ਨਵੀਂ ਦਿੱਲੀ- ਰੇਲ ਮੰਤਰੀ ਦਿਨੇਸ਼ ਤਿਰਵੇਦੀ ਨੇ ਪਹਿਲੀ ਵਾਰ ਰੇਲ ਬਜਟ ਪੇਸ਼ ਕਰਦੇ ਹੋਏ ਯਾਤਰੀ ਕਿਰਾਏ ਵਧਾਉਣ ਦਾ ਐਲਾਨ ਕਰ ਦਿੱਤਾ ਹੈ। 2012-13 ਦੇ ਰੇਲ ਬਜਟ ਵਿੱਚ ਪ੍ਰਤੀ ਕਿਲੋਮੀਟਰ 2 ਪੈਸੇ ਤੋਂ 30 ਪੈਸੇ ਤੱਕ ਕਿਰਾਇਆ ਵਧਾਇਆ ਗਿਆ ਹੈ। ਪਿੱਛਲੇ 9 ਸਾਲਾਂ ਵਿੱਚ ਪਹਿਲੀ ਵਾਰ ਯਾਤਰੀ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ। ਪਲੇਟਫਾਰਮ ਟਿਕਟ ਵੀ ਹੁਣ 3ਰੁਪੈ ਦੀ ਬਜਾਏ 5 ਰੁਪੈ ਹੋਵੇਗਾ। ਇਹ ਵਾਧੇ ਪਹਿਲੀ ਅਪਰੈਲ ਤੋਂ ਲਾਗੂ ਹੋ ਜਾਣਗੇ। ਨਵੇਂ ਬਜਟ ਦੇ ਤਹਿਤ ਇੱਕ ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ।75 ਨਵੀਆਂ ਐਕਸਪ੍ਰੈਸ ਟਰੇਨਾਂ ਚਲਾਈਆਂ ਜਾਣਗੀਆਂ। 21 ਪੈਸੰਜਰ ਟਰੇਨਾਂ ਦਾ ਵੀ ਪ੍ਰਸਤਾਵ ਹੈ।
ਰੇਲ ਮੰਤਰੀ ਤਿਰਵੇਦੀ ਨੇ ਕਿਹਾ ਕਿ ਉਹ ਵਰਤਮਾਨ ਸੁਰੱਖਿਆ ਪ੍ਰਬੰਧਾਂ ਤੋਂ ਖੁਸ਼ ਨਹੀਂ ਹਨ ਅਤੇ ਉਹ ਯਤਨ ਕਰ ਰਹੇ ਹਨ ਕਿ ਰੇਲਵੇ ਨੂੰ ਹਾਦਸਾ ਮੁਕਤ ਕੀਤਾ ਜਾਵੇ।ਉਨ੍ਹਾਂ ਨੇ ਰੇਲਵੇ ਅਥਾਰਿਟੀ ਅਤੇ ਰੇਲਵੇ ਰੀਸਰਚ ਐਂਡ ਡੀਵਲਪਮੈਂਟ ਕਾਂਊਸਲ ਬਣਾਉਣ ਦਾ ਐਲਾਨ ਕੀਤਾ। ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਹਫ਼ਤਾਵਾਰੀ ਗੁਰੂ ਪਰਿਕਰਮਾ ਸਪੈਸ਼ਲ ਟਰੇਨ ਦਾ ਐਲਾਨ ਕੀਤਾ ਹੈ। ਇਹ ਅੰਮ੍ਰਿਤਸਰ ਤੋਂ ਪਟਨਾ ਹੁੰਦੇ ਹੋਏ ਨੰਦੇੜ ਸਾਹਿਬ ਤੱਕ ਜਾਵੇਗੀ। ਸਿੱਖਾਂ ਨੇ ਰੇਲ ਮੰਤਰੀ ਦੇ ਇਸ ਐਲਾਨ ਤੇ ਆਪਣੀ ਖੁਸ਼ੀ ਜਾਹਿਰ ਕੀਤੀ ਹੈ। ਤਿਰਵੇਦੀ ਨੇ ਆਪਣੇ ਦੋ ਘੰਟੇ ਦੇ ਭਾਸ਼ਣ ਦੌਰਾਨ ਇੱਕ ਵਾਰ ਵੀ ਪਾਣੀ ਨਹੀਂ ਪੀਤਾ। ਉਨ੍ਹਾਂ ਦਾ ਭਾਸ਼ਣ ਸ਼ੇਅਰੋ-ਸ਼ਾਇਰੀ ਅਤੇ ਕਵਿਤਾਵਾਂ ਨਾਲ ਭਰਪੂਰ ਸੀ।
ਸਾਬਕਾ ਰੇਲ ਮੰਤਰੀ ਨੇ ਕਿਹਾ ਕਿ ਉਸ ਦੇ ਕਾਰਜਕਾਲ ਦੌਰਾਨ ਰੇਲਵੇ ਮੁਨਾਫ਼ੇ ਵਿੱਚ ਚਲ ਰਹੀ ਸੀ, ਪਰ ਹੁਣ ਸੁੱਕੀ ਗਾਂ ਬਣ ਚੁੱਕੀ ਹੈ। ਇਹ ਗਾਂ ਨਾਂ ਤਾਂ ਦੁੱਧ ਦੇ ਸਕਦੀ ਹੈ ਅਤੇ ਨਾਂ ਹੀ ਵੱਛੇ ਨੂੰ ਜਨਮ ਦੇ ਸਕਦੀ ਹੈ। ਲਾਲੂ ਨੇ ਕਿਹਾ ਕਿ ਕਿਰਾਇਆ ਨਾਂ ਵਧਾਉਣ ਦੇ ਬਾਵਜੂਦ ਉਨ੍ਹਾਂ ਦੇ ਰੇਲਮੰਤਰੀ ਹੁੰਦੇ ਹੋਏ ਰੇਲਵੇ 7000 ਕਰੋੜ ਦੇ ਮੁਨਾਫ਼ੇ ਵਿੱਚ ਸੀ। ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਨੇ ਵੀ ਇਸ ਰੇਲ ਬਜਟ ਨੂੰ ਖਾਲੀ ਡੱਬੇ ਵਾਂਗ ਦਸਿਆ।