ਕੰਧਾਰ- ਅਫ਼ਗਾਨਿਸਤਾਨ ਦੇ ਕੰਧਾਰ ਸੂਬੇ ਵਿੱਚ ਐਤਵਾਰ ਦੀ ਸਵੇਰ ਨੂੰ ਇੱਕ ਅਮਰੀਕੀ ਸੈਨਿਕ ਨੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ 17 ਲੋਕਾਂ ਦੀ ਹੱਤਿਆ ਕਰ ਦਿੱਤੀ। ਅਰੋਪੀ ਸੈਨਿਕ ਨੇ ਇਹ ਵਾਰਦਾਤ ਕਰਕੇ ਆਪਣੇ ਆਪ ਨੂੰ ਅਮਰੀਕੀ ਸੈਨਾ ਦੇ ਹਵਾਲੇ ਕਰ ਦਿੱਤਾ। ਇਸ ਗੋਲੀ ਕਾਂਡ ਦਾ ਸ਼ਿਕਾਰ ਔਰਤਾਂ ਅਤੇ ਬੱਚੇ ਵੀ ਹੋਏ ਹਨ।
ਨੈਟੋ ਨੇ ਇਸ ਨੂੰ ਬਹੁਤ ਹੀ ਨਿੰਦਣਯੋਗ ਘਟਨਾ ਦਸਿਆ ਹੈ। ਨੈਟੋ ਸੈਨਾ ਨੇ ਅਜੇ ਤੱਕ ਗੋਲੀ ਚਲਾਉਣ ਵਾਲੇ ਸੈਨਿਕ ਦਾ ਨਾਂ ਨਹੀਂ ਦਸਿਆ। ਜਿਸ ਪਿੰਡ ਵਿੱਚ ਇਹ ਵਾਰਦਾਤ ਹੋਈ ਹੈ ਉਹ ਆਰਮੀ ਬੇਸ ਤੋਂ ਸਿਰਫ਼ 500 ਗਜ਼ ਦੀ ਦੂਰੀ ਤੇ ਹੈ। ਇਹ ਸੈਨਿਕ ਜੋ ਕਿ ਸਟਾਫ਼ ਸਾਰਜੰਟ ਦੇ ਅਹੁਦੇ ਤੇ ਸੀ,ਸਵੇਰ ਦੇ ਸਮੇਂ ਪਿੰਡ ਵਿਚੱ ਗਿਆ ਅਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਅੰਨ੍ਹੇਵਾਹ ਲੋਕਾਂ ਤੇ ਗੋਲੀਬਾਰੀ ਕੀਤੀ। ਮਰਨ ਵਾਲਿਆਂ ਵਿੱਚ ਬੱਚੇ ਅਤੇ ਔਰਤਾਂ ਵੀ ਹਨ। ਮਰਨ ਵਾਲਿਆਂ ਦੀ ਸੰਖਿਆ ਅਜੇ ਸਪੱਸ਼ਟ ਨਹੀਂ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਸੈਨਿਕ ਦੁਆਰਾ 50 ਲੋਕਾਂ ਦੀ ਹੱਤਿਆ ਕੀਤੀ ਗਈ ਹੈ। ਨਜੀਬਨ ਪਿੰਡ ਦੇ ਹਾਜ਼ੀ ਸਮਦ ਦਾ ਕਹਿਣਾ ਹੈ ਕਿ ਉਸ ਦੇ ਪਰੀਵਾਰ ਦੇ 11 ਲੋਕ ਇਸ ਗੋਲੀਬਾਰੀ ਦਾ ਸ਼ਿਕਾਰ ਹੋਏ ਹਨ। ਪਿੰਡ ਦੇ ਇੱਕ ਹੋਰ ਵਸਨੀਕ ਦਾ ਕਹਿਣਾ ਹੈ ਕਿ ਉਸ ਦੇ ਪਰੀਵਾਰ ਦੇ 4 ਮੈਂਬਰਾਂ ਦੀ ਗੋਲੀ ਲਗਣ ਨਾਲ ਮੌਤ ਹੋ ਗਈ ਹੈ। ਸਥਾਨਿਕ ਲੋਕ ਆਰਮੀ ਬੇਸ ਤੇ ਜਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਉਸ ਖੇਤਰ ਵਿੱਚ ਜਾਣ ਦੀ ਮਨਾਹੀ ਕਰ ਦਿੱਤੀ ਹੈ।