ਕੋਲਕਤਾ- ਮਮਤਾ ਦੀ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਕਾਕੋਲੀ ਘੋਸ਼ ਦੇ ਸੁਰੱਖਿਆ ਗਾਰਡ ਨੇ ਬੇਸ਼ਰਮੀ ਦੀਆਂ ਸਾਰੀਆਂ ਹਦਾਂ ਪਾਰ ਕਰਦੇ ਹੋਏ ਰਾਜਧਾਨੀ ਐਕਸਪ੍ਰੈਸ ਵਿੱਚ ਇੱਕ ਯਾਤਰੀ ਤੇ ਪਿਸ਼ਾਬ ਕਰ ਦਿੱਤਾ। ਯਾਤਰੀਆਂ ਵੱਲੋਂ ਇਸ ਸ਼ਰਮਨਾਕ ਘਟਨਾ ਦਾ ਵਿਰੋਧ ਕਰਨ ਤੇ ਗਾਰਡ ਨੇ ਆਪਣੇ ਸਰਵਿਸ ਰੀਵਾਲਵਰ ਵਿਖਾ ਕੇ ਯਾਤਰੀਆਂ ਨੂੰ ਧਮਕਾ ਕੇ ਚੁੱਪ ਕਰਵਾ ਦਿੱਤਾ। ਸਾਂਸਦ ਕਾਕੋਲੀ ਵੀ ਉਸ ਸਮੇਂ ਆਪਣੇ ਕੁੱਤੇ ਸਮੇਤ ਫਸਟ ਕਲਾਸ ਵਿੱਚ ਇਸੇ ਹੀ ਟਰੇਨ ਵਿੱਚ ਸਫਰ ਕਰ ਰਹੀ ਸੀ।
ਪੱਛਮੀ ਬੰਗਾਲ ਤੋਂ ਸਾਂਸਦ ਕਾਕੋਲੀ ਘੋਸ਼ ਆਪਣੇ ਗਾਰਡ ਦੀ ਇਸ ਬਦਤਮੀਜ਼ੀ ਤੇ ਕਾਰਵਾਈ ਕਰਨ ਦੀ ਜਗ੍ਹਾ ਉਸ ਦਾ ਬਚਾਅ ਕਰ ਰਹੀ ਹੈ। ਉਸ ਨੇ ਗਾਰਡ ਦੀ ਇਸ ਘਟੀਆ ਹਰਕਤ ਨੂੰ ‘ਛੋਟੀ ਜਿਹੀ ਗੱਲ’ ਕਹਿ ਕੇ ਖਾਰਿਜ ਕਰ ਦਿੱਤਾ। ਜਿਹੜੇ ਦੋ ਯਾਤਰੀਆਂ ਨਾਲ ਇਹ ਬਦਤਮੀਜ਼ੀ ਭਰੀ ਹਰਕਤ ਕੀਤੀ ਗਈ, ੳਨ੍ਹਾਂ ਵਿੱਚੋਂ ਇੱਕ ਆਰਯਕ ਦੱਤਾ ਕਲਕਤਾ ਹਾਈਕੋਰਟ ਵਿੱਚ ਵਕੀਲ ਹੈ। ਗਾਰਡ ਦੇ ਨਾਂ ਦਾ ਪਤਾ ਨਹੀਂ ਲਗ ਰਿਹਾ ਕਿਉਂਕਿ ਏਸੀ-2 ਦੀ ਯਾਤਰੀ ਸੂਚੀ ਵਿੱਚ ਉਸ ਦੇ ਨਾਂ ਦੀ ਜਗ੍ਹਾ ਕੇਵਲ ‘ਐਮਪੀ ਅਟੈਂਡੈਂਟ’ ਦਰਜ਼ ਸੀ।
ਵਕੀਲ ਦੱਤਾ ਦਾ ਕਹਿਣਾ ਹੈ ਕਿ ਸਵੇਰ ਦੇ ਦੋ ਵਜੇ ਰੌਲਾ-ਰੱਪਾ ਸੁਣ ਕੇ ਜਦੋਂ ਮੇਰੀ ਅੱਖ ਖੁਲ੍ਹੀ ਤਾਂ ਮੈਂ ਵੇਖਿਆ ਕਿ ਇੱਕ ਗਾਰਡ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਹੇਠਾਂ ਵਾਲੀ ਬਰਥ ਤੇ ਸੌਂ ਰਹੇ ਮੇਰੇ ਕਲਾਂਈਂਟ ਤੇ ਪਿਸ਼ਾਬ ਕਰ ਰਿਹਾ ਸੀ। ਮੇਰੇ ਕਲਾਂਈਟ ਵੱਲੋਂ ਸ਼ੋਰ ਕਰਨ ਅਤੇ ਉਸ ਨੂੰ ਧੱਕਾ ਦੇਣ ਦੇ ਬਾਵਜੂਦ ਉਹ ਮੇਰੇ ਸਮਾਨ ਅਤੇ ਮੇਰੇ ਕਲਾਂਈਟ ਤੇ ਪਿਸ਼ਾਬ ਕਰਦਾ ਰਿਹਾ। ਜਦੋਂ ਉਸ ਨੂੰ ਗੰਦਗੀ ਸਾਫ਼ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਰੀਵਾਲਵਰ ਕੱਢ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ। ਇਲਾਹਬਾਦ ਸਟੇਸ਼ਨ ਤੇ ਉਸ ਦੇ ਖਿਲਾਫ਼ ਐਫਆਈਆਰ ਵੀ ਦਰਜ਼ ਕਰਵਾਈ ਗਈ ਹੈ। ਸੰਸਦ ਦਿੱਲੀ ਵਿੱਚ ਹੀ ਹੈ ਅਤੇ ਹੁਣ ਫ਼ੋਨ ਨਹੀਂ ਉਠਾ ਰਹੀ।