ਆਕਲੈਂਡ,(ਪਰਮਜੀਤ ਸਿੰਘ ਬਾਗੜੀਆ) – ਅੱਜ ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦਾ ਸਥਾਨਕ ਆਕਲੈਂਡ ਏਅਰਪੋਰਟ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਦੇ ਸੱਦੇ ਤੇ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਦੀ 7ਵੀਂ ਵਰ੍ਹੇਗੰਢ ਸਬੰਧੀ ਉਲੀਕੇ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਪੁੱਜੇ ਹਨ। ਉਨ੍ਹਾਂ ਦੇ ਨਾਲ ਸ. ਪਰਮਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਪੁੱਜੇ ਹਨ। ਸਭ ਤੋਂ ਪਹਿਲਾਂ ਭਾਈ ਦਲਜੀਤ ਸਿੰਘ ਜੀ ਨੇ ਸਿੱਖ ਸੰਗਤਾਂ ਵਲੋਂ ਜੀ ਆਇਆ ਨੂੰ ਕਿਹਾ। ਏਰਪੋਰਟ ਤੇ ਵੱਡੀ ਗਿਣਤੀ ਵਿਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਸਿੰਘ ਸਾਹਿਬਾਨ ਜੀ ਨੇ ਕਿ ਉਹ ਸੰਗਤਾਂ ਵਲੋਂ ਦਿੱਤੇ ਪਿਆਰ ਅਤੇ ਸਤਿਕਾਰ ਤੋਂ ਬਹੁਤ ਪ੍ਰਭਾਵਿਤ ਹਨ। ਸਿੰਘ ਸਾਹਿਬਾਨ ਦੀ ਆਮਦ ‘ਤੇ ਸਿੱਖ ਨੌਜਵਾਨਾਂ ਵਲੋਂ ਖਾਲਸਾਈ ਜੈਕਾਰੇ ਛੱਡੇ ਗਏ ਜਿਸ ਨਾਲ ਏਅਰਪੋਰਟ ਦੇ ਆਲੇ ਦੁਆਲੇ ਦਾ ਮਹੌਲ ਹੀ ਖਾਲਸਾਈ ਹੋ ਗਿਆ। ਸਿੰਘ ਸਾਹਿਬਾਨ ਜੀ ਦੇ ਸਵਾਗਤ ਵਿਚ ਪੁੱਜੇ ਸਿੱਖ, ਬੀਬੀਆਂ ਅਤੇ ਬੱਚਿਆਂ ਦਾ ਪ੍ਰਭਾਵਸ਼ਾਲੀ ਇਕੱਠ ਵੇਖ ਕੇ ਗੋਰੇ ਵੀ ਪੁੱਛਦੇ ਰਹੇ ਇਹ ਏਨੀ ਉਤਸੁਕਤਾ ਅਤੇ ਅਦਬ ਨਾਲ ਕਿਸਦੀ ਉਡੀਕ ਹੋ ਰਹੀ ਹੈ। ਤਾਂ ਕੁਝ ਸਿੱਖਾਂ ਨੇ ਦੱਸਿਆ ਕਿ ਸਿੱਖਾਂ ਦੇ ਪੋਪ ਆ ਰਹੇ ਹਨ।
ਆਪਣੇ ਇਸ ਦੌਰੇ ਦੌਰਾਨ ਸਿੰਘ ਸਾਹਿਬਾਨ ਨਿਊਜ਼ੀਲੈਂਡ ਦੇ ਗੁਰੁ ਘਰਾਂ ਵਿਚ ਜਾਣਗੇ ਅਤੇ ਸਿੱਖ ਸੰਗਤਾਂ ਨਾਲ ਪੰਥਕ ਵਿਚਾਰਾਂ ਸਾਂਝੀਆਂ ਕਰਨਗੇ। ਇਸ ਦੌਰਾਨ ਸਿੰਘ ਸਾਹਿਬਾਨ ਵਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਸਾਲ ਮੌਕੇ 13 ਮਾਰਚ ਨੂੰ ਸਿੱਖ ਕੌਮ ਨੂੰ ਸੰਦੇਸ਼ ਵੀ ਗੁਰਦੁਆਰਾ ਕਲਗੀਧਰ ਤੋਂ ਹੀ ਦੇਣਗੇ।
ਇਸ ਮੌਕੇ ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਦੇ ਸਮੂਹ ਅਹੁਦੇਦਾਰਾਂ ਸ. ਹਰਦੀਪ ਸਿੰਘ ਬਿੱਲੂ ਪ੍ਰਧਾਨ, ਸ. ਤਰਸੇਮ ਸਿੰਘ ਧੀਰੋਵਾਲੀ ਮੀਤ ਪ੍ਰਧਾਨ, ਰਣਵੀਰ ਸਿੰਘ ਲਾਲੀ ਸੈਕਟਰੀ, ਭਾਈ ਦਲਜੀਤ ਸਿੰਘ ਜੇ. ਪੀ. ਬੁਲਾਰਾ, ਕਰਤਾਰ ਸਿੰਘ, ਮਨਪ੍ਰੀਤ ਸਿੰਘ, ਵਰਿੰਦਰ ਸਿੰਘ, ਰਜਿੰਦਰ ਸਿੰਘ ਜਿੰਦੀ, ਹਰਮੇਸ਼ ਸਿੰਘ, ਡਾ. ਇੰਦਰਪਾਲ ਸਿੰਘ, ਕਮਲਜੀਤ ਸਿੰਘ ਬੈਨੀਪਾਲ, ਨਾਇਬ ਸਿੰਘ, ਸਰਵਣ ਸਿੰਘ ਅਗਵਾਨ, ਮਨਜਿੰਦਰ ਸਿੰਘ ਬਾਸੀ ਅਤੇ ਜਸਵਿੰਦਰ ਸਿੰਘ ਨਾਗਰਾ ਵੀ ਹਾਜਰ ਸਨ।