ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਾਸ਼ਟਰਪਤੀ ਜਰਦਾਰੀ ਦੇ ਖਿਲਾਫ਼ ਸਵਿਸ ਅਧਿਕਾਰੀਆਂ ਨੂੰ ਪੱਤਰ ਨਹੀਂ ਲਿਖਣਗੇ।ਪ੍ਰਧਾਨਮੰਤਰੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਮਾਮਲੇ ਵਿੱਚ ਆਪਣਾ ਲਿਖਤੀ ਬਿਆਨ ਪੇਸ਼ ਕੀਤਾ ਹੈ।
ਪ੍ਰਧਾਨਮੰਤਰੀ ਗਿਲਾਨੀ ਨੇ ਆਪਣੇ 24 ਪੰਨਿਆਂ ਦੇ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਵਿਦੇਸ਼ੀ ਜੱਜਾਂ ਸਾਹਮਣੇ ਪੇਸ਼ ਨਹੀਂ ਹੋਣਾ ਚਾਹੀਦਾ। ਗਿਲਾਨੀ ਨੇ ਲਿਖਿਆ ਹੈ, “ ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਸੈਨਾ ਦੇ ਸੁਪਰੀਮ ਕਮਾਂਡਰ ਨੂੰ ਵਿਦੇਸ਼ੀ ਜੱਜਾਂ ਸਾਹਮਣੇ ਨਹੀਂ ਸੁੱਟਿਆ ਜਾ ਸਕਦਾ।” ਪ੍ਰਧਾਨਮੰਤਰੀ ਦੇ ਵਕੀਲ ਐਤਿਆਜ ਅਹਿਸਨ ਨੇ ਇਹ ਲਿਖਤੀ ਬਿਆਨ ਸੁਪਰੀਮ ਕੋਰਟ ਦੇ ਸੱਤ ਮੈਂਬਰੀ ਬੈਂਚ ਦੇ ਸਾਹਮਣੇ ਪੇਸ਼ ਕੀਤਾ। ਜਿਕਰਯੋਗ ਹੈ ਕਿ ਪ੍ਰਧਾਨਮੰਤਰੀ ਗਿਲਾਨੀ ਪਹਿਲਾਂ ਵੀ ਇਹ ਕਹਿ ਚੁੱਕੇ ਹਨ ਕਿ ਉਹ 6 ਮਹੀਨੇ ਦੀ ਜੇਲ੍ਹ ਦੀ ਕੈਦ ਕਟ ਲੈਣਗੇ ਪਰ ਰਾਸ਼ਟਰਪਤੀ ਜਰਦਾਰੀ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਖੁਲ੍ਹਵਾਉਣ ਲਈ ਸਵਿਸ ਅਧਿਕਾਰੀਆਂ ਨੂੰ ਪੱਤਰ ਨਹੀਂ ਲਿਖਣਗੇ। ਗਿਲਾਨੀ ਦੇਸ਼ ਦੇ ਅਜਿਹੇ ਪਹਿਲੇ ਪ੍ਰਧਾਨਮੰਤਰੀ ਹਨ, ਜਿਸ ਦੇ ਵਿਰੁੱਧ ਅਦਾਲਤ ਦੀ ਮਾਣਹਾਨੀ ਦਾ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨਮੰਤਰੀ ਜੁਲਿਫਕਾਰ ਅਲੀ ਭੁੱਟੋ ਅਤੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਸਿਰਫ਼ ਨੋਟਿਸ ਭੇਜੇ ਗਏ ਸਨ।