ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਸਾਉਣੀ ਦੀਆਂ ਫ਼ਸਲਾਂ ਬਾਰੇ ਵਿਗਿਆਨਕ ਜਾਣਕਾਰੀ ਪਸਾਰਨ ਲਈ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਯੋਜਿਤ ਕੀਤਾ ਗਿਆ । ਇਸ ਕਿਸਾਨ ਮੇਲੇ ਵਿਚ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ਼੍ਰੀਮਤੀ ਉਰਵਿੰਦਰ ਕੌਰ ਗਰੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਬਲਾਚੌਰ ਦੇ ਐਸ. ਡੀ. ਐਮ. ਸ਼੍ਰੀਮਤੀ ਅਨੁਪਮ ਕਲੇਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਇਸ ਮੇਲੇ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ ।
ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਗਰੇਵਾਲ ਨੇ ਦੱਸਿਆ ਕਿ ਦੇਸ਼ ਦੀ ਭੋਜਨ ਸੁਰੱਖਿਆ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇੱਕ ਅਹਿਮ ਯੋਗਦਾਨ ਪਾ ਰਹੀ ਹੈ । ਕਿਰਸਾਨੀ ਸਨਮੁੱਖ ਪੇਸ਼ ਆ ਰਹਿਆਂ ਸਮਸਿਆਵਾਂ ਦੇ ਨਿਪਟਾਰੇ ਲਈ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਕਨੋਲੋਜੀ ਵਿਕਸਿਤ ਕੀਤੀ ਜਾਂਦੀ ਰਹੀ ਹੈ । ਯੂਨੀਵਰਸਿਟੀ ਦੇ ਇਸ ਗੋਲਡਨ ਜੁਬਲੀ ਵਰ੍ਹੇ ਦੌਰਾਨ ਯੂਨੀਵਰਸਿਟੀ ਵਲੋਂ ਵਿਕਾਸ ਅਤੇ ਖੋਜ ਕਾਰਜ ਆਰੰਭ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਸਮਾਜਿਕ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ ਅਤੇ ਸਮਾਜ ਦੇ ਬਹੁਪੱਖੀ ਵਿਕਾਸ ਲਈ ਔਰਤਾਂ ਦਾ ਅੱਗੇ ਆਉਣਾ ਬਹੁਤ ਜਰੂਰੀ ਹੈ । ਉਨ੍ਹਾਂ ਕਿਹਾ ਕਿ ਕੰਢੀ ਖੇਤਰ ਅੰਦਰ ਬਾਗਬਾਨੀ ਅਤੇ ਖੇਤੀਬਾੜੀ ਦੇ ਸਾਂਝੇ ਵਿਕਾਸ ਲਈ ਵਿਗਿਆਨੀਆਂ ਦੀ ਅਗਵਾਈ ਹੇਠ ਕਿਸਾਨਾਂ ਨੂੰ ਬਾਰੀਕੀ ਦੀ ਖੇਤੀ ਵੱਲ ਮੁੜਨਾ ਚਾਹੀਦਾ ਹੈ ਕਿਉਕਿ ਇਹ ਕਿਸਾਨ ਮੇਲੇ ਕਿਸਾਨ ਭਰਾਵਾਂ ਅਤੇ ਕਿਸਾਨ ਬੀਬੀਆਂ ਨੂੰ ਨਵੇਂ ਗਿਆਨ ਨਾਲ ਮਿਲਾਉਣ ਲਈ ਹੀ ਕਰਵਾਏ ਜਾਂਦੇ ਹਨ । ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਹੈ ।
ਕਿਸਾਨ ਮੇਲੇ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ: ਢਿੱਲੋਂ ਨੇ ਆਖਿਆ ਕਿ ਇਲਾਕੇ ਦੀ ਖੇਤੀ ਨੂੰ ਸੇਧ ਦੇਣ ਲਈ 1982 ਵਿੱਚ ਕੰਢੀ ਖੋਜ ਕੇਂਦਰ ਬਣਾਇਆ ਗਿਆ ਸੀ । ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਵਿਗਿਆਨੀ ਕੰਮ ਕਰ ਰਹੇ ਹਨ । ਸ਼ਲਾਘਾਯੋਗ ਖੋਜ ਪ੍ਰਾਪਤੀਆਂ ਹੋਈਆਂ ਹਨ ਜਿਨ੍ਹਾਂ ਤੋਂ ਇਲਾਕੇ ਦੀ ਖੇਤੀ ਨੂੰ ਸੇਧਾਂ ਮਿਲੀਆਂ ਹਨ । ਉਨ੍ਹਾਂ ਆਖਿਆ ਕਿ ਕੰਢੀ ਖੇਤਰ ਦੇ ਵਿਕਾਸ ਲਈ ਸਾਨੂੰ ਬਰਸਾਤੀ ਪਾਣੀ ਸੰਭਾਲਣ ਲਈ ਵਿਕਸਤ ਤਕਨਾਲੋਜੀ ਦਾ ਲਾਭ ਉਠਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਕਿਸਾਨ ਵੀ ਆਪਣੇ ਆਪ ਵਿਚ ਤਜਰਬੇਕਾਰ ਹੁੰਦਾ ਹੈ ਜਿਸਦੇ ਤਜਰਬਿਆਂ ਦੇ ਨਾਲ ਦਿੱਤੀ ਯੂਨੀਵਰਸਿਟੀ ਨੂੰ ਪਰਤੀ ਸੂਚਨਾ ਖੋਜਾਂ ਨੂੰ ਸੇਧ ਦੇਣ ਲਈ ਅਤੀ ਜਰੂਰੀ ਸਿੱਧ ਹੁੰਦੀ ਹੈ । ਡਾ: ਢਿੱਲੋਂ ਨੇ ਇਸ ਮੌਕੇ ਕਿਸਾਨਾ ਨੂੰ ਅਪੀਲ ਕੀਤੀ ਕਿ ਮੁੱਢਲੀਆਂ ਖੇਤੀ ਲਾਗਤਾਂ ਨੂੰ ਘਟਾਉਣ ਲਈ ਸਾਨੂੰ ਕੀਟ ਨਾਸ਼ਕਾਂ ਅਤੇ ਹੋਰ ਰਸਾਇਨਾਂ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ ।ਇਨ੍ਹਾਂ ਦੀ ਅੰਧਾਧੁੰਧ ਵਰਤੋਂ ਦੇ ਨਾਲ ਵਾਤਾਵਰਣ ਵਿਚ ਵੀ ਵਿਗਾੜ ਪੈਦਾ ਹੁੰਦੇ ਹਨ । ਉਨ੍ਹਾਂ ਇਸ ਗੱਲ ਤੇ ਖੁਸ਼ੀ ਜਤਾਈ ਕਿ ਕੰਢੀ ਖੇਤਰ ਦਾ ਇਹ ਮੇਲਾ ਸਿਰਫ ਕੰਢੀ ਖੇਤਰ ਵਿਚ ਹੀ ਨਹੀਂ ਸਗੋਂ ਗੁਆਂਢੀ ਰਾਜਾਂ ਦੇ ਕਿਸਾਨਾਂ ਵਿਚ ਵੀ ਹਰਮਨ ਪਿਆਰਾ ਹੈ । ਡਾ: ਢਿੱਲੋਂ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਇਸ ਇਲਾਕੇ ਲਈ ਢੁੱਕਵੀਆਂ ਫ਼ਸਲਾਂ ਤੋਂ ਇਲਾਵਾ ਇਸ ਇਲਾਕੇ ਦੇ ਢੁੱਕਵੇਂ ਫ਼ਲਾਂ, ਅੰਬ, ਗਲਗਲ, ਨਿੰਬੂ ਜਾਤੀ ਫ਼ਲ, ਅਮਰੂਦ, ਬੇਰ ਅਤੇ ਆਂਵਲਾ ਤੇ ਵੀ ਨਿਰੰਤਰ ਖੋਜ਼ ਕਰ ਰਹੇ ਹਨ ਅਤੇ ਇਨ੍ਹਾਂ ਫ਼ਲਾਂ ਲਈ ਵਿਸ਼ੇਸ਼ ਤਕਨੀਕਾਂ ਇਸ ਇਲਾਕੇ ਨੂੰ ਧਿਆਂਨ ਵਿੱਚ ਰੱਖ ਕੇ ਸਿਫਾਰਸ਼ ਕੀਤੀਆਂ ਗਈਆਂ ਹਨ ।
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿਖਿਆ ਡਾ: ਮੁਖਤਾਰ ਸਿੰਘ ਗਿਲ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਵਲੋਂ ਵਿਕਸਤ ਤਕਨੋਲੋਜੀ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਹਰ ਜਿਲੇ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਖੋਲੇ ਗਏ ਹਨ।ਇਨ੍ਹਾਂ ਕੇਂਦਰਾਂ ਦੇ ਨਾਲ ਸੰਪਰਕ ਰਖ ਕਿਸਾਨ ਨਵੀਨਤਮ ਵਿਕਸਿਤ ਤਕਨੋਲੋਜੀ ਨਾਲ ਆਪਣੇ ਆਪ ਨੂੰ ਜਾਣੇ ਰਖ ਸਕਦੇ ਹਨ ਉਨ੍ਹਾਂ ਕਿਹਾ ਕਿ ਵਾਤਾਵਰਣ ਦੇ ਅਧਾਰ ਤੇ ਪੰਜਾਬ ਨੂੰ 6 ਹਿੱਸਿਆਂ ਵਿਚ ਵੰਡਿਆ ਗਿਆ ਹੈ ਅਤੇ ਇਹ ਹਿੱਸਾ ਤੇਲ ਬੀਜ਼ ਦੀ ਫਸਲਾਂ ਦੀ ਪੈਦਾਵਾਰ ਲਈ ਬਹੁਤ ਢੁੱਕਵਾਂ ਹੈ । ਡਾ: ਗਿੱਲ ਨੇ ਇਸ ਮੌਕੇ ਦੱਸਿਆ ਕਿ ਮੇਲੇ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਪ੍ਰਦਰਸ਼ਨੀ ਪਲਾਟ ਅਤੇ ਸਟਾਲਾਂ ਲਗਾਇਆਂ ਗਈਆਂ ਹਨ, ਜਿਨ੍ਹਾਂ, ਜਿਨ੍ਹਾਂ ਤੋਂ ਉਹ ਨਵੀਨਤਮ ਜਾਣਕਾਰੀ ਹਾਸਿਲ ਕਰ ਸਕਦੇ ਹਨ ।
ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ਼ ਡਾ: ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਪਿਛਲੇ 50 ਵਰਿਆਂ ਦੌਰਾਨ ਯੂਨੀਵਰਸਿਟੀ ਵੱਲੋਂ 700 ਤੋਂ ਵੱਧ ਕਿਸਮਾਂ ਖੇਤਰੀ ਅਤੇ ਰਾਸ਼ਟਰੀ ਪੱਧਰ ਤੇ ਜਾਰੀ ਕੀਤੀਆਂ ਗਈਆਂ ਹਨ । ਉਨ੍ਹਾ ਪਿਛਲੇ ਵਰ੍ਹੇ ਦੌਰਾਨ ਯੂਨੀਵਰਸਿਟੀ ਵਲੋਂ ਜਾਰੀ ਕੀਤੀਆਂ ਕਿਸਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਕਿਸਮਾਂ ਹੀ ਅਪਣਾਉਣ ਤਾਂ ਜੋ ਖੇਤੀ ਨੂੰ ਹੋਰ ਲਾਹੇਵੰਦ ਧੰਧਾ ਬਣਾਇਆ ਜਾ ਸਕੇ । ਡਾ: ਗੋਸਲ ਨੇ ਕਿਹਾ ਕਿ ਇਸ ਖੇਤਰ ਵਿਚ ਖੇਤੀ ਵਿਭਿੰਨਤਾ ਅਤੇ ਖੁਰਾਕੀ ਸੁਰੱਖਿਆ ਲਈ ਕਈ ਖੋਜ ਕਾਰਜ਼ ਆਰੰਭ ਕੀਤੇ ਗਏ ਹਨ । ਕਿਸਾਨਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਖੇਤੀ ਨੂੰ ਹੋਰ ਲਾਹੇਬੰਦ ਧੰਦਾ ਬਣਾਉਣ ਲਈ ਸਾਨੂੰ ਯੂਨੀਵਰਸਿਟੀ ਵਲੋਂ ਤਿਆਰ ਖੇਤੀ ਪ੍ਰਕਾਸ਼ਨਾਵਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਵਿਕਾਸ ਦੇ ਰਾਹ ਤੇ ਤੁਰਨ ਲਈ ਸਾਨੂੰ ਹਰ ਪਿੰਡ ਵਿਚ ਲਾਈਬਰੇਰੀਆਂ ਸਥਾਪਤ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ।ਖੇਤਰੀ ਖੋਜ਼ ਕੇਂਦਰ ਬੱਲੋਵਾਲ ਸੌਂਖੜੀ ਦੇ ਨਿਰਦੇਸ਼ਕ ਡਾ: ਸੁਭਾਸ਼ ਚੰਦਰ ਸ਼ਰਮਾ ਨੇ ਕੇਂਦਰ ਵਲੋਂ ਉਲੀਕੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਧੰਨਵਾਦ ਦੇ ਸ਼ਬਦ ਕਹੇ । ਮੇਲੇ ਦੌਰਾਨ ਵਿਸ਼ੇਸ ਤੌਰ ਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਲੋਂ ਪ੍ਰਦਰਸ਼ਨੀ ਪਲਾਟ ਅਤੇ ਸਟਾਲ ਵੀ ਲਗਾਏ ਗਏ ਸਨ । ਵੱਖ-ਵੱਖ ਵਿਸ਼ਾ ਵਸਤੂ ਮਾਹਿਰਾਂ ਵਲੋਂ ਕਿਸਾਨਾ ਦੇ ਸੁਆਲਾਂ ਦੇ ਜਵਾਬ ਮੌਕੇ ਤੇ ਹੀ ਦਿੱਤੇ ਗਏ ।
ਇਸ ਮੌਕੇ ਵਿਸ਼ੇਸ ਤੌਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਜਿਲ੍ਹਾ ਖੇਤੀਬਾੜੀ ਅਫਸਰ ਡਾ: ਕੁਲਬੀਰ ਸਿੰਘ ਅਤੇ ਚੌਧਰੀ ਰਾਮ ਪ੍ਰਕਾਸ਼ ਜੀ ਵੀ ਹਾਜਰ ਸਨ ।