ਨਵੀਂ ਦਿੱਲੀ- ਕੇਂਦਰ ਸਰਕਾਰ ਦੇ ਵਿਰੁਧ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਸਬੰਧੀ ਬਿਆਨ ਦੇਣ ਵਾਲੇ ਬਾਬਾ ਰਾਮਦੇਵ ਖੁਦ ਟੈਕਸ ਚੋਰੀ ਕਰਨ ਦੇ ਮਾਮਲੇ ਵਿੱਚ ਫਸਦੇ ਨਜ਼ਰ ਆ ਰਹੇ ਹਨ। ‘ਤਹਿਲਕਾ’ ਮੈਗਜ਼ੀਨ ਨੇ ਬਾਬਾ ਰਾਮਦੇਵ ਅਤੇ ਉਸ ਦੁਆਰਾ ਸੰਚਾਲਿਤ ਟਰੱਸਟਾਂ ਦੇ ਕੰਮਕਾਰ ਤੇ ਇੱਕ ਰਿਪੋਰਟ ਪ੍ਰਕਾਸ਼ਿਤ ਕਰਕੇ ਉਸ ਦੇ ਕਾਲੇ ਸੱਚ ਨੂੰ ਸਾਹਮਣੇ ਲਿਆਂਦਾ ਹੈ।
ਤਹਿਲਕਾ ਨੇ ਬਾਬਾ ਰਾਮਦੇਵ ਤੇ ਟੈਕਸ ਚੋਰੀ ਕਰਨ ਦੇ ਸਨਸਨੀਖੇਜ਼ ਅਰੋਪ ਲਗਾਏ ਹਨ। ‘ਬਾਬਾ ਰਾਮਦੇਵ ਐਪਿਕ ਸਵਿੰਡਲ’ ਦੇ ਨਾਂ ਨਾਲ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ਵਿੱਚ 2004-05 ਵਿੱਚ ਬਾਬਾ ਰਾਮਦੇਵ ਨਾਲ ਜੁੜੇ ਟਰੱਸਟ ਦਿਵਿਆ ਫਾਰਮੇਸੀ ਨੇ 6,73,000 ਰੁਪੈ ਦੀ ਵਿਕਰੀ ਵਿਖਾ ਕੇ 53000 ਰੁਪੈ ਦੇ ਵਿਕਰੀ ਕਰ ਦਾ ਭੁਗਤਾਨ ਕੀਤਾ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਸ ਹਿਸਾਬ ਨਾਲ ਪਤੰਜਲੀ ਯੋਗ ਪੀਠ ਦੇ ਬਾਹਰ ਲੋਕਾਂ ਦੀ ਭੀੜ ਹੁੰਦੀ ਹੈ, ਉਸ ਹਿਸਾਬ ਨਾਲ ਇਹ ਬਹੁਤ ਘੱਟ ਸੀ।
ਬਾਬਾ ਰਾਮਦੇਵ ਦੀਆਂ ਦਵਾਈਆਂ ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਵੀ ਭੇਜੀਆਂ ਜਾਂਦੀਆਂ ਹਨ।ਉਤਰਾਖੰਡ ਦੇ ਵਿਕਰੀ ਕਰ ਵਿਭਾਗ ਨੂੰ ਬਾਬੇ ਦੇ ਟਰੱਸਟ ਦੇ ਵਿਕਰੀ ਦੇ ਅੰਕੜਿਆਂ ਤੇ ਸ਼ਕ ਹੋਇਆ।ਵਿਭਾਗ ਨੇ ਸਾਰੇ ਡਾਕਖਾਨਿਆਂ ਤੋਂ ਇਸ ਸਬੰਧੀ ਜਾਣਕਾਰੀ ਮੰਗੀ। ਡਾਕਖਾਨਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ 2004-05 ਵਿੱਚ ਦਿਵਿਆ ਫਾਰਮੇਸੀ ਨੇ 2509.256 ਕਿਲੋ ਗਰਾਮ ਦਵਾਈਆਂ 3353 ਪਾਰਸਲਾਂ ਦੁਆਰਾ ਭੇਜੀਆਂ ਸਨ। ਇਨ੍ਹਾਂ ਪਾਰਸਲਾਂ ਤੋਂ ਇਲਾਵਾ 13,13000 ਰੁਪੈ ਦੇ ਵੀਪੀਪੀ ਵੀ ਕੀਤੇ ਗਏ ਸਨ। ਇਸੇ ਵਿੱਤੀ ਸਾਲ ਦੌਰਾਨ ਫਾਰਮੇਸੀ ਨੂੰ 17,50,000 ਦੇ ਮਨੀਆਰਡਰ ਵੀ ਮਿਲੇ ਸਨ। ਉਸ ਸਮੇ ਵਿਕਰੀ ਕਰ ਵਿਭਾਗ ਦੀ ਸਪੈਸ਼ਲ ਟੀਮ (ਐਸਆਈਬੀ) ਨੇ ਦਿਵਿਆ ਫਾਰਮੇਸੀ ਤੇ ਛਾਪਾ ਮਾਰਿਆ ਸੀ।ਉਸ ਸਮੇਂ ਦੇ ਡਿਪਟੀ ਕਮਿਸ਼ਨਰ ਰਾਣਾ ਨੇ ਕਿਹਾ, ‘ਹੁਣ ਤੱਕ ਮੈਂ ਵੀ ਬਾਬਾ ਰਾਮਦੇਵ ਜੀ ਦਾ ਸਨਮਾਨ ਕਰਦਾ ਸੀ। ਪਰ ਇਹ ਚੋਰੀ ਦਾ ਸਿੱਧਾ ਮਾਮਲਾ ਸੀ।’ਰਾਣਾ ਅਨੁਸਾਰ ਇਸ ਮਾਮਲੇ ਵਿੱਚ ਟਰੱਸਟ ਨੇ 5 ਕਰੋੜ ਰੁਪੈ ਦੀ ਟੈਕਸ ਚੋਰੀ ਕੀਤੀ ਸੀ।
ਬਾਬੇ ਦੇ ਟਰੱਸਟ ਤੇ ਪਏ ਇਸ ਛਾਪੇ ਤੇ ਉਸ ਸਮੇਂ ਦੇ ਗਵਰਨਰ ਬਹੁਤ ਨਰਾਜ਼ ਹੋਏ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਛਾਪੇ ਕਾਰਣ ਰਾਣਾ ਤੇ ਬਹੁਤ ਹੀ ਦਬਾਅ ਪਾਇਆ ਗਿਆ ਸੀ ਜਿਸ ਕਾਰਣ ਉਸ ਨੂੰ ਚਾਰ ਸਾਲ ਪਹਿਲਾਂ ਰੀਟਾਇਰਮੈਂਟ ਲੈਣੀ ਪਈ। ਉਸ ਤੋਂ ਬਾਅਦ ਕਦੇ ਵੀ ਬਾਬੇ ਦੇ ਟਰੱਸਟਾਂ ਤੇ ਛਾਪਾ ਨਹੀਂ ਮਾਰਿਆ ਗਿਆ। ਇਹ ਵਿਕਰੀ ਕਰ ਦੀ 5 ਕਰੋੜ ਦੀ ਚੋਰੀ ਤਾਂ ਪੂਰੇ ਘਪਲੇ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਦਿਵਿਆ ਫਾਰਮੇਸੀ ਤੇ ਇਹ ਅਰੋਪ ਲਗਿਆ ਹੈ ਕਿ ਇਸ ਦੇ ਚੋਰੀ ਕਰਨ ਦੇ ਹੋਰ ਵੀ ਕਈ ਤਰੀਕੇ ਹਨ। ਤਹਿਲਕਾ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦਿਵਿਆ ਫਾਰਮੇਸੀ ਨੇ 30,17000 ਰੁਪੈ ਦੀ ਕੀਮਤ ਦੀਆਂ ਦਵਾਈਆਂ ਬਾਬੇ ਦੇ ਹੀ ਦੂਸਰੇ ਟਰੱਸਟ ਦਿਵਿਆ ਯੋਗ ਮੰਦਿਰ ਨੂੰ ਦਿੱਤੀਆਂ ਗਈਆਂ। ਟਰੱਸਟ ਵੱਲੋਂ ਟੈਕਸ ਰਿਟਰਨ ਵਿੱਚ ਇਹ ਕਿਹਾ ਗਿਆ ਹੈ ਕਿ ਸਾਰੀਆਂ ਦਵਾਈਆਂ ਮੁਫ਼ਤ ਵਿੱਚ ਵੰਡੀਆਂ ਗਈਆਂ, ਪਰ ਅਸਲ ਵਿੱਚ ਪਿੱਛਲੇ ਕਈ ਸਾਲਾਂ ਤੋਂ ਗਰੀਬਾਂ ਨੂੰ ਮੁਫ਼ਤ ਵਿੱਚ ਦਵਾਈ ਨਹੀਂ ਮਿਲੀ।ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿਵਿਆ ਯੋਗ ਮੰਦਿਰ ਅਤੇ ਪਤੰਜਲੀ ਯੋਗ ਪੀਠ ਟਰੱਸਟ ਵਿਕਰੀ ਕਰ ਵਿਭਾਗ ਵਿੱਚ ਰਜਿਸਟਰਡ ਨਹੀਂ ਹਨ। ਕਨੂੰਨ ਅਨੁਸਾਰ ਕੋਈ ਵੀ ਗੈਰ ਪੰਜੀਕਰਤ ਟਰੱਸਟ ਬਿਨਾਂ ਕੁਝ ਸ਼ਰਤਾਂ ਪੂਰੇ ਕੀਤੇ ਬਿਨਾਂ ਕੁਝ ਵੀ ਵੇਚ ਨਹੀਂ ਸਕਦੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਟਰੱਸਟ ਲੱਖਾਂ ਰੁਪੈ ਦੀਆਂ ਦਵਾਈਆਂ ਵੇਚ ਰਹੇ ਹਨ।