ਅੰਮ੍ਰਿਤਸਰ:- ਸ਼ਹੀਦ ਭਗਤ ਸਿੰਘ ਮੈਮੋਰੀਅਲ ਕਲੱਬ, ਬਰਨਾਲਾ ਵੱਲੋਂ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਚੋਟੀ ਦੀਆਂ 8 ਟੀਮਾਂ ਦੇ ਮੈਚ ਕਰਵਾਏ ਗਏ। ਇਹ ਮੈਚ ਨਾਮਧਾਰੀ ਸ਼ਹੀਦ ਵਰਿਆਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਬਰਨਾਲਾ ਦੀ ਗਰਾਉਂਡ ਵਿਚ ਅਯੋਜਿਤ ਹੋਏ। ਬਹੁਤ ਹੀ ਫਸਵੇਂ ਮੁਕਾਬਲਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਤਸੂਰਤ ਸਿੱਖ ਖਿਡਾਰੀਆਂ ਦੀ ਟੀਮ ਨੇ ਇਹ ਇੱਕ ਲੱਖ ਰੁਪਏ ਦਾ ਕਬੱਡੀ ਕੱਪ 6 ਅੰਕਾਂ ਨਾਲ ਜਿੱਤਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦਾ ਪਹਿਲਾ ਮੈਚ ਸੰਤ ਬਰਖੁਰਾਮ ਅਕੈਡਮੀ ਖੜਕਾਂ, ਹਰਿਆਣਾ ਨਾਲ ਹੋਇਆ। ਦੂਜਾ ਮੈਚ ਸ਼ਹੀਦ ਭਗਤ ਸਿੰਘ ਅਕੈਡਮੀ ਬਰਨਾਲਾ ਨਾਲ ਹੋਇਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ 3 ਅੰਕਾਂ ਨਾਲ ਜਿੱਤਿਆ। ਮੀਰੀ ਪੀਰੀ ਸ਼ਹਿਨਸ਼ਾਹ ਕਬੱਡੀ ਅਕੈਡਮੀ ਯੂ. ਕੇ. ਨੇ ਕਾਹਰੀ-ਸਾਹਰੀ ਅਕੈਡਮੀ ਹੁਸ਼ਿਆਰਪੁਰ ਅਤੇ ਫਤਹਿਗੜ ਸਾਹਿਬ ਮਾਧੋਪੁਰ ਨੂੰ ਹਰਾ ਕੇ ਦੂਜਾ 75 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। 70 ਕਿਲੋ ਕਬੱਡੀ ਦੇ ਮੈਚਾਂ ਵਿਚ ਬਰਨਾਲਾ ਦੀ ਟੀਮ ਪਹਿਲੇ ਨੰਬਰ ’ਤੇ ਰਹੀ।
ਸੇਠ ਲੱਖਪਤ ਰਾਏ ਨੇ ਜੇਤੂ ਟੀਮਾਂ ਨੂੰ ਇਨਾਮਾ ਦੀ ਵੰਡ ਕੀਤੀ ਪਹਿਲੇ ਇਨਾਮ ਦੀ ਇੱਕ ਲੱਖ ਰੁਪਏ ਦੀ ਰਾਸ਼ੀ ਕਲੱਬ ਨੂੰ ਯੂ. ਏ. ਈ ਵਿਚ ਰਹਿੰਦੇ ਪਰਵਾਸੀ ਭਾਰਤੀ ਦਰਸ਼ਨ ਬਰਨਾਲਾ ਅਤੇ ਓਮ ਪ੍ਰਕਾਸ਼ ਢੰਡਾ ਬੰਨਾ ਵੱਲੋਂ ਦਿੱਤੀ ਗਈ । ਇਸ ਮੌਕੇ ਕੇਸਾਧਾਰੀ ਸਾਬਤ ਸੂਰਤ ਟੀਮ ਬਣਾਉਣ ਦੇ ਲਈ ਸ. ਦਲਮੇਘ ਸਿੰਘ ਖੱਟੜਾ, ਸਕੱਤਰ ਸ਼੍ਰੋਮਣੀ ਕਮੇਟੀ ਅਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਜਗੀਰ ਜਗਤਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ. ਬਲਜੀਤ ਸਿੰਘ ਮਾਨ ਕਲੱਬ ਦੇ ਪ੍ਰਧਾਨ ਵੱਲੋਂ ਉਚੇਚੇ ਤੌਰ ’ਤੇ ਸਾਰੀਆਂ ਟੀਮਾਂ ਅਤੇ ਦਰਸ਼ਕਾਂ ਦਾ ਸਨਮਾਨ ਕੀਤਾ ਗਿਆ। ਮਹੰਤ ਬਾਬਾ ਪਿਆਰਾ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਵੱਲੋਂ ਟੀਮ ਦਾ 11 ਹਜ਼ਾਰ ਰੁਪਏ ਨਾਲ ਉਚੇਚੇ ਤੌਰ ’ਤੇ ਸਨਮਾਨ ਕੀਤਾ। ਸੰਦੀਪ ਕੁਰੜ ਨੇ ਕੁਮੈਂਟਰੀ ਕਰਦਿਆਂ ਆਪਣੇ ਸ਼ਬਦਾ ਨਾਲ ਪੰਜਾਬੀ ਸੱਭਿਆਚਾਰ ਅਤੇ ਕਬੱਡੀ ਨੂੰ ਮਿਲਾ ਕੇ ਦਰਸ਼ਕਾਂ ਦਾ ਬਹੁਤ ਮਨੋਰੰਜਨ ਕੀਤਾ।
ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਹਰਮਨ ਖੱਟੜਾ ਸਪੋਰਟਸ ਕੱਬਡੀ ਕੱਪ ਖੱਟੜਾ, ਕਬੱਡੀ ਕੱਪ ਸ਼ਹੀਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਵਿਖੇ, ਕਬੱਡੀ ਕੱਪ ਸਪੋਰਟਸ ਕਲੱਬ ਜਰਖੜ, ਅਜ਼ਾਦ ਕਬੱਡੀ ਕੱਪ ਮੁਲਾਂਪੁਰ, ਕਬੱਡੀ ਕੱਪ ਕੋਟ ਫੱਤਾ (ਬਠਿੰਡਾ), ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਯਾਦਗਾਰੀ ਕਬੱਡੀ ਕੱਪ ਰੋਡੇ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਕਬੱਡੀ ਕੱਪ ਟੌਹੜਾ ਵੀ ਜਿੱਤ ਚੁੱਕੀ ਹੈ। ਸ. ਸਿਕੰਦਰ ਸਿੰਘ ਮਲੂਕਾ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਥੋੜੇ ਸਮੇਂ ਵਿਚ ਟੀਮ ਦੀਆਂ ਵੱਡੀਆਂ ਪ੍ਰਾਪਤੀਆ ’ਤੇ ਮੁਬਾਰਕਬਾਦ ਦਿੱਤੀ।