ਅੰਮ੍ਰਿਤਸਰ:- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵਿਧਾਨ ਸਭਾ ਚੋਣਾਂ ‘ਚ ਸਮੁੱਚੀ ਪਾਰਟੀ ਦੀ ਜਿੱਤ ਦੇ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇ ਹੈੱਡ ਗਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਪਾਸੋਂ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਪਾਸੋਂ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਕੀਤੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਲੋਈ, ਸ਼ਾਲ, ਸਿਰੋਪਾਉ ਤੇ ਸ੍ਰੀ ਸਾਹਿਬ ਨਾਲ ਸਨਮਾਨਤ ਕੀਤਾ।
ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ.ਪ੍ਰਕਾਸ ਸਿੰਘ ਬਾਦਲ ਨੇ ਕਿਹਾ ਕਿ ਉਹ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਵਲ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਆਏ ਹਨ ਤੇ ਜਿਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਸਵਾਲ ਹੈ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੋਕਾਂ ਦੇ ਹਰ ਦੁੱਖ-ਸੁੱਖ ‘ਚ ਖੜੀ ਹੁੰਦੀ ਰਹੀ ਹੈ। ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਤੇ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਸਰਕਾਰ ਵੱਲੋਂ ਕੀਤੇ ਜਾ ਰਹੇ ਰੀਕਾਰਡ ਤੋੜ ਵਿਕਾਸ ਕਾਰਜ਼ ਕਰਕੇ ਪੰਜਾਬ ਦੀ ਜਨਤਾ ਨੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ’ਚ ਫਤਵਾ ਦਿੱਤਾ ਹੈ ਜਿਸ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਪੰਜਾਬ ਦੀ ਜਨਤਾ ਦਾ ਧੰਨਵਾਦ ਕਰ ਸਕਾਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਾਸ ਦੇ ਮੁੱਦੇ ਤੇ ਵਿਧਾਨ ਸਭਾ ਇਲੈਕਸ਼ਨ ਲੜੀ ਗਈ ਹੈ ਤੇ ਅਗੋਂ ਵੀ ਪੰਜ ਸਾਲਾਂ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਚੋਣ ਮੈਨੀਫੈਸਟੋ ’ਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।
ਇਸ ਮੌਕੇ ਮੈਂਬਰ ਪਾਰਲੀਮੈਂਟ ਸ. ਨਵਜੋਤ ਸਿੰਘ ਸਿੱਧੂ ਤੇ ਡਾ. ਰਤਨ ਸਿੰਘ ਅਜਨਾਲਾ, ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼, ਸ੍ਰੀ ਦੇਸ ਰਾਜ ਸਿੰਘ ਧੁੱਗਾ, ਬੀਬੀ ਜਾਗੀਰ ਕੌਰ, ਜਥੇ. ਬਲਜੀਤ ਸਿੰਘ ਜਲਾਲ ਉਸਮਾ, ਸ. ਬਿਕਰਮਜੀਤ ਸਿੰਘ ਮਜੀਠੀਆ, ਸ. ਮਨਪ੍ਰੀਤ ਸਿੰਘ ਇਆਲੀ, ਸ. ਵਿਰਸਾ ਸਿੰਘ ਵਲਟੋਹਾ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਰਾਮ ਸਿੰਘ, ਬੀਬੀ ਕਿਰਨਜੋਤ ਕੌਰ, ਸ. ਬਿਕਰਮਜੀਤ ਸਿੰਘ ਕੋਟਲਾ, ਜਥੇ. ਗੁਰਿੰਦਰਪਾਲ ਸਿੰਘ ਗੋਰਾ, ਸ. ਜੋਧ ਸਿੰਘ ਸਮਰਾ, ਜਥੇ. ਰਾਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ, ਜਥੇ. ਸੁਰਿੰਦਰ ਸਿੰਘ, ਜਥੇ. ਗੁਰਿੰਦਰ ਸਿੰਘ ਰਣੀਕੇ, ਜਥੇ. ਬਾਵਾ ਸਿੰਘ ਗੁਮਾਨਪੁਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ. ਸ. ਦਲਮੇਘ ਸਿੰਘ, ਐਡੀ. ਸਕੱਤਰ ਸ. ਮਨਜੀਤ ਸਿੰਘ, ਮੀਤ ਸਕੱਤਰ ਸ. ਪ੍ਰਮਜੀਤ ਸਿੰਘ ਸਰੋਆ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਛਿੰਦਰ ਸਿੰਘ ਬਰਾੜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ ਮੱਲ੍ਹੀ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਐਡੀ. ਮੈਨੇਜਰ ਸ. ਮਹਿੰਦਰ ਸਿੰਘ, ਸ. ਬਲਦੇਵ ਸਿੰਘ, ਸ. ਰਘਬੀਰ ਸਿੰਘ, ਸ. ਸਤਨਾਮ ਸਿੰਘ, ਮੀਤ ਮੈਨੇਜਰ ਸ. ਹਰਪ੍ਰੀਤ ਸਿੰਘ, ਸ੍ਰੀ ਅਜਾਇਬਘਰ ਦੇ ਕਿਉਰੇਟਰ ਸ. ਇਕਬਾਲ ਸਿੰਘ ਮੁੱਖੀ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ, ਸ. ਗੁਰਬਚਨ ਸਿੰਘ, ਸ. ਦਲਬੀਰ ਸਿੰਘ, ਸ. ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।