ਨਵੀਂ ਦਿੱਲੀ- ਦੇਸ਼ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸੱਭਾ ਚੋਣਾਂ ਵਿੱਚ ਜਿੱਤਣ ਵਾਲੇ ਉਮੀਦਵਾਰਾਂ ਦਾ ਰਿਕਾਰਡ ਵੇਖ ਕੇ ਇਹ ਗੱਲ ਸਾਹਮਣੇ ਆਈ ਹੈ ਕਿ ਦਾਗੀ ਅਤੇ ਕਰੋੜਪਤੀ ਵਿਧਾਇਕਾਂ ਦੀ ਸੰਖਿਆ ਵੱਧ ਰਹੀ ਹੈ। ਪੰਜ ਰਾਜਾਂ ਤੋਂ ਚੁਣੇ ਗਏ ਵਿਧਾਇਕਾਂ ਵਿੱਚੋਂ ਇੱਕ-ਤਿਹਾਈ ਵਿਧਾਇਕਾਂ ਦੇ ਖਿਲਾਫ਼ ਅਪਰਾਧਿਕ ਮਾਮਲੇ ਦਰਜ਼ ਹਨ। ਸੱਭ ਤੋਂ ਵੱਧ ਉਤਰ ਪ੍ਰਦੇਸ਼ ਦੇ ਐਮਐਲਏ ਹਨ। ਇਨ੍ਹਾਂ ਸੂਬਿਆਂ ਵਿੱਚ ਕੁਲ 690 ਵਿਧਾਇਕਾਂ ਵਿੱਚੋਂ 252 ਵਿਧਾਇਕਾਂ ਦੇ ਖਿਲਾਫ਼ ਅਪਰਾਧਿਕ ਮਾਮਲੇ ਦਰਜ਼ ਹਨ ਜੋ ਕਿ 35% ਹਨ। 2007 ਦੀਆਂ ਚੋਣਾਂ ਦੇ ਮੁਕਾਬਲੇ ਇਹ 8% ਵੱਧ ਹਨ।
ਏਡੀਆਰ ਨਾਂ ਦੀ ਇੱਕ ਸੰਸਥਾ ਜੋ ਕਿ ਚੋਣਾਂ ਵਿੱਚ ਸੁਧਾਰ ਲਈ ਕੰਮ ਕਰਦੀ ਹੈ। ਇਸ ਸੰਸਥਾ ਨੇ ਚੁਣੇ ਗਏ ਵਿਧਾਇਕਾਂ ਤੇ ਸਰਚ ਕੀਤੀ ਹੈ, ਜਿਸ ਅਨੁਸਾਰ ਕਰੋੜਪਤੀ ਵਿਧਾਇਕਾਂ ਦੀ ਸੰਖਿਆ ਵੀ ਵੱਧੀ ਹੈ। 457 ਵਿਧਾਇਕ ਕਰੋੜਪਤੀ ਹਨ ਜੋ ਕਿ 66% ਹਨ। 2007 ਦੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਕਰੋੜਪਤੀਆਂ ਦੀ ਗਿਣਤੀ ਵਿੱਚ 32% ਦਾ ਵਾਧਾ ਹੋਇਆ ਹੈ।
ਯੂਪੀ ਵਿੱਚ ਚੁਣੇ ਗਏ 403 ਵਿਧਾਇਕਾਂ ਵਿੱਚੋਂ 189 (47%) ਦੇ ਖਿਲਾਫ਼ ਅਪਰਾਧਿਕ ਕੇਸ ਚਲ ਰਹੇ ਹਨ। ਇਨ੍ਹਾਂ ਵਿੱਚੋਂ 98 ਦੇ ਖਿਲਾਫ਼ ਗੰਭੀਰ ਅਪਰਾਧਿਕ ਮਾਮਲੇ ਦਰਜ਼ ਹਨ। 38 ਵਿਧਾਇਕਾਂ ਤੇ ਹੱਤਿਆ ਦੇ ਕੇਸ ਚੱਲ ਰਹੇ ਹਨ, ਜਿੰਨ੍ਹਾਂ ਵਿੱਚ ਸਮਾਜਵਾਦੀ ਪਾਰਟੀ ਦੇ 18, ਬੀਜੇਪੀ ਦੇ 2, ਬਸਪਾ ਦੇ 5 ਅਤੇ 8 ਆਜ਼ਾਦ ਐਮਐਲਏ ਹਨ। ਉਤਰ ਪ੍ਰਦੇਸ਼ ਦੇ 107 ਵਿਧਾਇਕਾਂ ਨੇ ਕਦੇ ਵੀ ਇਨਕਮ ਟੈਕਸ ਰੀਟਰਨ ਨਹੀਂ ਭਰਿਆ। 47 ਵਿਧਾਇਕਾਂ ਦੇ ਕੋਲ ਆਪਣਾ ਪੈਨ ਨੰਬਰ ਨਹੀਂ ਹੈ।
ਪੰਜਾਬ ਵਿਧਾਨ ਸੱਭਾ ਦੇ 117 ਮੈਂਬਰਾਂ ਵਿੱਚੋਂ ਪਿੱਛਲੀ ਵਿਧਾਨ ਸੱਭਾ ਵਿੱਚ 21 ਵਿਧਾਇਕਾਂ ਦੇ ਖਿਲਾਫ਼ ਅਪਰਾਧਿਕ ਕੇਸ ਦਰਜ਼ ਸਨ ਅਤੇ ਨਵੇਂ ਚੁਣੇ ਗਏ ਵਿਧਾਇਕਾਂ ਵਿੱਚ 22 ਅਜਿਹੇ ਹਨ ਜਿੰਨ੍ਹਾਂ ਉਪਰ ਅਪਰਾਧਿਕ ਮਾਮਲੇ ਦਰਜ਼ ਹਨ। ਕਰੋੜਪਤੀਆਂ ਦੀ ਗਿਣਤੀ ਵੀ 66 ਤੋਂ ਵੱਧ ਕੇ 101 ਹੋ ਗਈ ਹੈ।