ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਕਾਰ ਸੇਵਾ ਦੇ ਪੁੰਜ ਮਹਾਂਪੁਰਸ਼ ਸਵਰਗੀ ਸੰਤ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਪੰਥ ਰਤਨ’ ਦਾ ਸਨਮਾਨ 20 ਮਾਰਚ ਨੂੰ ਦਿੱਤਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈੱਸ ਰਲੀਜ ’ਚ ਜਾਣਕਾਰੀ ਦੇਂਦਿਆਂ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਮਹਾਂਪੁਰਸ਼ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਦਾ ਕਾਰ ਸੇਵਾ ਦੇ ਖੇਤਰ ਵਿਚ ਮਹਾਨ ਤੇ ਨਿਵੇਕਲਾ ਅਸਥਾਨ ਹੈ ਤੇ ਮਹਾਂਪੁਰਸ਼ ਬਾਬਾ ਹਰਬੰਸ ਸਿੰਘ ਨੇ ਆਪਣੇ ਜੀਵਨ ਕਾਲ ਵਿਚ ਸੈਂਕੜੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀਆਂ ਸ਼ਾਨਦਾਰ ਇਮਾਰਤਾਂ ਕਾਰ ਸੇਵਾ ਰਾਹੀਂ ਤਿਆਰ ਕਰਵਾਈਆਂ ਹਨ ਇਥੇ ਹੀ ਬਸ ਨਹੀਂ ਮਹਾਂਪੁਰਸ਼ਾਂ ਵੱਲੋਂ ਗੁਰੂ ਘਰਾਂ ਨੂੰ ਆਉਣ ਵਾਲੀਆਂ ਸੜਕਾਂ ਨਦੀਆਂ ਉਪਰ ਪੁਲਾਂ ਦਾ ਵੀ ਨਿਰਮਾਣ ਕਰਵਾਇਆ ਹੈ। ਬਾਬਾ ਹਰਬੰਸ ਸਿੰਘ ਜੀ ਨੇ ਛੋਟੀ ਉਮਰ ਤੋਂ ਲੈ ਕੇ ਵਡੇਰੀ ਉਮਰ ਤੀਕ ਕਾਰ ਸੇਵਾ ਦੇ ਮਹਾਨ ਖੇਤਰ ’ਚ ਰਹਿ ਕੇ ਗੁਰੁ-ਘਰਾਂ ’ਚ ਮੇਨ ਦਰਬਾਰ, ਲੰਗਰ ਆਦਿ ਹਰ ਪ੍ਰਕਾਰ ਦੀ ਸੇਵਾ ਕਰਵਾਕੇ ਬਹੁਤ ਵੱਡਾ ਯੋਗਦਾਨ ਪਾਇਆ ਹੈ।
ਉਨ੍ਹਾਂ ਕਿਹਾ ਕਿ ਮਹਾਂਪੁਰਸ਼ ਬਾਬਾ ਹਰਬੰਸ ਸਿੰਘ ਜੀ ਦੀ ਅੰਤਿਮ ਅਰਦਾਸ ਮੌਕੇ 20 ਮਈ 2011 ਨੂੰ ਭਾਈ ਲਖੀਸ਼ਾਹ ਵਣਜਾਰਾ ਹਾਲ ਗੁਰਦੁਆਰਾ ਸਾਹਿਬ ਰਕਾਬ ਗੰਜ ਦਿੱਲੀ ਵਿਖੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਬਾਕੀ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨਾਲ ਸਲਾਹ ਮਸ਼ਵਰੇ ਉਪਰੰਤ ਸੰਗਤ ਦੀ ਹਾਜ਼ਰੀ ਵਿਚ ਮਹਾਂਪੁਰਸ਼ ਸੰਤ ਬਾਬਾ ਹਰਬੰਸ ਸਿੰਘ ਜੀ ਨੂੰ ‘ਪੰਥ ਰਤਨ’ ਦਾ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਮੁਤਾਬਕ 20 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਪੰਥ ਰਤਨ’ ਦਾ ਸਨਮਾਨ ਦਿੱਤਾ ਜਾਵੇਗਾ।