ਸਟਾਕਹੋਮ- ਐਸਆਈਪੀਆਰਆਈ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਹੱਥਿਆਰ ਖ੍ਰੀਦਣ ਵਾਲਾ ਦੇਸ਼ ਬਣਿਆ ਹੈ। 2007 ਤੋਂ 2011 ਦੇ ਸਮੇਂ ਦੌਰਾਨ ਕੀਤੇ ਗਏ ਅਧਿਅਨ ਦੌਰਾਨ ਭਾਰਤ ਹੱਥਿਆਰ ਖ੍ਰੀਦਣ ਵਿੱਚ ਪਹਿਲੇ ਸਥਾਨ ਤੇ ਦੱਖਣੀ ਕੋਰੀਆ ਦੂਸਰੇ ਨੰਬਰ ਤੇ ਅਤੇ ਪਾਕਿਸਤਾਨ ਅਤੇ ਚੀਨ ਤੀਸਰੇ ਸਥਾਨ ਤੇ ਰਹੇ ਹਨ।
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਖੋਜ ਅਨੁਸਾਰ 2002-2006 ਤੱਕ ਦੇ ਪੰਜ ਸਾਲਾਂ ਦੇ ਸਮੇਂ ਦੀ ਤੁਲਨਾ ਵਿੱਚ ਸਾਲ 2007-11 ਤੱਕ ਦੇ ਸਮੇਂ ਦੌਰਾਨ ਦੁਨੀਆਂ ਵਿੱਚ 24% ਅਧਿਕ ਹੱਥਿਆਰਾਂ ਦੀ ਖ੍ਰੀਦ ਵਿਕਰੀ ਹੋਈ ਹੈ। ਇਸ ਦੌਰਾਨ ਹੱਥਿਆਰਾਂ ਦਾ ਵੱਧ ਆਯਾਤ ਕਰਨ ਵਾਲੇ ਮੁੱਖ ਦੇਸ਼ ਏਸ਼ੀਆ ਦੇ ਹਨ। ਅੰਕੜਿਆਂ ਅਨੁਸਾਰ ਏਸ਼ਆਈ ਅਤੇ ਔਸ਼ਨਿਆਈ ਦੇਸ਼ਾਂ ਦੀ ਕੁਲ ਆਯਾਤ ਵਿੱਚ ਹਿੱਸੇਦਾਰੀ 44% ਰਹੀ ਜਦੋਂ ਕਿ ਯੌਰਪੀ ਦੇਸ਼ਾਂ ਨੇ 19%, ਮੱਧ-ਪੂਰਬ ਨੇ 17% ਅਤੇ ਅਮਰੀਕੀ ਦੇਸ਼ਾਂ ਨੇ11% ਹੱਥਿਆਰਾਂ ਦਾ ਆਯਾਤ ਕੀਤਾ। ਸੱਭ ਤੋਂ ਘੱਟ ਅਫ਼ਰੀਕੀ ਦੇਸ਼ਾਂ ਨੇ 9% ਹੱਥਿਆਰਾਂ ਦਾ ਆਯਾਤ ਕੀਤਾ।
ਦੁਨੀਆਂ ਦੇ ਕੁਲ ਹੱਥਿਆਰ ਆਯਾਤ ਵਿੱਚ ਭਾਰਤ ਦੀ ਹਿੱਸੇਦਾਰੀ 10% ਰਹਿਣ ਕਰਕੇ ਉਹ ਸੱਭ ਤੋਂ ਵੱਡਾ ਹੱਥਿਆਰ ਆਯਾਤ ਕਰਨ ਵਾਲਾ ਦੇਸ਼ ਬਣ ਗਿਆ। ਦੱਖਣੀ ਕੋਰੀਆ ਨੇ ਦੁਨੀਆਂ ਦੇ ਕੁਲ 6% ਅਤੇ ਪਾਕਿਸਤਾਨ ਅਤੇ ਚੀਨ ਨੇ ਪੰਜ-ਪੰਜ ਫੀਸਦੀ ਹੱਥਿਆਰਾਂ ਦਾ ਆਯਾਤ ਕੀਤਾ। ਸਿੰਘਾਪੁਰ ਨੇ ਕੁਲ 4% ਹੱਥਿਆਰ ਆਯਾਤ ਕੀਤੇ। ਪਿੱਛਲੇ ਪੰਜ ਸਾਲਾਂ ਵਿੱਚ ਚੀਨ ਦੇ ਹੱਥਿਆਰ ਨਿਰਯਾਤ ਵਿੱਚ 95% ਦਾ ਵਾਧਾ ਹੋਇਆ ਹੈ ਅਤੇ ਉਹ ਦੁਨੀਆਂ ਦਾ ਛੇਂਵਾਂ ਸੱਭ ਤੋਂ ਵੱਡਾ ਹੱਥਿਆਰ ਨਿਰਯਾਤਕ ਦੇਸ਼ ਬਣ ਗਿਆ ਹੈ। ਚੀਨ ਨੇ ਜਿਆਦਾਤਰ ਹੱਥਿਆਰ ਪਾਕਿਸਤਾਨ ਨੂੰ ਵੇਚੇ ਹਨ।