ਅੰਮ੍ਰਿਤਸਰ:- ਕਾਰ-ਸੇਵਾ ਦੇ ਮਹਾਨ ਪੁੰਜ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵੱਲੋਂ ਸੇਵਾ ਦੇ ਖੇਤਰ ‘ਚ ਕੀਤੀਆਂ ਵੱਡਮੁੱਲੀਆਂ ਸੇਵਾਵਾਂ ਬਦਲੇ ਉਹਨਾਂ ਦੇ ਅਕਾਲ ਚਲਾਣੇ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ “ਪੰਥ ਰਤਨ” (ਤਸਤਰੀ, ਸਿਰੀ ਸਾਹਿਬ, ਲੋਈ ਅਤੇ ਸਿਰੋਪਾਓ) ਦਾ ਸਨਮਾਨ ਉਹਨਾਂ ਦੇ ਉਤਰਾ-ਅਧਿਕਾਰੀ ਬਾਬਾ ਬਚਨ ਸਿੰਘ ਨੂੰ ਦਿੱਤਾ ਗਿਆ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਇੰਦਰਜੀਤ ਸਿੰਘ ਦੇ ਜਥੇ ਵੱਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਧਰਮ ਸਿੰਘ ਵੱਲੋਂ ਕੀਤੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਨੇ ਹੁਕਮਨਾਮਾ ਲਿਆ। ਉਪਰੰਤ ਸੰਗਤਾਂ ਦੇ ਵਿਸ਼ਾਲ ਇਕੱਠ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਤਖਤ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨੰਦੇੜ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਵੱਲੋਂ ਸਾਂਝੇ ਰੂਪ ‘ਚ ਬਾਬਾ ਬਚਨ ਸਿੰਘ ਨੂੰ “ਪੰਥ ਰਤਨ” ਦਾ ਸਨਮਾਨ ਦਿਤਾ ਗਿਆ। ਇਸ ਸਮੇਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਗਿਆਨੀ ਸੁਖਜਿੰਦਰ ਸਿੰਘ ਜੀ, ਗਿਆਨੀ ਰਵੇਲ ਸਿੰਘ ਜੀ, ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ਵੇਂਦਾਤੀ, ਭਾਈ ਬਲਬੀਰ ਸਿੰਘ ਅਰਦਾਸੀਆ, ਗਿਆਨੀ ਜਸਵੰਤ ਸਿੰਘ ਕਥਾ ਵਾਚਕ, ਗਿਆਨੀ ਗੁਰਬਖਸ ਸਿੰਘ ਜੀ ਗੁਲਸ਼ਨ ਵੀ ਹਾਜਰ ਸਨ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ, ਗਿਆਨੀ ਸੰਤ ਸਿੰਘ ਜੀ ਮਸਕੀਨ, ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇਵਾਲੇ, ਭਾਈ ਮਹਿੰਦਰ ਸਿੰਘ ਜੀ ਸੋਨੇ ਦੀ ਕਾਰਸੇਵਾ(ਯੂ.ਕੇ.ਵਾਲੇ) ਅਤੇ ਮਾਨਯੋਗ ਸ.ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ “ਪੰਥ ਰਤਨ” ਦਾ ਸਨਮਾਨ ਦਿੱਤਾ ਜਾ ਚੁੱਕਾ ਹੈ। ਮੰਚ ਦੀ ਸੇਵਾ ਨਿਭਾਉਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ ਵੱਲੋਂ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਕਾਰ ਸੇਵਾ ਦੇ ਖੇਤਰ ਵਿੱਚ ਨਿਭਾਈਆਂ ਵਡਮੁੱਲੀਆਂ ਸੇਵਾਵਾਂ ਦੀ ਜਾਣਕਾਰੀ ਸੰਮੂਹ ਸਾਧ-ਸੰਗਤ ਨੂੰ ਦਿੱਤੀ ਗਈ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦੇ ਖੇਤਰ ਦੀ ਇਕ ਲਾਸਾਨੀ ਸ਼ਖਸੀਅਤ ਹੋਏ ਹਨ। ਆਪ ਜੀ ਨੇ ਆਪਣਾ ਸਮੁੱਚਾ ਜੀਵਨ ਗੁਰੂ-ਪੰਥ ਦੀ ਸੇਵਾ ਲਈ ਸਮਰਪਿਤ ਕੀਤਾ, ਆਪ ਦੁਆਰਾ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੇ ਗੁਰਧਾਮਾਂ ਦੀ ਕਰਵਾਈ ਗਈ ਕਾਰ ਸੇਵਾ ਦਾ ਖੇਤਰ ਬਹੁਤ ਵਿਸ਼ਾਲ ਹੈ। ਪੂਰੇ ਭਾਰਤ ਵਿੱਚ ਇਤਿਹਾਸਕ ਗੁਰੂ-ਘਰਾਂ ਦੀਆਂ ਸ਼ਾਨਦਾਰ ਸੁੰਦਰ ਇਮਾਰਤਾਂ ਦੀ ਉਸਾਰੀ ਕਰਾਉਣ, ਸੰਗਤਾਂ ਦੇ ਨਿਵਾਸ ਵਾਸਤੇ ਸਰਾਵਾਂ, ਲੰਗਰ ਹਾਲ ਅਤੇ ਦੀਵਾਨ ਹਾਲ ਤਿਆਰ ਕਰਵਾਏ। ਧਾਰਮਿਕ ਖੇਤਰ ਤੋਂ ਇਲਾਵਾ ਸਮਾਜ ਸੇਵਾ ਅਤੇ ਵਿਦਿਆ ਦੇ ਪ੍ਰਚਾਰ-ਪ੍ਰਸਾਰ ਵਿੱਚ ਭਰਪੂਰ ਯੋਗਦਾਨ ਪਾਉਂਦਿਆਂ ਅਨੇਕਾਂ ਸਕੂਲ, ਕਾਲਜ ਅਤੇ ਹਸਪਤਾਲਾਂ ਦੀ ਸੇਵਾ ਵੀ ਕਰਵਾਈ। ਆਪ ਜੀ ਨੇ ਗੁਰਬਾਣੀ ਦੇ ਪਾਵਨ ਵਾਕ ‘ਜਿਚਰੁ ਅੰਦਰਿ ਸਾਸੁ ਤਿਚਰੁ ਸੇਵਾ ਕੀਚੈ ਜਾਇ ਮਿਲੀਐ ਰਾਮ ਮੁਰਾਰੀ’ ਨੂੰ ਆਪਣੇ ਜੀਵਨ ਦਾ ਆਦਰਸ਼ ਬਣਾਉਂਦਿਆਂ ਜ਼ਿੰਦਗੀ-ਭਰ ਗੁਰੂ-ਘਰਾਂ ਦੀ ਕਾਰ-ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰੀ ਰੱਖਿਆ। ਹਰ ਪੰਥ ਦਰਦੀ ਜਾਣਦਾ ਹੈ, ਕਿ 1984 ਦੇ ਘੱਲੂਘਾਰੇ ਉਪਰੰਤ ਜਦੋਂ ਸਰਕਾਰ ਨੇ ਪਵਿੱਤਰ ਸਰੋਵਰ ਦੀ ਕਾਰ-ਸੇਵਾ ਕਰਵਾਉਣ ਲਈ ਆਪ ਤੱਕ ਪਹੁੰਚ ਕੀਤੀ ਤਾਂ ਆਪ ਨੇ ਸਰਕਾਰੀ ਦਬਾਅ ਹੇਠਾਂ ਆਉਣ ਦੀ ਬਜਾਇ ਨਿਡਰਤਾ ਸਹਿਤ ਉਸ ਸਮੇਂ ਤੱਕ ਸੇਵਾ ਕਾਰ-ਸੇਵਾ ਆਰੰਭ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਕਿ ਜਦੋਂ ਤੀਕ ਫੌਜ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਨਹੀਂ ਜਾਵੇਗੀ। ਐਸੇ ਪੰਥ ਸੇਵਕ ਬਾਬਾ ਹਰਬੰਸ ਸਿੰਘ ਜੀ ਇਕ ਨਿਸ਼ਕਾਮ ਸੇਵਕ ਵਾਂਗ ਸੇਵਾ ਕਰਦਿਆਂ ਪਿਛਲੇ ਸਾਲ ਗੁਰੂ-ਚਰਨਾਂ ‘ਚ ਜਾ ਬਿਰਾਜੇ ਸਨ। ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਤੇ ਪੰਥਕ ਜਥੇਬੰਦੀਆਂ ਵਲੋਂ ਬਾਬਾ ਹਰਬੰਸ ਸਿੰਘ ਜੀ ਦੁਆਰਾ ਕੀਤੀਆਂ ਸੇਵਾਵਾਂ ਨੂੰ ਸਨਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ-ਪੰਥ ਵਲੋਂ ਸਨਮਾਨ-ਸਤਿਕਾਰ ਦੇਣ ਦੀ ਮੰਗ ਨੂੰ ਵਿਚਾਰਦਿਆਂ ਪੰਜ ਸਿੰਘ ਸਾਹਿਬਾਨ ਨੇ ਬਾਬਾ ਹਰਬੰਸ ਸਿੰਘ ਜੀ ਨੂੰ ਉਨ੍ਹਾਂ ਵਲੋਂ ਨਿਸ਼ਕਾਮ ਭਾਵਨਾ ਨਾਲ ਨਿਭਾਈਆਂ ਸ਼ਾਨਦਾਰ ਸੇਵਾਵਾਂ ਦਾ ਸਤਿਕਾਰ ਕਰਦਿਆਂ, ਅਕਾਲ ਚਲਾਣੇ ਉਪਰੰਤ “ਪੰਥ-ਰਤਨ” ਦੇ ਸਨਮਾਨ ਨਾਲ ਨਿਵਾਜਣ ਦਾ ਨਿਰਣਾ ਕੀਤਾ ਗਿਆ ਹੈ। ਇਹ ਸਨਮਾਨ ਅੱਜ 7 ਚੇਤ, ਸੰਮਤ ਨਾਨਕਸ਼ਾਹੀ 544 ਮੁਤਾਬਿਕ 20 ਮਾਰਚ, 2012 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਬਖਸ਼ਿਸ਼ ਕੀਤਾ ਜਾ ਰਿਹਾ ਹੈ।
ਵਰਣਨ ਯੋਗ ਹੈ ਕਿ ਕਾਰ-ਸੇਵਾ ਦੇ ਮਹਾਨ ਪੁੰਜ ਜਥੇਦਾਰ ਬਾਬਾ ਹਰਬੰਸ ਸਿੰਘ ਦਾ ਜਨਮ 1920 ‘ਚ ਪਿੰਡ ਨੂਰਪੁਰ ਥਲ ਜਿਲਾ ਸਰਗੋਧਾ ਅਣਵੰਡੇ ਪੰਜਾਬ ‘ਚ ਸ.ਆਸਾ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਹੋਇਆ ਸੀ। ਬਾਬਾ ਹਰਬੰਸ ਸਿੰਘ ਦਾ ਬਚਪਨ ਦਾ ਨਾਮ ਹਰੀ ਸਿੰਘ ਸੀ। ਆਪ ਬਚਪਨ ਤੋਂ ਹੀ ਆਪਣੇ ਦਾਦਾ ਜਥੇਦਾਰ ਰਾਮ ਸਿੰਘ ਜੀ ਵਾਂਗ ਧਾਰਮਿਕ ਸੁਭਾਅ ਦੇ ਮਾਲਕ ਸਨ। 1943 ‘ਚ ਸੰਤ ਬਾਬਾ ਗੁਰਮੁੱਖ ਸਿੰਘ ਜੀ ਕਾਰ-ਸੇਵਾ ਵਾਲਿਆਂ ਵੱਲੋਂ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ (ਗੁਰਦੁਆਰਾ ਨਨਕਾਣਾ ਸਾਹਿਬ) ਵਿਖੇ ਪਵਿੱਤਰ ਸਰੋਵਰ ਲਈ ਹੰਸਲੀ ਦੀ ਕਰਵਾਈ ਜਾ ਰਹੀ ਸੇਵਾ ਬਾਰੇ ਪਤਾ ਚੱਲਿਆ ਤਾਂ ਬਾਬਾ ਹਰਬੰਸ ਸਿੰਘ ਜੀ ਨੇ ਕਾਰ-ਸੇਵਾ ਵਾਲੇ ਬਾਬਾ ਗੁਰਮੁੱਖ ਸਿੰਘ ਜੀ ਨੂੰ ਬੇਨਤੀ ਕਰਕੇ 40 ਦਿਨ ਦੀ ਸੇਵਾ ਮੰਗ ਲਈ, ਇਸ ਤੇ ਮਹਾਂਪੁਰਸ਼ ਬਾਬਾ ਗੁਰਮੁੱਖ ਸਿੰਘ ਕਾਰਸੇਵਾ ਵਾਲਿਆਂ ਵੱਲੋਂ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ? ਬਾਬਾ ਜੀ ਨੇ ਆਪਣਾ ਨਾਮ ਹਰੀ ਸਿੰਘ ਦੱਸਿਆ ਤਾਂ ਕਾਰਸੇਵਾ ਵਾਲੇ ਬਾਬਾ ਗੁਰਮੁੱਖ ਸਿੰਘ ਜੀ ਨੇ ਸੁਭਾਅਵਕ ਹੀ ਕਿਹਾ ਕਿ ਆਪ “ਹਰੀ ਕੇ ਬੰਸ ਹੋ” ਬਸ ਇਥੋਂ ਹੀ ਬਾਬਾ (ਹਰਬੰਸ ਸਿੰਘ) ਦੇ ਨਾਮ ਪੁਰ ਕਾਰ-ਸੇਵਾ ਦੇ ਪਵਿੱਤਰ ਕਾਰਜ ਵਿੱਚ ਇਕ ਹੋਰ ਨਾਮ ਜੁੜ ਗਿਆ।
ਇਸ ਤਰਾਂ ਕਾਰ-ਸੇਵਾ ਦੇ ਇਸ ਮਹਾਨ ਕੁੰਭ ‘ਚ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਬਾਬਾ ਹਰਬੰਸ ਸਿੰਘ ਦਾ ਸਫਰ ਸ਼ੁਰੂ ਹੋ ਕੇ ਦੇਸ਼ ਦੇ ਕੋਨੇ-ਕੋਨੇ ‘ਚ ਗੁਰੂ ਦਰਬਾਰ, ਲੰਗਰ, ਰਿਹਾਇਸ਼ੀ ਸਰਾਵਾਂ ਤੋਂ ਇਲਾਵਾ ਪਵਿੱਤਰ ਸਰੋਵਰਾਂ, ਸਰੋਵਰਾਂ ਨੂੰ ਜਲ ਸਪਲਾਈ ਕਰਨ ਲਈ ਹੰਸਲੀਆਂ, ਮਿਸ਼ਨਰੀ ਸਕੂਲਾਂ, ਕਾਲਜਾਂ ਤੋਂ ਇਲਾਵਾ ਗੁਰੂ ਘਰਾਂ ਨੂੰ ਜਾਣ ਵਾਲੇ ਰਸਤੇ ਨੂੰ ਪੱਕਾ ਕਰਨ, ਨਹਿਰਾਂ ਤੇ ਪੁੱਲ ਆਦਿ ਤੋਂ ਇਲਾਵਾ ਵੱਡੇ-ਵੱਡੇ ਹਸਪਤਾਲਾਂ ਦੀ ਉਸਾਰੀ ਦੀ ਸੇਵਾ ਦੇ ਮਹਾਨ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਵੱਲੋਂ ਨਿਰੰਤਰ ਚਲਦੇ ਰਹੇ।
ਕਾਰ-ਸੇਵਾ ਦੇ ਮਹਾਨ ਖੇਤਰ ਵਿੱਚ ਬਾਬਾ ਹਰਬੰਸ ਸਿੰਘ ਨੇ ਬਾਬਾ ਜੀਵਨ ਸਿੰਘ, ਬਾਬਾ ਦਲੀਪ ਸਿੰਘ, ਬਾਬਾ ਖੜਕ ਸਿੰਘ, ਬਾਬਾ ਝੰਡਾ ਸਿੰਘ, ਬਾਬਾ ਬਘੇਲ ਸਿੰਘ, ਬਾਬਾ ਕਰਨੈਲ ਸਿੰਘ, ਬਾਬਾ ਪ੍ਰੀਤਮ ਸਿੰਘ, ਬਾਬਾ ਕਰਤਾਰ ਸਿੰਘ, ਬਾਬਾ ਸੁੰਦਰ ਸਿੰਘ, ਬਾਬਾ ਤਾਰਾ ਸਿੰਘ, ਬਾਬਾ ਬਖਸ਼ੀਸ ਸਿੰਘ, ਬਾਬਾ ਗੁਰਮੇਲ ਸਿੰਘ ਤੋਂ ਇਲਾਵਾ ਅਨੇਕਾਂ ਮਹਾਂਪੁਰਸ਼ਾ ਨਾਲ ਮਿਲ ਕੇ ਕਾਰ-ਸੇਵਾ ਕਰਵਾਈ। ਬਾਬਾ ਹਰਬੰਸ ਸਿੰਘ ਵੱਲੋਂ ਕਾਰ-ਸੇਵਾ ਦਾ ਲੰਮਾ ਸਫਰ ਤੈਅ ਕਰਦਿਆਂ ਸਾਲ 2004 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੀ ਸਮੁੱਚੀ ਕਾਰ-ਸੇਵਾ ਦੀ ਅੱਗੋਂ ਜਿੰਮੇਵਾਰੀ ਬਾਬਾ ਬਚਨ ਸਿੰਘ ਨੂੰ ਸੌਂਪ ਦਿੱਤੀ ਗਈ ਸੀ ਤੇ ਸੰਮੂਹ ਕਾਰ-ਸੇਵਕਾਂ ਨੂੰ ਆਪਣੀ ਸਿਹਤ ਦਾ ਹਵਾਲਾ ਦੇਂਦਿੰਆਂ ਬਾਬਾ ਬਚਨ ਸਿੰਘ ਨੂੰ ਸਹਿਯੋਗ ਦੇਣ ਲਈ ਕਹਿ ਦਿੱਤਾ ਗਿਆ ਸੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਰਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ, ਜਥੇਦਾਰ ਹਰਜਾਪ ਸਿੰਘ ਸੁਲਤਾਨਵਿੰਡ, ਜਥੇਦਾਰ ਭਗਵੰਤ ਸਿੰਘ ਸਿਆਲਕਾ ਅਤੇ ਜਥੇਦਾਰ ਸੁਰਜੀਤ ਸਿੰਘ ਤੁਗਲਵਾਲਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ, ਸਿੱਖ-ਇਤਿਹਾਸ ਰੀਸਰਚ ਬੋਰਡ ਦੇ ਡਾਇਰੈਕਟਰ ਸ.ਰੂਪ ਸਿੰਘ, ਐਡੀ:ਸਕੱਤਰ ਤਰਲੋਚਨ ਸਿੰਘ, ਸ.ਮਨਜੀਤ ਸਿੰਘ, ਸ.ਸਤਬੀਰ ਸਿੰਘ ਤੇ ਸ.ਹਰਭਜਨ ਸਿੰਘ, ਮੀਤ ਸਕੱਤਰ ਸ.ਦਿਲਜੀਤ ਸਿੰਘ ਬੇਦੀ, ਸ.ਸੁਖਦੇਵ ਸਿੰਘ ਭੂਰਾਕੋਨਾ ਤੇ ਸ.ਕੁਲਦੀਪ ਸਿੰਘ, ਸਾਬਕਾ ਮੀਤ ਸਕੱਤਰ ਸ.ਰਾਮ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਹਰਬੰਸ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਐਡੀ:ਮੇੈਨੇਜਰ ਸ.ਬਿਅੰਤ ਸਿੰਘ, ਸ.ਮਹਿੰਦਰ ਸਿੰਘ, ਸ.ਸੁਖਦੇਵ ਸਿੰਘ ਤਲਵੰਡੀ ਤੇ ਸ.ਬਲਦੇਵ ਸਿੰਘ, ਕਾਰ-ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਜਗਤਾਰ ਸਿੰਘ ਤਰਨਤਾਰਨ, ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲੇ, ਬਾਬਾ ਲਾਭ ਸਿੰਘ ਅਨੰਦਪੁਰ ਸਾਹਿਬ ਵਾਲੇ, ਬਾਬਾ ਲੱਖਾ ਸਿੰਘ ਗੁਰੂ ਕਾ ਬਾਗ, ਬਾਬਾ ਅਜੀਤ ਸਿੰਘ ਸਿਰਸੇ ਵਾਲੇ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਹਰਨਾਮ ਸਿੰਘ ਮੁੱਖੀ ਦਮਦਮੀ ਟਕਸਾਲ ਮਹਿਤਾ ਚੌਂਕ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੁਖਜਿੰਦਰ ਸਿੰਘ (ਬਾਬਾ ਸੁੱਖਾ ਜੀ) ਭੂਰੀਵਾਲੇ, ਬਾਬਾ ਗੁਰਦੇਵ ਸਿੰਘ ਘੰਨੂਪੁਰ ਕਾਲੇ, ਬਾਬਾ ਕਾਹਨ ਸਿੰਘ ਤੇ ਬਾਬਾ ਰਣਜੀਤ ਸਿੰਘ ਗੋਨਿਆਣਾ ਮੰਡੀ, ਬਾਬਾ ਹਰਨੇਕ ਸਿੰਘ ਰਾੜਾ ਸਾਹਿਬ ,ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ, ਉਤਰਾਂਚਲ ਤੋਂ ਬਾਬਾ ਤਰਸੇਮ ਸਿੰਘ ਨਾਨਕਮਤਾ ਤੇ ਬਾਬਾ ਗੁਰਜੰਟ ਸਿੰਘ ਨਾਨਕਪੁਰੀ ਟਾਂਡੇ, ਬਾਬਾ ਲੱਖਾ ਸਿੰਘ ਕਾਂਸੀਪੁਰ, ਬਾਬਾ ਜਸਵੀਰ ਸਿੰਘ ਜੰਮੂ ਕਸ਼ਮੀਰ, ਬਾਬਾ ਕਾਲਾ ਸਿੰਘ ਘੁਡਿਆਲਾ, ਬਾਬਾ ਭੋਲਾ ਸਿੰਘ, ਬਾਬਾ ਸੁਚਾ ਸਿੰਘ ਢਿੱਲੋਂ ਹਰੀਪੁਰ, ਬਾਬਾ ਗੁਰਮੇਲ ਸਿੰਘ ਮੰਜੀ ਸਾਹਿਬ ਕੋਟਾਂ, ਬਾਬਾ ਗੁਲਜਾਰ ਸਿੰਘ ਫ਼ਤਹਿਗੜ੍ਹ ਸਾਹਿਬ, ਬਾਬਾ ਸੁਰਮੁਖ ਸਿੰਘ ਮਰਿੰਡਾ, ਬਾਬਾ ਸਰੂਪ ਸਿੰਘ ਅਨੰਦਪੁਰ ਸਾਹਿਬ, ਬਾਬਾ ਜਰਨੈਲ ਸਿੰਘ ਮਾਛੀਵਾੜਾ ਸਾਹਿਬ, ਬਾਬਾ ਸਤਿਨਾਮ ਸਿੰਘ ਚਮਕੌਰ ਸਾਹਿਬ, ਬਾਬਾ ਰਤਨ ਸਿੰਘ ਲਹਿਰਾਗਾਗਾ, ਬਾਬਾ ਮਲਕੀਤ ਸਿੰਘ ਹਰਿਗੋਬਿੰਦਪੁਰ, ਬਾਬਾ ਅਜੈਬ ਸਿੰਘ ਮਾਨਸਾ, ਬਾਬਾ ਮੱਖਣ ਸਿੰਘ ਨਾਭਾ, ਬਾਬਾ ਹਰੀ ਸਿੰਘ ਰਾਏਕੋਟ, ਬਾਬਾ ਸੁਖਾ ਸਿੰਘ ਕਰਨਾਲ, ਬਾਬਾ ਜੋਗਾ ਸਿੰਘ ਤਗਵੜੀ, ਬਾਬਾ ਵਰਿਆਮ ਸਿੰਘ ਅੰਬਾਲਾ, ਬਾਬਾ ਸਤਿਨਾਮ ਸਿੰਘ ਚੁਘਥਾਮ, ਬਾਬਾ ਗੁਰਲੋਚਨ ਸਿੰਘ ਪਟਨਾ ਸਾਹਿਬ, ਬਾਬਾ ਜਗਤਾਰ ਸਿੰਘ ਧੋਬੜੀ, ਬਾਬਾ ਭਗਤ ਸਿੰਘ ਸ੍ਰੀਨਗਰ ਤੇ ਬਾਬਾ ਸਵਰਣ ਸਿੰਘ ਰਾਣੀਮਾਜਰਾ ਤੋਂ ਇਲਾਵਾ ਵੱਡੀ ਗਿੱਣਤੀ ‘ਚ ਸਿੱਖ ਸੰਗਤਾਂ ਸ਼ਾਮਲ ਹੋਈਆਂ।