਬੰਧਕਾਂ ਪਾਸੋਂ ਹਿਸਾਬ ਕਿਤਾਬ ਲੈਣ ਤੇ ਗੁਰੂ ਘਰ ਤੇ ਹੁੰਦੇ ਨਜਾਇਜ ਕਬਜੇ ਨੂੰ ਵੀ ਰੋਕਣ ਦੇ ਸਮਰਥ ਹਨ। ਇਸੇ ਕਰਕੇ ਦਿੱਲੀ ਦੀਆਂ ਸੂਝਵਾਨ ਸਿੱਖ ਸੰਗਤਾਂ ਨੇ ਕਾਂਗਰਸ ਦੇ ਪਿਛਲਗ ਸਰਨਾ ਭਰਾਵਾਂ ਵੱਲੋਂ ਗੁਰਦੁਆਰਾ ਬਾਲਾ ਸਾਹਿਬ ਦੀ ਜਮੀਨ ਹਸਪਤਾਲ ਦੇ ਨਾਮ ਤੇ ਗੈਰ ਸਿੱਖ ਲੋਕਾਂ ਨੂੰ ਦੇਣ ਦਾ ਭਾਰੀ ਵਿਰੋਧ ਕੀਤਾ ਹੈ।
ਪਰ ਹੈਰਾਨੀ ਦੀ ਗਲ ਹੈ ਕਿ ਕਲਕੱਤਾ ਸਿੱਖ ਸੰਗਤਾਂ ਵੱਲੋਂ ਕਾਂਗਰਸੀ ਪਿਛਲਗਾ ਸਰਨਾ ਭਰਾਵਾਂ (ਪ੍ਰਬੰਧਕਾਂ) ਖਿਲਾਫ ਕੀਤੇ ਰੋਹ ਤੇ ਰੋਸ ਨੂੰ ਗੁਰਦੁਆਰਾ ਬਾਲਾ ਸਾਹਿਬ ਉਪਰ ਹਮਲਾ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਇਹ ਹਮਲਾ ਨਹੀ ਬਲਕਿ ਸਰਨਾ ਭਰਾਵਾਂ ਵੱਲੋਂ ਗੁਰਦੁਆਰਾ ਦੀਆਂ ਜਾਇਦਾਦਾਂ ਬਹਾਨੇ ਨਾਲ ਖੁਰਦ ਬੁਰਦ ਕਰਨ ਪ੍ਰਤੀ ਵਿਰੋਧ ਹੈ।
ਉਹਨਾਂ ਕਿਹਾ ਕਿ ਸ.ਕਲਕੱਤਾ ਹੁਣ ਪੰਥਕ ਨਹੀ ਰਿਹਾ ਤੇ ਸਿੱਖ ਸੰਗਤਾਂ ਨੇ ਇਸ ਨੂੰ ਪੂਰੀ ਤਰਾਂ ਨਕਾਰ ਦਿੱਤਾ ਹੈ ਹੁਣ ਇਹ ਆਪਣੇ ਨਾਮ ਨਾਲ ਚੇਅਰਮੈਨ ਪੰਥਕ ਕੌਂਸਲ ਲਿਖਣ ਲੱਗ ਪਿਆ ਹੈ ਤੇ ਹੁਣ ਏਥੋਂ ਤੀਕ ਨੀਵਾਂ ਚਲੇ ਗਿਆ ਹੈ ਕਿ ਸਰਨਾ ਭਰਾਵਾਂ ਵੱਲੋਂ ਇਤਿਹਾਸਕ ਗੁਰਦੁਆਰਾ ਬਾਲਾ ਸਾਹਿਬ ਦੀ ਜਮੀਨ ਜਾਇਦਾਦ ਗੈਰ ਸਿੱਖਾਂ ਨੂੰ ਠੇਕੇ ਅਤੇ ਲੀਜਪੁਰ ਦੇਣ ਦਾ ਵਿਰੋਧ ਕਰਨ ਵਾਲੀ ਸਿੱਖ ਸੰਗਤ ਇਸ ਨੂੰ ਹਮਲਾਵਰ ਨਜਰ ਆਉਣ ਲੱਗ ਪਈ ਹੈ ਜੋ ਅਤਿ ਮੰਦਭਾਗੀ ਬਾਤ ਹੈ ਸ.ਕਲਕੱਤਾ ਨੂੰ ਚਾਹੀਦਾ ਹੈ ਕਿ ਜੇਕਰ ਆਪਣੇ ਨਾਮ ਨਾਲ ਪੰਥਕ ਲਿਖਣਾ ਹੀ ਹੈ ਤਾਂ ਘੱਟੋ-ਘੱਟ ਦਿੱਲੀ ਦੀਆਂ ਸਿੱਖ ਸੰਗਤਾਂ ਵੱਲੋਂ ਕੀਤੀ ਕਾਰਵਾਈ ਨੂੰ ਵੀ ਪੰਥਕ ਅੱਖ ਨਾਲ ਹੀ ਵੇਖਣ ਦੀ ਕੋਸ਼ਿਸ਼ ਕਰੇ ਤੇ ਜੇਕਰ ਅੱਖਾਂ ਰਾਹੀਂ ਠੀਕ ਤਰਾਂ ਦਿਖਾਈ ਨਹੀ ਦਿੰਦਾ ਤਾਂ ਕਿਸੇ ਮਾਹਿਰ ਡਾਕਰਟ ਪਾਸੋਂ ਅੱਖਾਂ ਚੈਕ ਕਰਵਾ ਲਵੇ ਜੇਕਰ ਸ.ਕਲਕੱਤੇ ਨੂੰ ਸਰਨਾ ਭਰਾਵਾਂ ਪ੍ਰਤੀ ਇਤਨਾ ਹੀ ਹੇਜ ਹੈ ਤਾਂ ਉਹ ਦਿੱਲੀ ਕਮੇਟੀ ਦੀਆਂ ਹੋਣ ਵਾਲੀਆਂ ਚੋਣਾ ‘ਚ ਸਰਨਾ ਭਰਾਵਾਂ ਵੱਲੋਂ ਚੋਣ ਲੜਕੇ ਵੇਖ ਲਵੇ ਰਹਿੰਦਾ ਖੂੰਦਾ ਹਿਸਾਬ ਦਿੱਲੀ ਦੀਆਂ ਸਿੱਖ ਸੰਗਤਾਂ ਆਪਣੀ ਵੋਟ ਪਰਚੀ ਤਾਕਤ ਰਾਹੀ ਕਲਕੱਤੇ ਨੂੰ ਦਿਖਾ ਦੇਣਗੀਆਂ।