ਫਤਹਿਗੜ੍ਹ ਸਾਹਿਬ,:- “ਬੀਤੇ ਕੁਝ ਦਿਨ ਪਹਿਲੇ ਜਦੋ ਸ. ਪ੍ਰਕਾਸ ਸਿੰਘ ਬਾਦਲ ਦੀ ਵਿਜ਼ਾਰਤ ਸੌਹ ਚੁੱਕ ਸਮਾਗਮ ਕਰ ਰਹੀ ਸੀ ਤਾਂ ਦਲ ਖ਼ਾਲਸਾ ਦੀ ਜਥੇਬੰਦੀ ਵੱਲੋ ਇਹ ਕਹਿਕੇ ਕਿ ਸ. ਬਾਦਲ ਦੀਆਂ ਪੰਥਕ ਸੇਵਾਵਾਂ ਕਰਕੇ ਹੀ ਕਿ ਉਸ ਨੂੰ ਪੰਥ ਰਤਨ ਅਤੇ ਫਖ਼ਰ-ਏ-ਕੌਮ ਦੇ ਖਿਤਾਬ ਦਿੱਤੇ ਗਏ ਹਨ, ਦੀ ਤਾਰੀਫ਼ ਕੀਤੀ ਗਈ ਸੀ । ਪਰ ਅੱਜ ਉਸੇ ਸ. ਬਾਦਲ ਵੱਲੋ ਸਿੱਖ ਕੌਮ ਦੇ ਕਾਤਿਲ ਜ਼ਾਲਿਮ ਪੁਲਿਸ ਅਫ਼ਸਰ ਸ੍ਰੀ ਸੁਮੇਧ ਸੈਣੀ ਨੂੰ ਬਤੌਰ ਪੰਜਾਬ ਦਾ ਡੀ.ਜੀ.ਪੀ ਲਗਾਉਣ ਦੀ ਕਾਰਵਾਈ ਹੋਈ ਹੈ ਤਾਂ ਦਲ ਖ਼ਾਲਸਾ ਉਸੇ ਜ਼ੁਬਾਨ ਨਾਲ ਉਸ ਦਾ ਵਿਰੋਧ ਵੀ ਕਰ ਰਿਹਾ ਹੈ । ਕਿ ਦਲ ਖ਼ਾਲਸਾ ਆਪਾ ਵਿਰੋਧੀ ਸੋਚ ਦਾ ਪ੍ਰਗਟਾਵਾ ਕਰਕੇ ਭੰਬਲਭੂਸੇ ਵਾਲੀ ਸਥਿਤੀ ਪੈਦਾ ਨਹੀ ਕਰ ਰਿਹਾ ?”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਦਲ ਖ਼ਾਲਸਾ ਦੀ ਜਥੇਬੰਦੀ ਦੇ ਬੇ-ਨਤੀਜਾ ਅਮਲਾ ਉਤੇ ਡੂੰਘੀ ਹੈਰਾਨੀ ਪ੍ਰਗਟ ਕਰਦੇ ਹੋਏ ਇਕ ਨਿਤੀ ਬਿਆਨ ਵਿਚ ਜ਼ਾਹਿਰ ਕੀਤੇ । ਉਹਨਾਂ ਕਿਹਾ ਜੋ ਜਥੇਬੰਦੀਆਂ ਆਪਣੇ ਹਿੱਤਾ ਨੂੰ ਮੁੱਖ ਰੱਖਕੇ ਕਦੀ ਸ. ਬਾਦਲ ਦੀ ਤਾਰੀਫ਼ ਕਰਨ ਲਈ ਮਜਬੂਰ ਹੁੰਦੀਆਂ ਹਨ ਅਤੇ ਕਦੀ ਉਸ ਦੀ ਵਿਰੋਧਤਾ ਕਰਨ ਲਈ, ਉਹਨਾਂ ਨੂੰ ਮਲਿਕ ਭਾਗੋਆ ਦੇ ਜ਼ਬਰ-ਜ਼ੁਲਮ ਅਤੇ ਬੇਇਨਸਾਫੀਆਂ ਵਾਲੇ ਮਹਿਲਾਂ ਦੇ ਆਨੰਦ ਐਸੋ-ਈਸਰਤ ਨੂੰ ਤਿਆਗ ਕੇ ਭਾਈ ਲਾਲੋਆਂ ਦੇ ਮਨ ਨੂੰ ਸਥਾਈ ਸਾਂਤੀ ਪ੍ਰਦਾਨ ਕਰਨ ਵਾਲੇ ਕੌਮੀ ਵਿਹੜੇ ਵਿਚ ਬਿਨ੍ਹਾਂ ਝਿਜ਼ਕ ਆ ਕੇ ਖਲ੍ਹੋ ਜਾਣਾ ਚਾਹੀਦਾ ਹੈ । ਤਾਂ ਕਿ ਸਿੱਖ ਕੌਮ ਦੇ ਦੁਸ਼ਮਣਾਂ ਅਤੇ ਦੋਸਤਾਂ ਦੀ ਪ੍ਰਤੱਖ ਲਕੀਰ ਖਿੱਚੀ ਜਾਂ ਸਕੇ । ਉਹਨਾਂ ਕਿਹਾ ਕਿ 18 ਮਾਰਚ ਨੂੰ ਸਮੂਹ ਪੰਥਕ ਜਥੇਬੰਦੀਆਂ ਦੀ ਲੁਧਿਆਣਾ ਵਿਖੇ ਸੱਦੀ ਗਈ ਇਕੱਤਰਤਾ ਸਿੱਖ ਸੋਚ ਨੂੰ ਮਜ਼ਬੂਤ ਕਰਨ ਦਾ ਹੀ ਉਪਰਾਲਾ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਵੱਲੋ ਹਰ ਜੱਥੇਬੰਦੀ ਦੇ ਮੁੱਖੀਆਂ ਨੂੰ ਫੋਨ ਉਤੇ ਸੰਪਰਕ ਕਰਕੇ ਬੇਨਤੀ ਕਰਨ ਉਪਰੰਤ ਵੀ, ਕਈ ਜਥੇਬੰਦੀਆਂ ਆਪਣੀਆਂ ਸਿਆਸੀ ਗਿਣਤੀਆਂ-ਮਿਣਤੀਆਂ ਦੇ ਚੱਕਰਵਿਊ ਵਿਚ ਉਲਝੀਆਂ ਰਹੀਆਂ । ਜਦੋ ਕਿ ਚਾਹੀਦਾ ਇਹ ਸੀ ਕਿ ਕੌਮੀ ਦੁਸ਼ਮਣ ਤਾਕਤਾਂ ਵੱਲੋ ਭਾਈ ਰਾਜੋਆਣੇ ਨੂੰ ਜ਼ਬਰੀ ਫਾਂਸੀ ਲਗਾਉਣ ਦੀ ਦਿੱਤੀ ਗਈ ਚੁਣੋਤੀ ਨੂੰ ਪ੍ਰਵਾਨ ਕਰਕੇ ਇਹਨਾਂ ਹਿੰਦੂਤਵ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਮੂਹਿਕ ਤੌਰ ਤੇ ਅਗਲਾ ਐਕਸ਼ਨ ਪ੍ਰੋਗਰਾਮ ਉਲੀਕ ਕੇ ਦੁਸ਼ਮਣ ਦੇ ਕੈਂਪ ਵਿਚ ਭਗਦੜ ਮਚਾ ਦਿੰਦੀ ।
ਸ. ਮਾਨ ਨੇ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਅਸੀ ਪੂਰਨ ਇਮਾਨਦਾਰੀ ਅਤੇ ਵਿਸ਼ਾਲਤਾ ਨਾਲ ਸਮੂਚੀਆਂ ਪੰਥਕ ਧਿਰਾ ਨੂੰ ਕੇਵਲ ਭਾਈ ਰਾਜੋਆਣੇ ਦੀ ਫਾਂਸੀ ਦੇ ਮੁੱਦੇ ਉਤੇ ਹੀ ਨਹੀ ਬਲਕਿ ਸਿੱਖ ਕੌਮ ਦੇ ਸਮੁੱਚੇ ਸੰਜ਼ੀਦਾ ਮਸਲਿਆ ਉਤੇ ਇਕ ਨਿਰਵਿਵਾਦ ਸਾਂਝਾ ਕੌਮੀ ਪਲੇਟਫਾਰਮ ਤਿਆਰ ਕਰਨ ਵਿਚ ਵਿਸ਼ਵਾਸ ਰੱਖਦੇ ਹਾਂ । ਇਸ ਲਈ ਹੀ ਇਹ ਕੋਸਿ਼ਸ਼ ਕਰ ਰਹੇ ਹਾਂ । ਕਿਉਕਿ ਦੁਸ਼ਮਣ ਤਾਕਤਾ ਨੇ ਭਾਈ ਰਾਜੋਆਣਾ ਨੂੰ ਫਾਂਸੀ ਲਗਾਉਣ ਦਾ ਐਲਾਣ ਕਰਕੇ ਸਿੱਖ ਕੌਮ ਨੂੰ “ਚੁਣੌਤੀ” ਦਿੱਤੀ ਹੈ । ਜਿਸ ਨੂੰ ਪ੍ਰਵਾਨ ਕਰਕੇ ਸਾਨੂੰ ਸਿੱਖ ਰਿਵਾਇਤਾਂ ਅਨੁਸਾਰ ਜਵਾਬ ਦੇਣ ਅਤੇ ਦੁਸ਼ਮਣ ਨੂੰ ਚਿੱਤ ਕਰਨ ਦਾ ਉੱਦਮ ਬਣਦਾ ਹੈ । ਦੂਸਰਾ ਜਦੋ ਕੋਈ ਗੈਰ ਇਖ਼ਲਾਕੀ ਜਾਂ ਗੈਰ ਸਮਾਜਿਕ ਐਕਸ਼ਨ ਹੁੰਦਾ ਹੈ ਤਾਂ ਸਿੱਖ ਕੌਮ ਵੱਲੋ ਉਸ ਦਾ ਰੀਐਕਸ਼ਨ ਹੋਣਾ ਕੁਦਰਤੀ ਹੁੰਦਾ ਹੈ । ਮਰਹੂਮ ਇੰਦਰਾਂ ਗਾਂਧੀ, ਜਰਨਲ ਵੈਦਿਯਾ ਅਤੇ ਬੇਅੰਤ ਸਿੰਘ ਦਾ ਖ਼ਤਮ ਹੋਣਾ ਰੀਐਕਸ਼ਨ ਹੀ ਸਨ । ਜੇਕਰ ਹਿੰਦੂਤਵ ਤਾਕਤਾਂ ਅਤੇ ਉਹਨਾਂ ਦੇ ਗੁਲਾਮ ਬਣੇ ਬਾਦਲ ਦਲੀਆਂ ਨੇ ਭਾਈ ਰਾਜੋਆਣੇ ਨੂੰ ਫਾਂਸੀ ਲਗਾਉਣ ਦੀ ਗੁਸਤਾਖ਼ੀ ਕੀਤੀ ਤਾਂ ਇਹ ਤਾਕਤਾਂ ਸਿੱਖ ਕੌਮ ਦੇ ਰੀਐਕਸ਼ਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ । ਕਿਉਕਿ ਸਿੱਖ ਕੌਮ ਸ਼ੇਰਾਂ ਦੀ ਕੌਮ ਹੈ ਨਾ ਕਿ ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਨਾ ਬਚਾ ਸਕਣ ਵਾਲੇ ਗਿੱਦੜਾਂ ਦੀ ।
ਉਹਨਾਂ ਨੇ ਆਪਣੇ ਬਿਆਨ ਦੇ ਅਖ਼ੀਰ ਵਿਚ ਸਮੁੱਚੀਆਂ ਪੰਥਕ ਧਿਰਾ, ਫੈਡਰੇਸ਼ਨਾ, ਟਕਸਾਲਾ, ਸੰਤ ਸਮਾਜ, ਸੰਪਰਦਾਵਾ, ਸਿਆਸੀ ਅਕਾਲੀ ਦਲਾਂ, ਸਿੱਖ ਵਿਦਵਾਨਾਂ, ਲੇਖਕਾਂ, ਕਾਂਗਰਸ, ਬੀਜੇਪੀ ਅਤੇ ਕਾਊਮਨਿਸ਼ਟ ਜਮਾਤਾਂ ਵਿਚ ਬੈਠੇ ਕੌਮੀ ਸੋਚ ਦੇ ਮਾਲਕ ਪੰਥ ਦਰਦੀਆਂ ਆਦਿ ਸਭ ਨੂੰ ਸਤਿਕਾਰ ਸਹਿਤ ਅਪੀਲ ਕਰਦੇ ਹੋਏ ਕਿਹਾ ਕਿ ਕੌਮ ਨੂੰ ਇਕ ਪਲੇਟਫਾਰਮ ਉਤੇ ਇਕੱਤਰ ਕਰਨ ਅਤੇ ਭਾਈ ਰਾਜੋਆਣਾ ਨੂੰ ਫਾਂਸੀ ਤੋ ਬਚਾਉਣ ਦਾ ਇਸ ਤੋ ਸੁਨਹਿਰੀ ਮੌਕਾਂ ਹੋਰ ਨਹੀ ਆਵੇਗਾ, ਇਸ ਲਈ ਕੋਈ ਵੀ ਪੰਥਕ ਧਿਰ, 21 ਮਾਰਚ ਨੂੰ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਵਿਖੇ ਰੱਖੀ ਗਈ ਸਾਂਝੀ ਇਕੱਤਰਤਾ ਤੋ ਦੂਰ ਰਹਿਣ ਦੀ ਕਿਸੇ ਤਰਾ ਦੀ ਮਜ਼ਬੂਰੀ ਜ਼ਾਹਿਰ ਨਾ ਕਰੇ ਅਤੇ ਹਰ ਹਾਲਤ ਵਿਚ ਇਸ ਫੈਸਲਾਕੁੰਨ ਇਕੱਤਰਤਾ ਵਿਚ ਹਾਜ਼ਰ ਹੋਵੇ । ਤਾਂ ਕਿ ਅਸੀ ਆਪਣੇ ਛੋਟੇ-ਮੋਟੇ ਵਿਚਾਰਾਂ ਦੇ ਵਖਰੇਵਿਆਂ ਨੂੰ ਪਾਸੇ ਰੱਖ ਕੇ ਇਕੱਤਰ ਵੀ ਹੋ ਸਕੀਏ ਅਤੇ ਦੁਸ਼ਮਣ ਹਿੰਦੂਤਵ ਤਾਕਤਾਂ ਦੀਆਂ ਸਿੱਖ ਵਿਰੋਧੀ ਸਾਜ਼ਿਸ਼ਾਂ ਨੂੰ ਅਸਫਲ ਬਣਾਉਦੇ ਹੋਏ, ਉਹਨਾਂ ਦੇ ਖ਼ਾਤਮੇ ਲਈ ਯੋਜਨਾਬੰਧ ਢੰਗ ਨਾਲ ਇੱਕ ਤਾਕਤ ਹੋ ਕੇ ਅਮਨਮਈ ਅਤੇ ਜ਼ਮਹੂਰੀਅਤ ਤਰੀਕੇ ਜ਼ਹਾਦ ਛੇੜ ਸਕੀਏ ਅਤੇ ਆਪਣੀ ਮੰਜ਼ਿਲ “ਖ਼ਾਲਿਸਤਾਨ” ਦੀ ਪ੍ਰਾਪਤੀ ਕਰ ਸਕੀਏ ।