ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ,
ਸਾਜੇ ਪੰਜ ਪਿਆਰੇ।
ਦੁਨੀਆਂ ‘ਤੇ ਉਹ ਚੱਮਕ ਰਹੇ ਨੇ,
ਬਣ ਕੇ ਚੰਨ ਸਿਤਾਰੇ।
ਨੀਂਹ ਕੌਮ ਦੀ ਪੱਕੀ ਕਰਨੀ ,
ਦਿਲ ਦੇ ਵਿਚ ਧਿਆਇਆ ।
ਪੰਥ ਖਾਲਸਾ ਹਊ ਨਿਆਰਾ ,
ਦਸਮੇਸ਼ ਪਿਤਾ ਫੁਰਮਾਇਆ।
ਪਹਿਨ ਕੇ ਪੰਜ ਕਕਾਰ ਗੁਰਾਂ ਨੇ,
ਛਡੇ ਪੰਜ ਜੈਕਾਰੇ।
ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ,
ਸਾਜੇ ਪੰਜ ਪਿਆਰੇ ।
ਦੁਨੀਆਂ ‘ਤੇ ਉਹ………………।
ਸੀਸ ਤਲੀ ‘ਤੇ ਧਰ ਆਪਣਾ,
ਜੋ ਦੇ ਜਾਂਦਾ ਕੁਰਬਾਨੀ ।
ਉਹ ਲੱਖਾਂ ‘ਚੋਂ ਵੱਖਰਾ ਲੱਭੇ ,
ਉਹਦੀ ਵੱਖਰੀ ਹਊ ਨਿਸ਼ਾਨੀ ।
ਜਾਤ ਪਾਤ ਦਾ ਭੇਤ ਮਿਟਾਉਣਾਂ ,
ਇੱਕੋ ਜਿਹੇ ਹਾਂ ਸਾਰੇ।
ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ,
ਸਾਜੇ ਪੰਜ ਪਿਆਰੇ ।
ਦੁਨੀਆਂ ‘ਤੇ ਉਹ ……………।
ਜਿਸ ਨੇ ਖੰਡੇ ਬਾਟੇ ਵਾਲਾ ,
ਹੱਸ – ਹੱਸ ਅਮ੍ਰਿਤ ਪੀਤਾ ।
ਉਹ ਮੇਰਾ ਹੈ ਸਿੰਘ ਪਿਆਰਾ ,
ਜਿਸ ਵਾਰ ਜ਼ੁਲਮ ਤੇ ਕੀਤਾ ।
ਏਸੇ ਲਈ ਹੀ ਪਿਤਾ ਵਾਰਿਆ ,
ਵਾਰੇ ਪੁਤੱਰ ਚਾਰੇ ।
ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ,
ਸਾਜੇ ਪੰਜ ਪਿਆਰੇ ।
ਦੁਨੀਆਂ ‘ਤੇ ਉਹ …………….।
ਸਾਰੇ ਜੱਗ ਤੇ ਰਾਜ ਕਰੇਗੀ ,
ਇਹ ਸਿੰਘਾਂ ਦੀ ਸਰਦਾਰੀ ।
ਸਿਰ ਲੱਥੇ ਸਰਦਾਰਾਂ ਦੀ ਹੈ ,
ਇਹ ਸਿੱਖ ਕੌਮ ਨਿਆਰੀ ।
“ਸੁਹਲ” ਕਲਗੀਆਂ ਵਾਲੇ ਤੋਂ ਮੈਂ ,
ਜਾਵਾਂ ਸੱਦ ਬਲਿਹਾਰੇ।
ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ,
ਸਾਜੇ ਪੰਜ ਪਿਆਰੇ ।
ਦੁਨੀਆਂ ‘ਤੇ ਉਹ ਚੱਮਕ ਰਹੇ ਨੇ ,
ਬਣ ਕੇ ਚੰਨ ਸਿਤਾਰੇ ।