ਨਵੀਂ ਦਿੱਲੀ- ਕੇਂਦਰ ਵਿੱਚ ਯੂਪੀਏ ਸਰਕਾਰ ਮਮਤਾ ਨੂੰ ਅਲਵਿਦਾ ਕਹਿ ਸਕਦੀ ਹੈ। ਰੇਲ ਬਜਟ ਦੇ ਸਬੰਧ ਵਿੱਚ ਮਮਤਾ ਵੱਲੋਂ ਆਪਣੀ ਹੀ ਪਾਰਟੀ ਦੇ ਰੇਲ ਮੰਤਰੀ ਦੇ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਤੇ ਕਾਂਗਰਸ ਦੀ ਬੇਰੁੱਖੀ ਤ੍ਰਿਣਮੂਲ ਨੂੰ ਕਿਨਾਰੇ ਲਗਾਉਣ ਦੇ ਸਾਫ਼ ਸੰਕੇਤ ਦੇ ਰਹੀ ਹੈ। ਕਾਂਗਰਸ ਅੰਦਰਖਾਤੇ ਸਮਾਜਵਾਦੀ ਪਾਰਟੀ ਨਾਲ ਗੰਢਤੁੱਪ ਕਰ ਰਹੀ ਹੈ ਤਾਂ ਜੋ ਮਮਤਾ ਦੀ ਜਗ੍ਹਾ ਮੁਲਾਇਮ ਨੂੰ ਸਰਕਾਰ ਵਿੱਚ ਸ਼ਾਮਿਲ ਕਰਕੇ ਕੇਂਦਰ ਸਰਕਾਰ ਨੂੰ ਮਜ਼ਬੂਤ ਕੀਤਾ ਜਾ ਸਕੇ।
ਕਾਂਗਰਸ ਨੇ ਸਮਾਜਵਾਦੀ ਪਾਰਟੀ ਨਾਲ ਨਜ਼ਦੀਕੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸ ਦੇ ਪੰਜ ਨੇਤਾ ਅਖਿਲੇਸ਼ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ। ਸੋਨੀਆ ਨੇ ਸਮਾਗਮ ਵਿੱਚ ਸ਼ਾਮਿਲ ਨਾਂ ਹੋਣ ਕਰਕੇ ਮੁਲਾਇਮ ਨੂੰ ਚਿੱਠੀ ਲਿਖੀ ਹੈ ਕਿ ਉਹ ਸਿਹਤ ਖਰਾਬ ਹੋਣ ਕਰਕੇ ਨਹੀਂ ਪਹੁੰਚ ਸਕੀ। ਇਹ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਮੁਲਾਇਮ ਯਾਦਵ ਨ ਰੱਖਿਆ ਮੰਤਰੀ ਬਣਾਇਆ ਜਾ ਸਕਦਾ ਹੈ। ਮੁਲਾਇਮ ਵੀ ਹੁਣ ਯੂਪੀ ਦੀ ਕਮਾਂਡ ਆਪਣੇ ਪੁੱਤਰ ਨੂੰ ਸੌਂਪ ਕੇ ਰਾਸ਼ਟਰੀ ਰਾਜਨੀਤੀ ਵਿੱਚ ਆਉਣ ਦੇ ਚਾਹਵਾਨ ਹਨ। ਇਸ ਲਈ ਸਮਾਜਵਾਦੀ ਪਾਰਟੀ ਲਈ ਇਹ ਢੁਕਵਾਂ ਮੌਕਾ ਹੈ। ਮਮਤਾ ਦੇ ਕਿਨਾਰੇ ਲਗਣ ਨਾਲ ਲੈਫ਼ਟ ਵੀ ਦੁਬਾਰਾ ਕਾਂਗਰਸ ਦੇ ਨਜ਼ਦੀਕ ਆ ਸਕਦਾ ਹੈ।