ਫਤਹਿਗੜ੍ਹ ਸਾਹਿਬ :- “ ਜਿਸ ਹਕੂਮਤ ਜਾ ਮੁਲਕ ਵਿਚ ਸਿੱਖਾਂ ਨਾਲ ਦੋਹਰੇ ਮਾਪਦੰਡ ਅਪਣਾਏ ਜਾਦੇ ਹੋਣ ਅਤੇ ਜਿਥੋ ਦਾ ਕਾਨੂੰਨ ਸਿੱਖ ਕੌਮ ਜਾਂ ਮੁਸਲਿਮ ਕੌਮ ਨਾਲ ਵਿਚਰਦੇ ਹੋਏ ਸਖ਼ਤ ਹੋ ਜਾਦਾ ਹੋਵੇ ਅਤੇ ਬਹੁਗਿਣਤੀ ਹਿੰਦੂ ਕੌਮ ਨਾਲ ਵਿਵਹਾਰ ਕਰਦੇ ਹੋਏ ਨਰਮ ਹੋ ਜਾਦਾ ਹੋਵੇ, ਅਜਿਹੇ ਮੁਲਕ ਜਾਂ ਹਕੂਮਤ ਨੂੰ ਆਪਣਾ ਕਿਸ ਤਰਾ ਕੋਈ ਕਹਿ ਸਕਦਾ ਹੈ ?”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋ ਸ. ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਉਤੇ ਤਿੱਖਾਂ ਪ੍ਰਤੀਕਰਮ ਜ਼ਾਹਿਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੇਕਰ ਹਿੰਦੂਤਵ ਹਕੂਮਤ ਦੇ ਪ੍ਰਭਾਵ ਹੇਠ ਸੁਪਰੀਮ ਕੋਰਟ ਜਾਂ ਹਾਈ ਕੋਰਟਾਂ ਸਿੱਖ ਨੌਜ਼ਵਾਨਾ ਨੂੰ ਫਾਂਸੀ ਦੇ ਹੁਕਮ ਸੁਣਾ ਰਹੀਆ ਹਨ ਤਾਂ ਇਸ ਵਿਚ ਹਿੰਦੂਤਵੀਆਂ ਦੇ ਗੁਲਾਮ ਬਣੇ ਸ. ਪ੍ਰਕਾਸ ਸਿੰਘ ਬਾਦਲ ਅਤੇ ਸ. ਕੈਪਟਨ ਅਮਰਿੰਦਰ ਸਿੰਘ ਵਰਗੇ ਆਗੂ ਜਿੰਮੇਵਾਰ ਹਨ । ਜਿਨ੍ਹਾਂ ਨੇ ਜੇਲ੍ਹਾਂ ਵਿਚ ਬੰਦੀ ਸਿੱਖ ਨੌਜ਼ਵਾਨਾ ਨੂੰ ਰਿਹਾਅ ਕਰਵਾਉਣ ਲਈ ਕੋਈ ਸੰਜ਼ੀਦਾ ਉੱਦਮ ਨਹੀ ਕੀਤਾ । ਹੁਣ ਅਮਰਿੰਦਰ ਸਿੰਘ, ਜਿਸ ਨੂੰ ਲੋਕ ਵਧੀਆ ਸਿੱਖ ਕਹਿ ਰਹੇ ਹਨ, ਉਹ ਸ. ਰਾਜੋਆਣਾ ਤੇ ਸ. ਭੁੱਲਰ ਦੀਆਂ ਫਾਂਸੀਆਂ ਨੂੰ ਖ਼ਤਮ ਕਿਉ ਨਹੀ ਕਰਵਾਉਦੇ ? ਸ. ਬਾਦਲ ਕਹਿੰਦੇ ਰਹੇ ਹਨ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਨੂੰ ਖ਼ਤਮ ਕਰਵਾਉਣ ਲਈ ਪੰਜਾਬ ਅਸੈਬਲੀ ਵਿਚ ਮਤਾ ਪਾਉਣਗੇ, ਪਰ ਇਹ ਮਤਾ ਉਹਨਾਂ ਨੇ ਨਾ ਪਾਉਣਾ ਸੀ ਅਤੇ ਨਾ ਹੀ ਪਾਇਆ । ਇਸੇ ਤਰਾ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੀ ਪਾਰਟੀ ਸੈਟਰ ਵਿਚ ਹਕੂਮਤ ਕਰਦੀ ਹੈ ਅਤੇ ਆਪ ਵੀ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ, ਨੇ ਇਹਨਾਂ ਬੇਕਸੂਰ ਸਿੱਖ ਨੌਜ਼ਵਾਨਾਂ ਲਈ ਕੁਝ ਨਹੀ ਕੀਤਾ । ਇਹੀ ਵਜਾਹ ਹੈ ਕਿ ਅੱਜ ਇਥੋ ਦੀਆਂ ਅਦਾਲਤਾਂ ਵੱਲੋ ਸ. ਬਲਵੰਤ ਸਿੰਘ ਰਾਜੋਆਣਾ ਨੂੰ ਜ਼ਬਰੀ ਫਾਂਸੀ ਦੇ ਹੁਕਮ ਦਿੱਤੇ ਜਾਂ ਰਹੇ ਹਨ । ਜੇਕਰ ਇਥੋ ਦੀਆਂ ਅਦਾਲਤਾਂ ਅਜਿਹੇ ਅਮਲ ਕਰਦੀਆ ਹਨ ਤਾਂ ਪਾਕਿਸਤਾਨ ਵਿਚ ਬੰਦੀ ਸਰਬਜੀਤ ਨੂੰ ਵੀ ਪਾਕਿਸਤਾਨ ਹਕੂਮਤ ਫਾਂਸੀ ਦੇ ਸਕਦੀ ਹੈ । ਉਹਨਾਂ ਕਿਹਾ ਕਿ ਬਹੁਤ ਹੀ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ ਕਿ ਇਕ ਪੁਲਿਸ ਅਧਿਕਾਰੀ ਦੇ ਬਿਆਨਾਂ ਉਤੇ ਹੀ ਸ. ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਹੁਕਮ ਸੁਣਾਏ ਗਏ ਹਨ । ਜਦੋ ਕਿ ਐਵੀਡੈਸ ਐਕਟ ਦੇ ਨਿਯਮ 25 ਪੁਲਿਸ ਅਧਿਕਾਰੀ ਦੇ ਬਿਆਨ ਨੂੰ ਬਿਲਕੁਲ ਪ੍ਰਵਾਨ ਨਹੀ ਕਰਦੀ ।
ਦੂਸਰਾ ਸਿੱਖ ਕੌਮ ਇਹ ਵੀ ਸੋਚੇ ਕਿ ਉਹ ਅੱਜ ਕਿਥੇ ਖੜ੍ਹੀ ਹੈ ? ਕਿਉਕਿ ਉਹ ਹਿੰਦੂਤਵ ਸੋਚ ਵਾਲੀਆ ਜਮਾਤਾਂ ਭਾਜਪਾ, ਕਾਂਗਰਸ ਅਤੇ ਮਨਪ੍ਰੀਤ ਦੀ ਪੀਪਲਜ਼ ਪਾਰਟੀ ਵਰਗਿਆ ਨੂੰ ਵੋਟਾਂ ਪਾ ਦਿੰਦੀ ਹੈ । ਸ. ਮਾਨ ਨੇ ਕਿਹਾ ਕਿ ਸਾਨੂੰ ਐਮ ਪੀ ਜਾਂ ਐਮ ਐਲ ਏ ਬਣਨ ਦੀ ਕੋਈ ਲਾਲਸਾਂ ਨਹੀ, ਅਸੀ ਤਾਂ ਕੇਵਲ ਇਹ ਚਾਹੁੰਦੇ ਹਾਂ ਕਿ ਸਿੱਖ ਕੌਮ ਦੇ ਨੁਮਾਇੰਦੇ ਪਾਰਲੀਆਮੈਟ ਅਤੇ ਅਸ਼ੈਬਲੀ ਵਿਚ ਭੇਜਣੇ ਚਾਹੀਦੇ ਹਨ ਤਾਂ ਕਿ ਸਿੱਖ ਹੱਕਾ ਦੀ ਰਾਖੀ ਹੋ ਸਕੇ । ਉਹਨਾਂ ਕਿਹਾ ਕਿ ਪੰਜਾਬ, ਗੁਜਰਾਤ, ਕਸ਼ਮੀਰ, ਆਦਿ ਵਿਚ ਸਿੱਖ ਕੌਮ ਅਤੇ ਮੁਸਲਿਮ ਕੌਮ ਦੀ ਨਸ਼ਲਕੁਸੀ ਕਰਨ ਲਈ ਕਾਂਗਰਸ ਤੇ ਬੀਜੇਪੀ ਇਕ ਰੂਪ ਹੁੰਦੀਆਂ ਹਨ । ਫਿਰ ਇਹ ਦੋਵੇ ਕੌਮਾਂ ਇਹਨਾਂ ਹਿੰਦੂਤਵ ਸੋਚ ਵਾਲਿਆ ਨੂੰ ਖੰਦੇੜਨ ਲਈ ਆਪਣੀਆਂ ਕੌਮੀ ਜਿੰਮੇਵਾਰੀਆਂ ਕਿਉ ਨਹੀ ਨਿਭਾਉਦੀਆਂ ? ਸ. ਮਾਨ ਨੇ ਸਿੱਖ ਨੌਜ਼ਵਾਨਾਂ ਨੂੰ ਫਾਂਸੀਆਂ ਦੇਣ ਵਾਲੀਆ ਹਕੂਮਤਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਉਹ ਸਮਾਣੇ ਦੇ ਜਲਾਦਾਂ ਦੇ ਹਸ਼ਰ ਨੂੰ ਯਾਦ ਰੱਖਣ ਕਿਉਕਿ ਹੁਣ ਹਕੂਮਤਾਂ ਜ਼ਲਾਦਾਂ ਵਾਲੀ ਭੁਮਿਕਾਂ ਨਿਭਾ ਰਹੀਆ ਹਨ । ਉਹਨਾਂ ਬਾਦਲ ਵੱਲੋ ਦਿੱਤੇ ਉਸ ਬਿਆਨ ਜਿਸ ਵਿਚ ਸ. ਬਾਦਲ ਨੇ ਵਿਧਾਨ ਦੀ ਧਾਰਾ 25 ਨੂੰ ਸਾੜਨ ਦੀ ਆਪਣੇ ਤੋ ਹੋਈ ਕਾਰਵਾਈ ਨੂੰ ਬਜ਼ਰ ਗੁਸਤਾਖੀ ਕਿਹਾ ਹੈ, ਨੂੰ ਗੈਰ ਦਲੀਲ ਕਰਾਰ ਦਿੰਦੇ ਹੋਏ ਕਿਹਾ ਕਿ ਜੁਲਾਈ 2012 ਵਿਚ ਹਿੰਦ ਦੇ ਪਰੈਜੀਡੈਟ ਦੀ ਚੋਣ ਹੋਣੀ ਹੈ । ਇਸ ਲਈ ਹੀ ਸ. ਬਾਦਲ ਦੀ ਨਜ਼ਰ ਹੁਣ ਪਰੈਜੀਡੈਟ ਉਤੇ ਬਣਨ ਉਤੇ ਟਿੱਕੀ ਹੋਈ ਹੈ । ਇਸ ਕਰਕੇ ਹੀ ਸ. ਬਾਦਲ ਹਿੰਦੂਤਵ ਤਾਕਤਾਂ ਅੱਗੇ ਗੋਡੇ ਟੇਕ ਕੇ ਆਪਣੇ ਆਪ ਨੂੰ ਉਹਨਾਂ ਦਾ ਗੁਲਾਮ ਸਾਬਿਤ ਕਰਨ ਲਈ ਲੱਗੇ ਹੋਏ ਹਨ । ਇਹਨਾਂ ਸਾਰੇ ਉਪਰੋਕਤ ਮੁੱਦਿਆ ਉਤੇ ਵਿਚਾਰ ਕਰਨ ਲਈ 16 ਮਾਰਚ ਨੂੰ ਕਿਲ੍ਹਾਂ ਸ. ਹਰਨਾਮ ਸਿੰਘ ਵਿਖੇ ਸਵੇਰੇ 11:00 ਵਜੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਪਾਰਲੀਆਮੈਟ ਅਫੈਅਰਸ ਕਮੇਟੀ ਦੀ ਹੰਗਾਮੀ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਅਗਲੀ ਰਣਨਿਤੀ ਤਹਿ ਕੀਤੀ ਜਾਵੇਗੀ ।