(ਪਰਮਜੀਤ ਸਿੰਘ ਬਾਗੜੀਆ)-ਸੀਰੀਆ ਵਿਚ ਚੱਲ ਰਹੀ ਤਾਨਾਸ਼ਾਹੀ ਸਥਾਪਤੀ ਵਿਰੋਧੀ ਲਹਿਰ ਨੂੰ ਕਵਰ ਕਰ ਰਹੀ ਪ੍ਰਸਿੱਧ ਅਮਰੀਕੀ ਜੰਗੀ ਪੱਤਰਕਾਰ ਮੈਰੀ ਕੋਲਵਿਨ ਦੀ ਹੋਈ ਮੌਤ ਨੇ ਇਕ ਹੋਰ ਜਾਂਬਾਜ਼ ਪੱਤਰਕਾਰ ਨੂੰ ਨਿਗਲ ਲਿਆ ਹੈ।
ਪ੍ਰਸਿੱਧ ਬ੍ਰਤਾਨਵੀ ਅਖਬਾਰ ਸੰਡੇ ਟਾਈਮਜ਼ ਲਈ ਕੰਮ ਕਰਦੀ ਪੱਤਰਕਾਰ ਮੈਰੀ ਨੂੰ ਨਿਉਯਾਰਕ ਸਿਟੀ ਦੇ ਨੇੜੇ ੳਏਸਟਰ ਬੇਅ ਵਿਖੇ ਦਫਨਾਇਆ ਗਿਆ ਹੈ ਇਸ ਮੌਕੇ ਮੀਡੀਆ ਕਾਰੋਬਾਰੀ ਤੇ ਸੰਡੇ ਟਾਈਮਜ਼ ਦਾ ਮਾਲਕ ਰੁਪਰਟ ਮੁਰਦੋਚ ਅਤੇ ਅਖਬਾਰ ਦਾ ਸੰਪਾਦਕ ਜੋਹਨ ਵਿਥਰੋ ਸਮੇਤ ਉਸਦੇ ਦਲੇਰਾਨਾ ਪੱਤਰਕਾਰੀ ਦੇ ਪ੍ਰਸੰਸਕ ਸੈਂਕੜੇ ਲੋਕ ਹਾਜਰ ਸਨ। ਮੈਰੀ ਲਈ ਸ਼ਾਤੀ ਦੀ ਦੁਆ ਕਰਦਿਆਂ ਪਾਦਰੀ ਨੇ ਕਿਹਾ ਕਿ ਮੈਰੀ ਸੀਰੀਆ ਵਿਚ ਭੁੱਖ ਅਤੇ ਗ੍ਰਹਿ ਯੁੱਧ ਤੋਂ ਪ੍ਰਭਾਵਿਤ ਬੇਜੁਬਾਨਾਂ ਲੋਕਾਂ ਦੀ ਅਵਾਜ਼ ਬਣੀ।
56 ਸਾਲਾ ਮੈਰੀ ਕੋਲਵਿਨ ਚੇਚਨੀਆ ਦੇ ਗ੍ਰਿਹ ਯੁੱਧ ਤੋਂ ਲੈ ਕੇ ਅਰਬ ਵਿਚ ਫੈਲੀ ਬਦਅਮਨੀ ਦੌਰਾਨ ਉਹ ਅਨੇਕਾਂ ਵਾਰ ਮੌਤ ਦੇ ਮੂੰਹ ਵਿਚੋਂ ਬਚੀ ਸੀ ਪਰ 22 ਫਰਵਰੀ ਨੂੰ ਸੀਰੀਆਈ ਫੋਰਸਾਂ ਵਲੋਂ ਦਾਗਿਆ ਗੋਲਾ ਸਿੱਧਾ ਉਸਦੇ ਘਰ ਤੇ ਆ ਕੇ ਫਟਿਆ ਜਿਥੇ ਮੈਰੀ ਕੋਵਿਨ ਸਮੇਤ ਪੱਛਮੀ ਦੇਸ਼ਾਂ ਦੇ ਹੋਰ ਪੱਤਰਕਾਰ ਵੀ ਠਹਿਰੇ ਹੋਏ ਸਨ। ਇਹ ਗੋਲਾ ਮੈਰੀ ਵਲੋਂ ਜੰਗੀ ਪੱਤਰਕਾਰਤਾ ਦੇ ਖੇਤਰ ਵਿਚ ਪਾਈਆਂ ਪੈੜਾਂ ਨੂੰ ਖਤਮ ਕਰ ਗਿਆ। ਮੇਰੀ ਦੇ ਨਾਲ ਫ੍ਰੈਂਚ ਫੋਟੋਗ੍ਰਾਫਰ ਰੇਮੀ ਓਚਲਿਕ ਵੀ ਮਾਰਿਆ ਗਿਆ ਜਦਕਿ ਇਸ ਹਮਲੇ ਵਿਚ ਇਕ ਹੋਰ ਬ੍ਰਿਟਿਸ਼ ਫੋਟੋਗ੍ਰਾਫਰ ਅਤੇ ਫ੍ਰੈਂਚ ਪੱਤਰਕਾਰ ਜਖਮੀ ਹੋ ਗਏ। ਮੈਰੀ ਨੂੰ ਸ਼ਰਧਾਂਜਲੀ ਦੇਣ ਪੁੱਜੇ ਸੀਰੀਆਈ ਮੂਲ ਦੇ ਅਮਰੀਕੀ ਨਾਗਰਿਕ ਮਲਿਕ ਜੰਦਾਲੀ ਨੇ ਕਿਹਾ ਕਿ ਮੈਂ ਮੈਰੀ ਦੀ ਵਿਛੜੀ ਰੂਹ ਨੂੰ ਸਲਾਮ ਕਰਦਾ ਹਾਂ ਜਿਸਨੇ ਸੀਰੀਆਈ ਬਰਬਰਤਾ ਨੂੰ ਦੁਨੀਆ ਭਰ ਵਿਚ ਵਿਖਾਉਣ ਲਈ ਆਪਣੀ ਜਾਨ ਦੇ ਦਿੱਤੀ। ਹੁਣ ਮੈਰੀ ਦੇ ਨਾਂ ਤੇ ਇਕ ਚੌਂਕ ਜਾਂ ਸੜਕ ਦਾ ਨਾਮ ਰੱਖਣ ਦੀ ਕੋਸ਼ਿਸ਼ ਹੋ ਰਹੀ ਹੈ। ਮੈਰੀ ਦੀ ਸ੍ਰੀ ਲੰਕਾਂ ਦੇ ਲਿੱਟੇ ਸੰਘਰਸ਼ ਦੌਰਾਨ ਕੀਤੀ ਨਿਡਰ ਪੱਤਰਕਾਰੀ ਨੂੰ ਸਲਾਮ ਕਰਨ ਲਈ ਤਾਮਿਲ ਲੋਕ ਵੀ ਪੁੱਜੇ ਹੋਏ ਸਨ। 2001 ਵਿਚ ਸ੍ਰੀਲੰਕਾ ਵਿਚ ਛਿੜੇ ਯੁੱਧ ਦੀ ਕਵਰੇਜ ਕਰਦਿਆਂ ਮੈਰੀ ਦੀ ਇਕ ਅੱਖ ਨੁਕਸਾਨੀ ਗਈ ਸੀ। ਕੋਲਵਿਨ ਦੀ ਮਾਂ, ਦੋ ਭੈਣਾਂ ਤੇ ਦੋ ਭਰਾਵਾਂ ਵਲੋਂ ਹੁਣ ਮੈਰੀ ਕੋਲਵਿਨ ਦੀ ਮਨੁੱਖੀ ਅਧਿਕਾਰਾਂ, ਪੱਤਰਕਾਰੀ ਅਤੇ ਸਿੱਖਿਆ ਦੇ ਖੇਤਰ ਵਿਚ ਜਿੰਦਗੀ ਭਰ ਦੇ ਯੋਗਦਾਨ ਬਦਲੇ ਲਈ ਕਾਇਮ ਫੰਡ ਵਿਚ ਮਾਇਕ ਯੋਗਦਾਨ ਮੰਗਿਆਂ ਹੈ।