ਨਵੀਂ ਦਿੱਲੀ:- ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਗੁਰਦੁਆਰਾ ਰਕਾਬ ਗੰਜ ਵਿਕਾਸ ਪ੍ਰਾਜੈਕਟ ਦੇ ਅਮਲ ਪੁਰ ਦਿੱਲੀ ਹਾਈਕੋਰਟ ਵਲੋਂ ਰੋਕ ਲਾਏ ਜਾਣ ਪੁਰ ਪ੍ਰਤੀਕ੍ਰਿਆ ਦਿੱੰਦਿਆਂ, ਇਸ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਸ. ਸਰਨਾ ਨੇ ਇਸ ਸੰਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਦਸਿਆ ਕਿ ਧਾਰਮਕ ਤੇ ਪੂਜਾ ਸਥਾਨਾਂ ਦੀ ਆਪਣੀ ਜ਼ਮੀਨ ਪੁਰ ਹੋਣ ਵਾਲੇ ਨਿਰਮਾਣ ਅਤੇ ਵਿਸਥਾਰ ਦੇ ਕੰਮਾਂ ਲਈ ਐਨ.ਡੀ.ਐਮ.ਸੀ. ਜਾਂ ਐਮ.ਸੀ.ਡੀ. ਪਾਸੋਂ ਕੋਈ ਮੰਨਜ਼ੂਰੀ ਲੈਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਨ੍ਹਾਂ ਦਾ ਨਿਰਮਾਣ ਅਤੇ ਵਿਸਥਾਰ ਸ਼ਰਧਾਲੂਆਂ ਦੀਆਂ ਸਹੂਲਤਾਂ ਨੂੰ ਮੁੱਖ ਰਖਕੇ ਕੀਤਾ ਜਾਂਦਾ ਹੈ। ਸ. ਸਰਨਾ ਨੇ ਆਪਣੇ ਬਿਆਨ ਵਿੱਚ ਕਈ ਅਜਿਹੇ ਮੰਦਿਰਾਂ, ਮਸਜਿਦਾਂ, ਗੁਰਦੁਆਰਿਆਂ ਆਦਿ ਧਰਮ ਸਥਾਨਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ਦੇ ਨਿਰਮਾਣ ਅਤੇ ਵਿਸਥਾਰ ਲਈ ਨਾ ਤਾਂ ਐਨ.ਡੀ.ਐਮ.ਸੀ. ਅਤੇ ਨਾ ਹੀ ਐਮ.ਸੀ.ਡੀ. ਜਾਂ ਕਿਸੇ ਹੋਰ ਨਿਗਮ ਪਾਸੋਂ ਮੰਨਜ਼ੂਰੀ ਲਈ ਗਈ ਹੈ। ਸ. ਸਰਨਾ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਵਲੋਂ ਗੁਰਦੁਆਰਾ ਰਕਾਬ ਗੰਜ ਵਿਕਾਸ ਪ੍ਰਾਜੈਕਟ ਦੇ ਅਮਲ ਪੁਰ ਲਾਈ ਗਈ ਰੋਕ ਹਟਾਏ ਜਾਣ ਲਈ ਚਾਰ ਹਫਤਿਆਂ ਤਕ ਇੰਤਜ਼ਾਰ ਕੀਤਾ ਜਾਇਗਾ, ਜੇ ਰੋਕ ਨਾ ਹਟਾਈ ਗਈ ਤਾਂ ਵੀ ਅਰੰਭੇ ਗਏ ਨਿਰਮਾਣ ਕਾਰਜ ਨੂੰ ਅਗੇ ਵਧਾਉਣਾ ਸ਼ੁਰੂ ਕਰ ਦਿੱਤਾ ਜਾਇਗਾ।
ਸ. ਪਰਮਜੀਤ ਸਿੰਘ ਸਰਨਾ ਨੇ ਇਸ ਗਲ ਤੇ ਦੁਖ ਪ੍ਰਗਟ ਕੀਤਾ ਕਿ ਗੁਰਦੁਆਰਾ ਰਕਾਬ ਗੰਜ ਦੇ ਵਿਕਾਸ ਪ੍ਰਾਜੈਕਟ ਪੁਰ ਹੋ ਰਹੇ ਕੰਮ ਨੂੰ ਰੁਕਵਾਉਣ ਦੀ ਚਾਰਾਜੋਈ ਕਰਨ ਲਈ ਨਾ ਤਾਂ ਐਨ.ਡੀ.ਐਮ.ਸੀ. ਅਤੇ ਨਾ ਹੀ ਕੋਈ ਗ਼ੈਰ-ਸਿੱਖ ਜਥੇਬੰਦੀ ਅਦਾਲਤ ਵਿੱਚ ਗਈ, ਸਗੋਂ ਉਹੀ ਸਿੱਖੀ-ਸਰੂਪ ਧਾਰੀ ਹੀ ਅਦਾਲਤ ਵਿੱਚ ਗਏ, ਜੋ ਸਿੱਖਾਂ ਅਤੇ ਸਿੱਖੀ ਦੇ ਹਿਤਾਂ ਅਤੇ ਅਧਿਕਾਰਾਂ ਦੇ ਪਹਿਰੇਦਾਰ ਹੋਣ ਦਾ ਦਾਅਵਾ ਕਰਦੇ ਚਲੇ ਆ ਰਹੇ ਹਨ। ਸ. ਸਰਨਾ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਇਸ ਪ੍ਰਾਜੈਕਟ ਪੁਰ ਰੋਕ ਲਾਏ ਜਾਣ ਦੇ ਹਾਈਕੋਰਟ ਦੇ ਫੈਸਲੇ ਪੁਰ ਬਾਦਲਕਿਆਂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਬਗਲਾਂ ਵਜਾਏ ਜਾਣ ਅਤੇ ਮਠਿਆਈਆਂ ਵੰਡੇ ਜਾਣ ਪੁਰ, ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਉਹ ਤਾਂ ਕਈ ਵਰ੍ਹਿਆਂ ਤੋਂ ਸਿੱਖਾਂ ਅਤੇ ਸਿੱਖੀ ਵਿਰੋਧੀ ਸ਼ਕਤੀਆਂ ਦੀ ਝੋਲੀ ਬੈਠ ਸਿੱਖੀ ਅਤੇ ਧਾਰਮਕ ਸਿੱਖ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਣ ਅਤੇ ਉਨ੍ਹਾਂ ਦਾ ਅਕਸ ਵਿਗਾੜਨ ਨੂੰ ਆਪਣੇ ਪੇਸ਼ੇ ਵਜੋਂ ਅਪਨਾ ਚੁਕੇ ਹੋਏ ਹਨ। ਸ. ਸਰਨਾ ਨੇ ਕਿਹਾ ਕਿ ਗੁਰੂ ਘਰ ਦੇ ਦੋਖੀਆਂ ਅਤੇ ਸਿੱਖੀ ਨੂੰ ਢਾਹ ਲਾਉਣ ਦੇ ਇਨ੍ਹਾਂ ਦੇ ਗੁਨਾਹਗਾਰਾਂ ਨੂੰ ਗੁਰੂ ਬਖਸ਼ੇਗਾ ਨਹੀਂ, ਸਗੋਂ ਇਨ੍ਹਾਂ ਦੇ ਇਸ ਗੁਨਾਹ ਦਾ ਸੇਕ ਇਨ੍ਹਾਂ ਦੀਆਂ ਕਈ ਪੀੜੀਆਂ ਤਕ ਨੂੰ ਸਹਿਣਾ ਪਏਗਾ। ਸ: ਸਰਨਾ ਨੇ ਹੋਰ ਕਿਹਾ ਕਿ ਇਹੀ ਲੋਕੀ ਹਨ, ਜਿਨ੍ਹਾਂ ਦੇ ਆਚਰਣ ਤੇ ਵਿਹਾਰ ਕਾਰਣ ਸਿੱਖ ਨੌਜਵਾਨ ਸਿੱਖੀ ਨਾਲੋਂ ਟੁੱਟਦਾ ਅਤੇ ਸਿੱਖ ਸਰੂਪ ਨੂੰ ਤਿਲਾਂਜਲੀ ਦਿੰਦਾ ਜਾ ਰਿਹਾ ਹੈ।