ਚੰਡੀਗੜ੍ਹ-ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਦੀ ਵੱਡੀ ਜਿੱਤ ਤੋਂ ਬਾਅਦ ਇਕ ਵਾਰ ਫਿਰ ਪਰਕਾਸ਼ ਸਿੰਘ ਬਾਦਲ ਨੂੰ ਹੀ ਪੰਜਾਬ ਦੀ ਵਾਗਡੋਰ ਸੰਭਾਲਣ ਦਾ ਵਿਧਾਇਕ ਦਲ ਵਲੋਂ ਮੌਕਾ ਦਿੱਤਾ ਗਿਆ ਹੈ। ਸ: ਬਾਦਲ ਅਗਲੇ ਹਫ਼ਤੇ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕੱਣਗੇ।
ਵੀਰਵਾਰ ਨੂੰ ਪੰਜਾਬ ਵਿਧਾਇਕ ਦਲ ਦੀ ਮੀਟਿੰਗ ਹੋਈ। ਇਸ ਦੌਰਾਨ ਪੰਜਾਬ ਵਿੱਚ ਮੁੱਖ ਮੰਤਰੀ ਬਣਨ ਦੇ ਸਾਰੇ ਕਿਆਸਾਂ ਨੂੰ ਖਾਰਜ ਕਰਦੇ ਹੋਏ ਅਕਾਲੀ ਦਲ ਦੇ ਵਿਧਾਇਕਾਂ ਵਲੋਂ ਸ: ਪਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਲਈ ਚੁਣਿਆ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ-ਭਾਜਪਾ ਗਠਜੋੜ ਦੇ ਮੁੱਖ ਮੰਤਰੀ ਵਜੋਂ ਸ: ਪਰਕਾਸ਼ ਸਿੰਘ ਬਾਦਲ ਦਾ ਨਾਮ ਜਾਰੀ ਰਹੇਗਾ। ਸੁਖਬੀਰ ਬਾਦਲ ਨੇ ਕਿਹਾ ਕਿ 14 ਮਾਰਚ ਨੂੰ ਸ: ਪਰਕਾਸ਼ ਸਿੰਘ ਬਾਦਲ ਨੂੰ ਮੁੱਖਮੰਤਰੀ ਵਜੋਂ ਮੋਹਾਲੀ ਜ਼ਿਲੇ ਦੇ ਚਪੱੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਥਾਨ ‘ਤੇ ਸਹੁੰ ਚੁਕਾਈ ਜਾਵੇਗੀ। ਸੁਖਬੀਰ ਬਾਦਲ ਨੇ ਪਾਰਟੀ ਦੇ ਪ੍ਰਧਾਨ ਵਜੋਂ ਅਕਾਲੀ ਦਲ ਵਲੋਂ ਇਹ ਐਲਾਨ ਕੀਤਾ।
ਸ: ਪਰਕਾਸ਼ ਸਿੰਘ ਬਾਦਲ ਇਸਤੋਂ ਪਹਿਲਾਂ 1970, 1977, 1997 ਅਤੇ 2007 ਵਿਚ ਮੁੱਖ ਮੰਤਰੀ ਰਹਿ ਚੁੱਕੇ ਹਨ। ਵਰਣਨਯੋਗ ਹੈ ਕਿ ਰਾਜਨੀਤਕ ਹਲਕਿਆਂ ਵਿਚ ਸੁਖਬੀਰ ਬਾਦਲ ਦੇ ਨਾਮ ਦੇ ਵੀ ਚਰਚੇ ਚਲ ਰਹੇ ਸਨ।