ਆਕਲੈਂਡ,(ਆਕਲੈਂਡ ਤੋਂ ਪਰਮਜੀਤ ਸਿੰਘ ਬਾਗੜੀਆ)-ਨਿਊਜ਼ੀਲੈਂਡ ਵਿਚ ਸਿੱਖਾਂ ਦੀ ਭਰਵੀਂ ਵਸੋਂ ਵਾਲੇ ਸ਼ਹਿਰ ਆਕਲੈਂਡ ਵਿਖੇ ਵੱਡੀ ਗਿਣਤੀ ਵਿਚ ਜੁੜੀਆਂ ਸਿੱਖ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕੌਮ ਦੇ ਨਾਂ ਆਪਣੇ ਸੰਦੇਸ਼ ਵਿਚ ਕਿਹਾ ਕਿ ਸਿੱਖ ਕੌਮ ਨੂੰ ਆਪਸ ਵਿਚ ਏਕਤਾ ਤੇ ਇਤਫਾਕ ਰੱਖਣਾ ਚਾਹੀਦਾ ਹੈ। ਉਹ ਨਿਊਜ਼ੀਲੈਂਡ ਦੇ ਸਿੱਖਾਂ ਦੀ ਸਭ ਤੋਂ ਵੱਡੀ ਜਥੇਬੰਦੀ ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਵਲੋਂ ਨਵੇਂ ਵਰ੍ਹੇ ਦੀ ਆਮਦ ਸਬੰਧੀ ਆਯੋਜਿਤ ਧਾਰਮਿਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਇਸ ਤੋਂ ਪਹਿਲਾਂ ਨਵੇਂ ਸਾਲ ਦੇ ਸਬੰਧ ਵਿਚ ਅਤੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਸਾਹਿਬ ਦੀ 7ਵੀਂ ਵਰ੍ਹੇਗੰਡ ਮੌਕੇ ਅਰੰਭੇ ਧਾਰਮਿਕ ਸਮਾਗਮਾਂ ਵਿਚ ਕਥਾ ਤੇ ਕੀਰਤਨ ਪ੍ਰਵਾਹ ਰਾਤ ਦੇ 12 ਵਜੇਂ ਤੱਕ ਚੱਲਿਆ। ਸਿੱਖ ਸੰਗਤਾਂ ਨੇ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਵਲੋਂ ‘ਪਾਠ ਦੀਦਾਰ’ ਵਿਸ਼ੇ ਤੇਂ ਡੂੰਘੀ ਕਥਾ ਵਿਚਾਰ ਸਰਵਣ ਕੀਤੀ। ਭਾਈ ਪਿੰਦਰਪਾਲ ਸਿੰਘ ਜੀ ਨੇ ਸਰਲ ਪਰ ਵਿਸਥਾਰਿਤ ਵਿਆਖਿਆ ਰਾਹੀਂ ਸੰਗਤਾਂ ਨੂੰ ਗੁਰਮਤਿ ਜਸ ਨਾਲ ਜੋੜੀ ਰੱਖਿਆ। ਇਸਦੇ ਨਾਲ ਹੀ ਪੰਥ ਦੇ ਪ੍ਰਸਿੱਧ ਰਾਗੀ ਭਾਈ ਗੁਰਮੇਜ ਸਿੰਘ ਜੀ ਨੇ ਵੀ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਜਥੇਦਾਰ ਜੀ ਨਾਲ ਹੀ ਨਿਊਜੀਲੈਂਡ ਦੀਆਂ ਸੰਗਤਾਂ ਦੇ ਵਿਸ਼ੇਸ਼ ਸੱਦੇ ‘ਤੇ ਆਕਲੈਂਡ ਪੁੱਜੇ ਸ. ਪਰਮਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਜਥੇਦਾਰ ਜੀ ਹੱਥੋਂ ਜਾਰੀ ਕਰਵਾਏ ਨਵੇਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਤੋਂ ਪਹਿਲਾਂ ਸਿੱਖ ਕੌਮ ਦੇ ਨਾਂ ਆਪਣੇ ਸੰਦੇਸ਼ ਵਿਚ ਕਿਹਾ ਕਿ ਇਹ ਸੋਧਿਆ ਹੋਇਆ ਕੈਲੰਡਰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ, ਸਮੁੱਚੀਆਂ ਨਾਨਕਸ਼ਾਹੀ ਕੈਲੰਡਰ ਕਮੇਟੀਆਂ ਅਤੇ ਸੰਤ ਮਹਾ-ਪੁਰਸ਼ਾਂ ਨੇ ਆਪਸੀ ਸਹਿਮਤੀ ਨਾਲ ਤਿਆਰ ਕੀਤਾ ਹੈ, ਕੁਝ ਲੋਕ ਹਨ ਜੋ ਇਸ ਬਾਬਤ ਮਾੜਾ ਪ੍ਰਚਾਰ ਕਰ ਰਹੇ ਹਨ, ਸਿੱਖ ਕੌਮ ਨੂੰ ਕਾਲੀਆਂ ਭੇਡਾਂ ਤੋਂ ਸੁਚੇਤ ਹੋਣਾ ਜਰੂਰੀ ਹੈ ਜੋ ਸਿੱਖਾਂ ਨੂੰ ਸਾਡੇ ਗੁਰੁ ਸਾਹਿਬਾਨਾਂ ਦੀ ਅਮ੍ਰਿਤ ਬਾਣੀ ਅਤੇ ਸੇਵਾ ਦੇ ਸੰਕਲਪ ਨਾਲੋਂ ਤੋੜਨ ਦੇ ਯਤਨਾਂ ਵਿਚ ਹਨ ਅਤੇ ਕੌਮ ਅੱਗੇ ਭੁਲੇਖੇ ਖੜੇ ਕਰਨ ਦੇ ਯਤਨਾਂ ਵਿਚ ਹਨ। ਉਨ੍ਹਾਂ ਅੱਗੇ ਕਿਹਾ ਕਿ ਗੱਲ ਕਿਸੇ ਗ੍ਰੰਥ ਦੀ ਨਹੀਂ ਇਨ੍ਹਾਂ ਦੀ ਸੋਚ ਦੀ ਹੈ। ਜੋ ਭੱਟਾਂ ਅਤੇ ਭਗਤਾਂ ਦੀ ਬਾਣੀ ਆਪ ਗੁਰੁ ਸਾਹਿਬਾਨ ਜੀ ਨੇ ਭਾਈ ਗੁਰਦਾਸ ਜੀ ਤੋਂ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਕਰਵਾਈ , ਉਸ ‘ਤੇ ਇਹ ਲੋਕ ਕਿੰਤੂ ਪ੍ਰੰਤੂ ਕਰ ਰਹੇ ਹਨ। ਅੱਗੇ ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਵਲੋਂ ਬਖਸਿ਼ਸ਼ ਗੁਰਬਾਣੀ ਦੇ ਜੋ ਪ੍ਰਚਾਰਕ ਸੰਗਤਾਂ ਨੂੰ ਗੁਰਮਤਿ ਸਿਧਾਂਤ ਨਾਲ ਜੋੜ ਕੇ, ਅਮ੍ਰਿਤ ਦੀ ਮਹਾਨਤਾ ਦਰਸਾ ਕੇ ਉਨ੍ਹਾਂ ਨੂੰ ਅਮ੍ਰਿਤ ਲਈ ਪ੍ਰੇਰਦੇ ਹਨ ਉਨ੍ਹਾਂ ਦੀ ਰੱਖਿਆ ਜਰੂਰੀ ਹੈ। ਸਿੰਘ ਸਾਹਿਬਾਨ ਵਲੋਂ ਸਿੱਖਾਂ ਦੀ ਵੱਖਰੀ ਹੋਂਦ ਅਤੇ ਗੁਰਪੁਰਬ ਨੂੰ ਵਿਸ਼ੇਸ਼ ਤੌਰ ‘ਤੇ ਦਰਸਾਉਂਦੇ ਇਸ ਕੈਲੰਡਰ ਜਾਰੀ ਕਰਨ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ। ਸਿੰਘ ਸਾਹਿਬਾਨ ਵਲੋਂ ਜਾਰੀ ਕੀਤੇ ਕੈਲੰਡਰ ਮੌਕੇ ਭਾਈ ਦਲਜੀਤ ਸਿੰਘ ਜੇ.ਪੀ. ਸੁਪਰੀਮ ਸਿੱਖ ਕੌਂਸਲ ਅਤੇ, ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ, ਸ. ਹਰਦੀਪ ਸਿੰਘ। ਸ. ਤਰਸੇਮ ਸਿੰਘ ਧੀਰੋਵਾਲ, ਭਾਈ ਸਰਵਣ ਸਿੰਘ ਅਗਵਾਨ, ਤੇਜਿੰਦਰ ਸਿੰਘ ਅਤੇ ਕਮਲਜੀਤ ਸਿੰਘ ਬੈਨੀਪਾਲ ਹਾਜਰ ਸਨ।