ਕੰਮ ਤੋਂ ਆਉਂਦਿਆਂ ਕਾਰ ਵਿਚ ਰੇਡਿਉ ਤੋਂ ਖਬਰ ਸੁਣੀ ਭਾਈ ਬਲਵੰਤ ਸਿੰਘ ਰਜੋਆਣਾ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ, ਇਹ ਖਬਰ ਸੁਣਦੇ ਸਾਰ ਹੀ ਕਾਰ ਦਾ ਸਟੇਰਿੰਗ ਮੇਰੇ ਹੱਥਾਂ ਦੇ ਨਾਲ ਹੀ ਕੰਬਿਆ। ਕਦੋਂ ਮੁਕੇਗਾ ਇਹ ਫਾਂਸੀਆਂ ਦਾ ਸਿਲਸਲਾ,ਮੇਰੇ ਦਿਮਾਗ ਨੇ ਮੈਨੂੰ ਹੀ ਪੁੱਛਿਆ।ਜਿਸ ਦਾ ਜ਼ਵਾਬ ਮੇਰੇ ਕੋਲ ਤਾਂ ਕੀ ਹੋਣਾ ਸੀ ਇਸ ਸਮੇਂ ਕਿਸੇ ਕੋਲ ਵੀ ਨਹੀ।ਜੀਭ ਤਾਂ ਕੁੱਝ ਨਾ ਬੋਲੀ, ਪਰ ਅੱਖਾਂ ਵਗ ਤੁਰੀਆਂ।ਭਗਤ ਸਿੰਘ ਤੋਂ ਲੈ ਕੇ ਹੁਣ ਤਕ ਲਾਈਆਂ ਫਾਂਸੀਆ ਦੇ ਰੱਸੇ ਗਿਣਦਾ ਘਰ ਤੱਕ ਪਹੁੰਚਿਆ।
ਘਰ ਦੀ ਡਿਊੜੀ ਵਿਚ ਜੁੱਤੀ ਹੀ ਖੋਹਲ ਰਿਹਾ ਸੀ ਕਿ ਬਾਪੂ ਜੀ ਜੋ ਪੰਜਾਬੀ ਚੈਨਲ ਉੱਪਰ ਖਬਰਾਂ ਦੇਖ ਰਹੇ ਸਨ ਬੋਲੇ, “ ਕਾਕਾ, ਆ ਗਿਆ ਕੰਮ ਤੋ।”
“ਹਾਂ ਜੀ।”
“ ਭਾਈ ਬਲਵੰਤ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ ਏ।”
“ ਅੱਛਾ ਜੀ।” ਇਸ ਤੋਂ ਬਾਅਦ ਮੈ ਕੁੱਝ ਵੀ ਨਾ ਬੋਲਿਆ ਤਾਂ ਬਾਪੂ ਜੀ ਨੇ ਮੇਰੇ ਮੂੰਹ ਵੱਲ ਦੇਖਿਆ। ਕੋਲ ਬੈਠੇ ਮਾਤਾ ਜੀ ਨੇ ਹੌਲੀ ਅਜਿਹੀ ਬਾਪੂ ਜੀ ਨੂੰ ਕਿਹਾ, “ ਉਹ ਕੰਮ ਤੋਂ ਥੱਕਾ- ਹਾਰਿਆ ਆਇਆ ਹੈ, ਤੁਸੀ ਉਸ ਨੂੰ ਕਿਹੋ ਜਿਹੀਆਂ ਖਬਰਾਂ ਦੱਸਣ ਲੱਗ ਜਾਂਦੇ ਹੋ, ਤੁਹਾਨੂੰ ਚੰਗਾ ਭਲਾ ਪਤਾ, ਇਸ ਤਰਾਂ ਦੀ ਖਬਰ ਸੁਨਣ ਨਾਲ ਉਸ ਦਾ ਕੀ ਹਾਲ ਹੋ ਜਾਦਾਂ ਹੈ।”
ਮਨ ਭਰਿਆ ਹੋਣ ਕਾਰਨ ਮੈ ਕੁੱਝ ਵੀ ਨਾ ਬੋਲ ਸਕਿਆ ਅਤੇ ਚੁੱਪ-ਚਾਪ ਸਿਧਾ ਰਸੋਈ ਵਿਚ ਚਲਾ ਗਿਆ।
“ ਚਾਹ ਪੀਣੀ ਹੈ ਜਾਂ ਰੋਟੀ ਖਾਣੀ ਹੈ।” ਮੇਰੀ ਪਤਨੀ ਨੇ ਫਰਿਜ਼ ਵਿਚੋਂ ਐਪਲ ਜੂਸ ਦਾ ਡੱਬਾ ਕੱਢਦਿਆਂ ਆਖਿਆ, “ ਚਾਹ ਤਾਂ ਬਣੀ ਪਈ, ਰੋਟੀ ਲਾ ਦੇਵਾਂ।”
“ਭੁੱਖ ਨਹੀ।” ਇਹ ਕਹਿੰਦਾ ਹੋਇਆ ਮੈ ਵੀ ਬਾਪੂ ਜੀ ਦੇ ਕੋਲ ਬੈਠ ਕੇ ਖਬਰਾਂ ਦੇਖਣ ਲੱਗਾ”
“ ਪੰਜਾਬੀਆਂ ਨੂੰ ਹੁਣ ਇਸ ਮਾਮਲੇ ਵਿੱਚ ਇਕੱਠੇ ਹੋ ਜਾਣਾ ਚਾਹੀਦਾ ਹੈ।” ਬਾਪੂ ਜੀ ਨੇ ਕਿਹਾ, “ ਲੀਡਰਾਂ ਨੂੰ ਚਾਹੀਦਾ ਹੈ ਉਹ ਸਰਕਾਰ ਨਾਲ ਭਾਈ ਬਲਵੰਤ ਸਿੰਘ ਬਾਰੇ ਗੱਲ ਕਰਨ।”
“ ਮੇਰੇ ਕੁੱਝ ਕਹਿਣ ਤੋਂ ਪਹਿਲਾਂ ਹੀ ਮਾਤਾ ਜੀ ਬੋਲੇ, “ਤੁਹਾਡੀ ਤਾਂ ਉਹ ਗੱਲ ਆ,ਅੰਨ੍ਹੇ ਅੱਗੇ ਮੁਜਰਾ, ਬੋਲੇ ਅੱਗੇ ਗੱਲ, ਗੁੰਗੇ ਹੱਥ ਸੁਨੇਹੜਾ ਭਾਂਵੇ ਘੱਲ ਨਾ ਘੱਲ”।
“ ਨਹੀ ਕੁੱਝ ਨਾ ਕੁੱਝ ਤਾ ਹੋਵੇਗਾ ਹੀ।” ਬਾਪੂ ਜੀ ਨੇ ਫਿਰ ਕਿਹਾ, “ ਇਹਨਾ ਨੇ ਫਾਂਸੀ ਦੀ ਸਜਾ ਨੂੰ ਖੇਲ ਹੀ ਬਣਾ ਲਿਆ ਹੈ।”
“ ਬਾਪੂ ਜੀ, “ ਸਾਡੇ ਨਾਲ ਹੀ ਇਹ ਖੇਡ ਖੇਡਦੇ ਨੇ।” ਚਾਹ ਦੇ ਕੱਪ ਚੁੱਕੀ ਲਈ ਆਉਂਦੀ ਮੇਰੀ ਪਤਨੀ ਨੇ ਕਿਹਾ, “ਚੌਰਾਸੀ ਦੇ ਕਾਤਲ ਅਜੇ ਵੀ ਤੁਰੇ ਫਿਰਦੇ ਨੇ ਕਿਸੇ ਨੂੰ ਨਹੀ ਫਾਂਸੀ ਦੀ ਸਜਾ ਹੋਈ।”
“ਧੰਨ ਜਿਗਰਾ ਇਸ ਤਰਾਂ ਦੇ ਸੂਰਮਿਆਂ ਦੀਆ ਮਾਵਾਂ ਦੇ।”ਮਾਤਾ ਜੀ ਨੇ ਕਿਹਾ, “ ਇਕ ਮਿੰਟ ਵੀ ਪੁੱਤ ਕੰਮ ਤੋਂ ਲੇਟ ਆਵੇ ਤਾਂ ਕਾਲਜ਼ੇ ਨੂੰ ਧੂ ਪੈਣ ਲਗ ਜਾਂਦੀ ਆ।”
ਮੈ ਅਜੇ ਵੀ ਚੁੱਪ-ਚਾਪ ਉਦਾਸ ਚਿਹਰੇ ਨਾਲ ਉਹਨਾਂ ਦੀਆ ਗੱਲਾਂ ਸੁਣ ਰਿਹਾ ਸੀ। ਬਾਪੂ ਜੀ ਨੇ ਮੇਰੇ ਮੂੰਹ ਵੱਲ ਦੇਖ ਕੇ ਕਿਹਾ, “ ਕਾਕਾ , ਤੂੰ ਤਾਂ ਬਹੁਤਾ ਹੀ ਥੱਕਿਆ ਹੋਇਆ ਲਗੱਦਾ ਹੈ, ਜਾ ਜਾਕੇ ਅਰਾਮ ਕਰ ਲੈ।”
ਅੱਧ-ਪੀਤੀ ਚਾਹ ਵਿਚੇ ਹੀ ਛੱਡ ਕੇ ਅਰਾਮ ਕਰਨ ਲਈ ਕਮਰੇ ਵੱਲ ਨੂੰ ਤੁਰ ਪਿਆ।ਬੈਡ ਤੇ ਡਿਗ ਜਿਹਾ ਪਿਆ।ਅੱਖਾਂ ਮੀਟ ਕੇ ਕੋਸ਼ਿਸ਼ ਕਰਨ ਲੱਗਾ ਕਿ ਮਨ ਨੂੰ ਜਰਾ ਚੈਨ ਆ ਜਾਵੈ, ਪਰ ਜਦੋ ਸੀਨੇ ਵਿਚ ਖੰਜਰ ਖੁੱਭਿਆ ਹੋਵੇ ਤਾਂ ਨੀਂਦ ਵੀ ਫਿਰ ਸਹਿਜੇ ਕਿਤੇ ਲਾਗੇ ਨਹੀ ਲੱਗਦੀ। ਵੀਰ ਭਗਤ ਸਿੰਘ,ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕਿਹਰ ਸਿੰਘ, ਵੀਰ ਸੁੱਖਾ- ਜਿੰਦਾ ਪੁਰਾਣੇ ਅਤੇ ਨਵੀਨ ਸਾਰੇ ਸ਼ਹੀਦਾਂ ਦੀਆਂ ਤਸਵੀਰਾਂ ਮੇਰੇ ਅੱਗੇ ਘੁੰਮਣ ਲੱਗੀਆਂ।ਮੇਰੀਆਂ ਅੱਖਾ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੀਆਂ ਝੁੱਕ ਗਈਆਂ ਅਤੇ ਛੇਤੀ ਹੀ ਕਿਸੇ ਹੋਰ ਦੁਨੀਆਂ ਵਿਚ ਪਹੁੰਚ ਗਈਆ, ਇਕ ਦਲੇਰ ਔਰਤ ਉਦਾਸ ਬੈਠੀ ਦਿਸੀ। ਉਸ ਦਾ ਦੁੱਪਟਾ ਥੱਲੇ ਖਿਲਰਿਆ ਪਿਆ ਸੀ,ਉਸ ਦੇ ਅਣਵਾਹੇ ਵਾਲ ਉਲਝੇ ਪਏ ਸੀ। ਮੈ ਉਸ ਦੇ ਕੋਲ ਜਾ ਕੇ ਪੁੱਛਣ ਲੱਗਾ, “ ਤੂੰ ਕੌਣ ਏ? ਕਿਸ ਗੱਲ ਕਰਕੇ ਉਦਾਸ ਹੈ? ” ਉਸ ਨੇ ਹੌਲੀ ਅਜਿਹੀ ਆਪਣਾ ਸਿਰ ਉਤਾਂਹ ਚੁੱਕਿਆ ਅਤੇ ਹੰਝੂਆਂ ਨੂੰ ਆਪਣੇ ਹੱਥਾਂ ਨਾਲ ਸਾਫ ਕਰਦੀ ਬੋਲੀ, “ ਮੈ ਉਹਨਾਂ ਅਨੇਕਾਂ ਪੁੱਤਾਂ ਦੀ ਮਾਂ ਹਾਂ ਜੋ ਆਪਣੀ ਕੌਮ ਅਤੇ ਦੇਸ਼ ਤੋਂ ਕੁਰਬਾਨ ਹੋ ਚੁੱਕੇ ਨੇ।”
“ ਤੂੰ ਕਿਤੇ ਪੰਜਾਬ ਦੀ ਧਰਤੀ ਤਾਂ ਨਹੀ।” ਮੈ ਇਕਦੱਮ ਪੁੱਛਿਆ, “ ਦੁਨੀਆਂ ਦੇ ਇਤਹਾਸ ਵਿਚ ਸਭ ਤੋਂ ਜ਼ਿਆਦਾ ਜਿਸ ਨੇ ਆਪਣੇ ਪੁੱਤਰ ਕੁਰਬਾਨ ਕੀਤੇ।”
“ ਹਾਂ ਮੈ ਉਹ ਹੀ ਹਾਂ।”
“ ਤੇਰਾ ਇਕ ਹੋਰ ਪੁੱਤਰ ਕੁਰਬਾਨ ਹੋਣ ਲਈ ਜਾ ਰਿਹਾ ਏ।” ਮੈ ਕਿਹਾ, “ ਇਸ ਲਈ ਰੌਦੀ ਪਈ ਆਂ।”
“ ਮਾਂ ਜਿਉਂ ਹਾਂ, ਜਦੋਂ ਵੀ ਪੁੱਤ ਕੁਰਬਾਨ ਹੁੰਦਾ,ਛਾਤੀ ਵਿਚ ਚੀਸ ਤਾਂ ਫਿਰ ਪੈਂਦੀ ਹੀ ਹੈ।”
“ ਮੈ ਤਾਂ ਸੁਣਿਆ ਪਈ ਤੂੰ ਤਾਂ ਬਹੁਤ ਬਹਾਦਰ ਏ, ਹੁਣ ਕਿਉਂ ਘਬਰਾ ਗਈ?”
“ ਨਹੀ ਨਹੀ ਮੈ ਘਬਰਾਈ ਤਾਂ ਨਹੀ,ਮੈ ਤਾ ਪੁੱਤਾਂ ਨੂੰ ਕੁਰਬਾਨ ਕਰਨ ਦੀ ਆਦੀ ਹੋ ਚੁੱਕੀ ਹਾਂ।”
“ ਫਿਰ ਤੂੰ ਰੋਂਦੀ ਕਿਉਂ ਪਈ ਏ।”
“ ਮੈ ਤਾਂ ਉਹਨਾਂ ਪੁੱਤਰਾਂ ਨੂੰ ਰੋ ਰਹੀ ਹਾਂ, ਜੋ ਮੇਰੇ ਢਿੱਡੋ ਜੰਮ ਕੇ ਵੀ ਮੇਰੇ ਨਾ ਬਣੇ।”
“ ਕੌਣ ਨੇ ਉਹ?”
“ ਜਦੋਂ ਵੀ ਜ਼ੁਲਮ ਦੀ ਹਨੇਰੀ ਮੇਰੇ ਘਰ ਆਉਂਦੀ ਹੈ, ਇਹ ਮੇਰੇ ਅਕ੍ਰਿਤਘਣ ਪੁੱਤ ਜ਼ਾਲਮਾ ਨਾਲ ਜਾ ਰਲਦੇ ਨੇ।”
“ ਜਿਹੜੇ ਤੇਰੇ ਪੁੱਤ ਕੁਰਬਾਨ ਹੋ ਚੁੱਕੇ ਨੇ ਜਾਂ ਹੋ ਰਹੇ ਨੇ ਉਹ ਚਾਹੁੰਦੇ ਕੀ ਨੇ?” ਮੈ ਜਾਣਦੇ ਹੋਇਆ ਵੀ ਉਸ ਦੇ ਅਕ੍ਰਿਤਘਣ ਪੁੱਤਰਾਂ ਦੀ ਗੱਲ ਟਾਲਦੇ ਹੋਏ ਪੁੱਛਿਆ, “ ਉਹ ਕਿਉਂ ਕਰ ਰਹੇ ਨੇ ਕੁਰਬਾਨੀ ਉੱਪਰ ਕੁਰਬਾਨੀ।”
“ ਥੋੜ੍ਹੇ ਚਿਰਾਂ ਦੀ ਤਾਂ ਗੱਲ ਆ।” ਉਸ ਨੇ ਲੰਮਾ ਹਾਉਂਕਾ ਭਰਦੇ ਕਿਹਾ, “ ਮੇਰੇ ਇਕ ਬਹਾਦਰ ਪੁੱਤਰ ਨੇ ਆਪਣਾ ਰਾਜ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਫੈਲਾ ਲਿਆ ਸੀ।”
“ ਤੂੰ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਰਹੀ ਏ।” ਮੈ ਵਿਚੋਂ ਹੀ ਬੋਲਿਆ, “ ਜਿਸ ਦੀ ਇਕ ਹੀ ਅੱਖ ਸੀ।”
“ ਉਹ ਦੇਖਦਾ ਵੀ ਸਭ ਨੂੰ ਇਕ ਅੱਖ ਨਾਲ ਹੀ ਸੀ।” ਉਸ ਨੇ ਫਖਰ ਨਾਲ ਕਿਹਾ, “ ਉਹ ਵੀ ਦਿਨ ਸਨ ਮੇਰੇ ਤੇ ਜਦੋਂ ਮੈ ਫੁੱਲੀ ਨਾ ਸਮਾਂਦੀ ਸਾਂ,ਮੇਰੇ ਬਾਗਾਂ ਵਿਚ ਬਹਾਰਾਂ ਸਨ, ਮੇਰੀਆਂ ਸੱਥਾਂ ਵਿਚ ਰੌਣਕਾਂ ਸਨ।” ਉਸ ਨੇ ਅੱਖਾਂ ਵਿਚ ਖੁਸ਼ੀ ਦੀ ਚਮਕ ਲਿਆਉਂਦਿਆ ਕਿਹਾ, “ ਮੇਰਾ ਸਾਰਾ ਪ੍ਰੀਵਾਰ ਆਪਸ ਵਿਚ ਪਿਆਰ ਅਤੇ ਸੰਤੌਖ ਭਰੀ ਜ਼ਿੰਦਗੀ ਬਸਰ ਕਰ ਰਿਹਾ ਸੀ।ਮੈ ਆਪਣੇ ਪੁੱਤ ਦੇ ਕੰਮਾਂ ਤੋਂ ਵਾਰੇ-ਬਲਿਹਾਰੇ ਜਾਂਦੀ ਸਾਂ ਜਦੋਂ ਉਹ ਗੁਰਘਰਾਂ ਦੇ ਨਾਲ ਨਾਲ ਮਸਜਿਦਾਂ ਅਤੇ ਮੰਦਰਾਂ ਵਿਚ ਵੀ ਸੋਨਾ ਚੜ੍ਹਾਉਂਦਾ ਸੀ,ਗਰੀਬਾਂ ਦੇ ਅੰਨ ਦੀਆ ਪੰਡਾਂ ਆਪਣੇ ਸਿਰਾਂ ਤੇ ਚੁੱਕ ਉਹਨਾਂ ਘਰਾਂ ਵਿਚ ਛੱਡ ਕੇ ਆਉਂਦਾ ਸੀ।”
“ ਤੇਰਾ ਉਹ ਪੁੱਤਰ ਤਾਂ ਗੁਣਾ ਦੀ ਗੁੱਥਲੀ ਸੀ।” ਮੈ ਉਸ ਦੀ ਹਾਂ ਵਿਚ ਹਾਂ ਮਿਲਾਉਂਦਿਆ ਕਿਹਾ, “ ਉਸ ਦੇ ਗੁਣ ਤਾਂ ਹੁਣ ਵੀ ਦੁਨੀਆਂ ਗਾਉਂਦੀ ਹੈ। ਗੁਣਾ ਦਾ ਭਰਪੂਰ ਮਾਲਿਕ ਸੀ ਉਹ।”
ਮੇਰੀ ਵਿਅੰਗ ਅਜਿਹੀ ਨਾਲ ਕੀਤੀ ਗੱਲ ਨੂੰ ਉਸ ਨੇ ਸਮਝਦਿਆ ਝੱਟ ਕਿਹਾ, “ ਉਸ ਵਿਚ ਜੋ ਦੋ ਚਾਰ ਔਗੁਣ ਸਨ ਵੀ ਉਹ ਤਾਂ ਇੰਨੇ ਗੁਣਾਂ ਵਿਚ ਉੰਝ ਹੀ ਗੁਆਚ ਜਾਂਦੇ ਸੀ।” ਉਸ ਨੇ ਫਿਰ ਅੱਖਾਂ ਭਰ ਲਈਆਂ ਅਤੇ ਬੋਲੀ ਮੈ ਤਾਂ ਮਰ ਕੇ ਵੀ ਉਸ ਪੁੱਤਰ ਨੂੰ ਨਹੀ ਭੁੱਲਾਂਗੀ।”
“ ਮਰਨ ਤਾਂ ਤੈਨੂੰ ਤੇਰੇ ਪੁੱਤਰ ਕਦੀ ਵੀ ਨਹੀ ਦੇਣਗੇ।ਇਹ ਗੱਲ ਤਾਂ ਮੈ ਦਾਅਵੇ ਨਾਲ ਕਹਿੰਦਾ ਹਾਂ।” ਮੈ ਆਪਣੇ ਸੀਨੇ ਤੇ ਹੱਥ ਰੱਖਦਿਆ ਕਿਹਾ, “ ਤੂੰ ਦੱਸਿਆ ਹੀ ਨਹੀ ਤੇਰੇ ਹੁਣ ਇਹ ਪੁੱਤਰ ਚਾਹੁੰਦੇ ਕੀ ਆ”?
“ ਬਸ ਆਪਣੇ ਭਰਾ ਦਾ ਖੁੱਸਿਆ ਹੋਇਆ ਰਾਜ ਜੋ ਧੋਖੇ ਨਾਲ ਗਦਾਰਾਂ ਨੇ ਫਰੰਗੀਆਂ ਦੀ ਝੋਲੀ ਵਿਚ ਪਾ ਦਿੱਤਾ ਸੀ, ਉਹ ਹੀ ਆਪਣਾ ਹੱਕ ਵਾਪਸ ਚਾਹੁੰਦੇ ਨੇ।” ਉਸ ਨੇ ਵਿਸ਼ਵਾਸ ਨਾਲ ਕਿਹਾ, “ਉਹ ਤਾਂ ਜਦੋਂ ਕੁਰਬਾਨੀਆ ਦਾ ਮੁੱਲ ਪਿਆ ਇਹਨਾਂ ਨੂੰ ਮਿਲ ਵੀ ਜਾਵੇਗਾ।ਦੁੱਖ ਤਾਂ ਮੈਨੂੰ ਆਪਣੇ ਨਿਕੰਮੇ ਪੁੱਤਰਾਂ ਦਾ ਹੈ।ਜਿਹਨਾਂ ਦਾ ਹਿਰਦਾ ਮੇਰੀ ਹਾਲਤ ਦੇਖ ਕੇ ਪਸੀਦਾ ਹੀ ਨਹੀ।”
“ ਵੈਸੇ ਇੰਨੇ ਪੁੱਤਰਾਂ ਵਾਲੀ ਮਾਂ ਨੂੰ ਕੋਈ ਦੁੱਖ ਤਾਂ ਨਹੀ ਹੋਣਾ ਚਾਹੀਦਾ।” ਮੈ ਮਨ ਵਿਚ ਆਈ ਗੱਲ ਕਹਿ ਦਿੱਤੀ, “ ਤੇਰੇ ਵਿਚ ਏਨੀ ਸ਼ਕਤੀ ਹੈ,ਸਾਰਾ ਭਾਰਤ ਤੇਰਾ ਅਨਾਜ਼ ਖਾਂਦਾ ਹੈ।”
“ ਤੈਨੂੰ ਦੱਸਿਆ ਤਾਂ ਹੈ ਪੁਤਰਾਂ ਦੀਆਂ ਆਦਤਾਂ ਤੋਂ ਦੁੱਖੀ ਹਾਂ।” ਉਸ ਨੇ ਫਿਰ ਲੰਮਾ ਹਾਉਕਾ ਭਰਦੇ ਕਿਹਾ, “ ਅੱਧੇ ਨਸ਼ਿਆ ਵਿਚ ਗਰਕ ਹੋ ਰਹੇ ਨੇ, ਅਧਿਆਂ ਤੋਂ ਜ਼ਿਆਦਾ ਨੂੰ ਸਿਰਫ ਆਪਣੀ ਦਾਲ- ਰੋਟੀ ਤੱਕ ਹੀ ਮਤਲਵ ਹੈ ਉਹਨਾਂ ਵਿਚੋਂ ਕਿੰਨੇ ਅਜਿਹੇ ਨੇ ਜੋ ਆਪਣੇ ਸੂਰਮੇ ਭਰਾਵਾਂ ਦੇ ਨਾਮ ਲੈਣ ਤੋਂ ਵੀ ਕੰਨੀ ਕਤਰਾਉਂਦੇ ਨੇ,ਦੁਸ਼ਮਨ ਦੀ ਹਾਂ ਵਿਚ ਹੀ ਹਾਂ ਮਿਲਾਈ ਜਾਣਗੇ।”
ਮੈ ਕੁੱਝ ਵੀ ਨਾ ਬੋਲਿਆ ਤੇ ਉਸ ਨੇ ਫਿਰ ਆਪਣੀ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ, “ ਤੂੰ ਭਾਰਤ ਨੂੰ ਅਨਾਜ਼ ਦੇਣ ਦੀ ਗੱਲ ਕਰਦਾ ਏ, ਮੇਰੇ ਭਗਤ ਸਿੰਘ ਅਤੇ ਅਨੇਕਾਂ ਯੋਧੇ ਪੁੱਤਰਾਂ ਨੇ ਸ਼ਹੀਦੀਆਂ ਦੇ ਕੇ ਇਸ ਭਾਰਤ ਨੂੰ ਗੁਲਾਮੀ ਦੇ ਪੰਜੇ ਵਿਚੋਂ ਛੁਡਾਇਆ ਸੀ, ਪਰ ਦੁਸ਼ਮਨ ਨੇ ਚਾਣਕਿਆਂ ਨੀਤੀ ਨਾਲ ਮੈਨੂੰ ਵੱਢ-ਟੁੱਕ ਕੇ ਲੰਗੜੀ ਕਰ ਦਿੱਤਾ,ਮੇਰੇ ਦਰਿਆਂਵਾਂ ਦਾ ਪਾਣੀ ਅਤੇ ਬਿਜਲੀ ਲੁੱਟ ਲੁੱਟ ਕੇ ਲਈ ਜਾਂਦੇਂ ਨੇ।”
ਮੈ ਵਿਚੋਂ ਹੀ ਫਿਰ ਬੋਲ ਪਿਆ, “ ਤੇਰੇ ਸ਼ਹੀਦ ਪੁੱਤਰਾਂ ਦੀ ਸ਼ਹੀਦੀ ਜਿਸ ਦਿਨ ਰੰਗ ਲਿਆਈ, ਉਸ ਦਿਨ ਤੇਰੇ ਸਾਰੇ ਰਾਹ ਪੱਧਰੇ ਹੋ ਜਾਣੇ ਆ।” ਮੈ ਉਸ ਨੂੰ ਹੌਂਸਲਾ ਦੇਣ ਲਈ ਕਿਹਾ, “ ਦੜ ਵਟ ਜ਼ਮਾਨਾ ਕੱਟ, ਭਲੇ ਦਿਨ ਆਉਣਗੇ॥”
“ ਭਲੇ ਦਿਨ ਆਉਣ ਵਿਚ ਮੈਨੂੰ ਕੋਈ ਸ਼ੱਕ ਨਹੀ, ਮੈ ਤਾਂ ਆਪਣੀ ਹੀ ਗੱਲ ਕਰ ਰਹੀ ਹਾਂ, ਮੇਰੇ ਬਹਾਦਰਾਂ ਨੇ ਦੂਜਿਆਂ ਦੀਆਂ ਧੀਆਂ ਭੈਣਾ ਨੂੰ ਜ਼ਾਲਮਾਂ ਤੋਂ ਬਚਾਉਦਿਆਂ ਜਾਨਾਂ ਦੀ ਪਰਵਾਹ ਨਹੀ ਕੀਤੀ,ਮੇਰੇ ਬੰਦਾ ਸਿੰਘ ਬਹਾਦਰ ਸੰਤ ਸਿਪਾਹੀਆਂ ਨੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਕੇ ਇਕ ਦਿਨ ਰਾਜ ਕਾਇਮ ਕੀਤਾ। ਉਸ ਦਿਨ ਵੀ ਦਿੱਲ਼ੀ ਦੀ ਹਕੂਮਤ ਨੂੰ ਭਰਮ ਸੀ ਕਿ ਮੈਨੂੰ ਗੁਲਾਮ ਬਣਾ ਲਿਆ, ਅੱਜ ਦੀ ਹਕੂਮਤ ਵੀ ਇਹ ਹੀ ਭਰਮ ਪਾਲ ਰਹੀ ਹੈ। ਮੈਨੂੰ ਤਾਂ ਆਪਣੇ ਸੂਰਮਿਆਂ ਤੇ ਇੰਨਾ ਭਰੋਸਾ ਹੈ ਕਿ ਦਿੱਲੀ ਨੇ ਤਾਂ ਕੀ ਦੁਨੀਆਂ ਦੀ ਕੋਈ ਵੀ ਸ਼ਕਤੀ ਮੈਨੂੰ ਗੁਲਾਮ ਨਹੀ ਬਣਾ ਸਕਦੀ।”
ਉਹ ਸਾਹ ਲੈਣ ਲਈ ਜਰਾ ਰੁਕੀ,ਮੈ ਬੋਲਣ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਦਿਲ ਇੰਨਾ ਭਰਿਆ ਹੋਇਆ ਸੀ ਕਿ ਮੇਰੇ ਬੋਲਣ ਤੋਂ ਪਹਿਲਾਂ ਹੀ ਫਿਰ ਬੋਲ ਉੱਠੀ, “ਰੱਬ ਪੁੱਤਰ ਦੇਵੇ ਨੇਕ ਮੇਰੇ ਸੂਰਮਿਆਂ ਵਰਗਾ, ਆਹ ਨਲਾਇਕ ਪੁੱਤਰਾਂ ਨਾਲੋ ਤਾਂ ਮੈ ਬਾਂਝ ਹੀ ਚੰਗੀ ਸਾਂ। ਮੇਰਾ ਕੋਈ ਝਾਟਾ ਪੱਟੇ, ਮੇਰੀਆਂ ਧੀਆਂ ਦੀ ਕੋਈ ਇੱਜ਼ਤ ਲੁੱਟੇ, ਇਹਨਾਂ ਨਿਕੰਮੇ ਪੁੱਤਰਾਂ ਨੂੰ ਆਪਣੀ ਖੁਦਗਰਜ਼ੀ ਤੱਕ ਹੀ ਮਤਲਵ ਆ ਐਸ਼ਾ ਵਿਚ ਮਸਤ ਨੇ, ਉਹਨਾਂ ਵਿਚ ਤਾਂ ਏਨੀ ਜ਼ੁਰਤ ਵੀ ਨਹੀ ਕਿ ਉਹ ਕਹਿ ਸਕਣ ਜ਼ਾਲਮੋ ਜੋ ਤੁਸੀ ਸਾਡੇ ਨਾਲ ਕਰ ਰਹੇ ਹੋ, ਉਹ ਗੱਲਤ ਹੈ, ਸਗੋਂ ਜ਼ਾਲਮਾਂ ਦੀ ਘਨੇੜੀ ਚੜ੍ਹੇ ਮੇਰੇ ਹੋਣਹਾਰ ਪੁੱਤਰਾਂ ਨੂੰ ਬਦਨਾਮ ਕਰੀ ਜਾਣਗੇ, ਮੇਰੇ ਕੁਰਬਾਨ ਹੋਏ ਪੁੱਤਰਾਂ ਦੇ ਭੋਗ ਤੇ ਵੀ ਨਹੀ ਆਉਣਗੇ, ਦੁਸ਼ਮਣਾ ਦੇ ਜਸ਼ਨਾ ਵਿਚ ਉਹਨਾਂ ਦੇ ਝੰਡੇ ਨੂੰ ਸਲਾਮੀਆ ਦੇਣਗੇ।”
“ ਤੂੰ ਨਿਕੰਮੇ ਪੁਤਰਾਂ ਦਾ ਗਮ ਨਾ ਕਰ।” ਮੈ ਉਸ ਦਾ ਦੁੱਖ ਘਟਾਉਣ ਦੇ ਹਿਸਾਬ ਨਾਲ ਕਿਹਾ, “ ਤੇਰੇ ਬਹੁਤ ਪੁੱਤਰ-ਧੀਆਂ ਐਸੇ ਵੀ ਨੇ ਜੋ ਆਪਣੇ ਆਪਣੇ ਢੰਗ ਨਾਲ ਤੇਰੇ ਉੱਪਰ ਆਈਆਂ ਤਕਲੀਫਾਂ ਦਾ ਜ਼ਿਕਰ ਵੱਖ- ਵੱਖ ਢੰਗਾਂ ਨਾਲ ਕਰ ਰਿਹੇ ਨੇ, ਕੋਈ ਲਿਖ ਕੇ ਕਰ ਰਿਹਾ, ਕੋਈ ਬੋਲ ਕੇ ਕਰ ਰਿਹਾ ਹੈ, ਕੋਈ ਮੂਵੀਆਂ ਬਣਾ ਕੇ ਕਰ ਰਿਹਾ ਏ।”
“ ਬਹੁਤ ਨਹੀ।ਕੁਝ ਕੁ ਹੀ ਨੇ।” ਉਸਨੇ ਆਪਣੇ ਕਾਲਜ਼ੇ ਨੂੰ ਦੋਹਾਂ ਹੱਥਾਂ ਨਾਲ ਘੁੱਟ ਦੇ ਕਿਹਾ, “ ਬਹੁਤਿਆ ਦੀਆਂ ਤਾਂ ਮੇਰਾ ਦੁੱਖ ਲਿਖਣ ਲੱਗਿਆਂ ਕਲਮਾਂ ਹੀ ਟੁੱਟ ਜਾਂਦੀਆਂ ਨੇ, ਸਿਹਾਈਆਂ ਹੀ ਮੁੱਕ ਜਾਂਦੀਆਂ ਨੇ, ਜੀਭਾਂ ਗੂੰਗੀਆਂ ਹੋ ਜਾਂਦੀਆ ਨੇ,ਮੂਵੀਆਂ ਰਾਂਹੀ ਕੰਜਰ-ਪੋ ਦਿਖਾਈ ਜਾਣਗੇ ਮੇਰੇ ਕੁਰਬਾਨ ਹੋਏ ਪੁੱਤਰ ਦੀ ਫੋਟੋ ਦਿਖਾਉਣ ਲੱਗਿਆਂ ਉਹਨਾਂ ਦਾ ਕੈਮਰਾ ਟੁੱਟ ਜਾਂਦਾ ਏ।”
“ ਉਹ ਤਾਂ ਮੈਨੂੰ ਵੀ ਪਤਾ ਹੈ।” ਮੈ ਉਸ ਦੇ ਦੁੱਖ ਵਿਚ ਸ਼ਾਮਲ ਹੁੰਦੇ ਕਿਹਾ, “ ਕਈ ਨੇ ਜੋ ਵਕਤ ਦਾ ਵਹਾਅ ਨਾਲ ਹੀ ਵਗ ਤੁਰਦੇ ਨੇ, ਜਦੋਂ ਤੇਰੇ ਸੁਰਮੇ ਪੁੱਤਰਾਂ ਦੀ ਚੜ੍ਹਤ ਸੀ ਉਹਨਾਂ ਦੇ ਸੋਹਿਲੇ ਗਾਉਦੇਂ ਹੱਟ ਦੇ ਨਹੀ ਸੀ, ਜਦੋਂ ਜ਼ਾਲਮਾ ਦਾ ਪਾਸਾ ਭਾਰਾ ਹੋਇਆ ਭਾਂਵੇ ਹੋਇਆ ਥੋੜ੍ਹੀ ਦੇਰ ਲਈ ਹੈ, ਉਹਨਾਂ ਨਾਲ ਜਾ ਰਲੇ।”
“ ਜਦੋ ਮੇਰੇ ਪੁੱਤਰਾਂ ਨੇ ਆਪਣੀ ਮੰਜਿਲ ਪ੍ਰਾਪਤ ਕਰ ਲਈ, ਫਿਰ ਦੇਖੀ ਇਹਨਾਂ ਨੇ ਕਿਵੇ ਪਾਸਾ ਬਦਲਨਾ ਏ।”
“ ਭੱਜੀਆਂ ਬਾਹਵਾਂ ਗੱਲ ਵੱਲ ਹੀ ਆਉਂਦੀਆਂ ਨੇ।” ਮੈ ਕਿਹਾ, “ ਵੈਸੇ ਵੀ ਦੁੱਖ ਵੇਲੇ ਸਾਰੇ ਹੀ ਪਾਸਾ ਵੱਟ ਜਾਂਦੇ ਨੇ, ਤੂੰ ਉਦਾਸ ਨਾ ਹੋ।”
ਫਿਰ ਉਹ ਇੱਕਦਮ ਹੌਸਲੇ ਜਿਹੇ ਵਿਚ ਉਠੀ ਅਤੇ ਆਪਣੇ ਕੇਸਾਂ ਨੂੰ ਚੰਗੀ ਤਰਾਂ ਬੰਨ ਲਿਆ ਅਤੇ ਦੁੱਪਟੇ ਨਾਲ ਸੋਹਣੀ ਬੁਕਲ ਮਾਰਦਿਆ ਬੋਲੀ, “ ਮੇਰਾ ਸੂਰਮਾ ਪੁੱਤਰ ਲਾੜੀ ਮੌਤ ਨੂੰ ਵਿਹਾਉਣ ਲਈ ਘੌੜੀ ਚੜ੍ਹਨ ਵਾਲਾ ਹੈ, ਮੈ ਕਾਹਤੇ ਸੁੱਖੀ- ਸਾਂਦੀ ਉਦਾਸ ਹੋਵਾਂ, ਮੇਰੇ ਘਰ ਤਾਂ ਘੋੜੀਆਂ ਗਾਉਣ ਲਈ ਭੈਣਾਂ ਇਕੱਠੀਆਂ ਹੋਈਆਂ ਹੋਣਗੀਆਂ, ਮੇਰੇ ਪੁੱਤ ਨੇ ਸਾਰੇ ਰਿਸ਼ਤੇਦਾਰਾਂ, ਸਾਰੇ ਪਿੰਡਾਂ ਦੇ ਲੋਕਾਂ ਨੂੰ ਸਨੇਹੇ ਭੇਜੇ ਨੇ ਕਿ ਵਿਆਹ ਵਾਲੇ ਦਿਨ ਇਕੱਲਾ ਮੇਰਾ ਘਰ ਹੀ ਨਹੀ ਸਜਾਉਣਾ ਸਗੋਂ ਸਾਰੇ ਹੀ ਆਪਣੇ ਘਰਾਂ ਨੂੰ ਕੇਸਰੀ ਰੰਗ ਦੇ ਝੰਡੇ- ਝੰਡੀਆਂ ਨਾਲ ਸਜਾਉਣ। ਸਾਰੇ ਸ਼ਗਨਾ ਤੋਂ ਪਹਿਲਾਂ ਜਿਸ ਦਿਨ ਸਾਡਾ ਸਾਰਾ ਪ੍ਰੀਵਾਰ ਅਕਾਲ-ਤੱਖਤ ਵਿਆਹ ਦਾ ਕਾਰਡ( ਭਾਈ ਸਾਹਿਬ ਦੀ ਵਸੀਅਤ) ਦੇਣ ਚੱਲਿਆ ਸੀ, ਰਿਸ਼ਤੇਦਾਰ ਤਾਂ ਉਸ ਦਿਨ ਤੋਂ ਆਉਣੇ ਸ਼ੁਰੂ ਹੋ ਗਏ ਨੇ।ਵਿਆਹ ਦਾ ਕਾਰਡ ਤਾਂ ਬਹੁਤ ਹੀ ਸੋਹਣਾ ਹੈ, ਮੇਰੇ ਪੁੱਤਰ ਨੇ ਆਪ ਹੀ ਬਣਾਇਆ ਹੈ।”
ਉਹ ਇਹ ਗੱਲਾਂ ਕਰ ਰਹੀ ਸੀ, ਅਤੇ ਮੇਰੀਆਂ ਅੱਖਾਂ ਵਿਚੋਂ ਹੰਝੂ ਤੇ ਹੰਝੂ ਡਿਗ ਰਿਹਾ ਸੀ।
“ ਜਿਸ ਤਰਾਂ ਦੀ ਵਹੁਟੀ ਮੇਰੇ ਪੁੱਤਰ ਨੂੰ ਮਿਲਣੀ ਹੈ।” ਉਸ ਤਰਾਂ ਦੀਆਂ ਵਹੁਟੀਆਂ ਤੇ ਚੰਗੇ ਕਰਮਾਂ ਵਾਲਿਆਂ ਨੂੰ ਹੀ ਮਿਲਦੀਆ ਨੇ।” ਉਸ ਨੇ ਆਪਣੀਆ ਅੱਖਾਂ ਭਰਦੇ ਕਿਹਾ, “ ਤੂੰ ਦੇਖੀ ਤਾਂ ਸਹੀ, ਮੈਨੂੰ ਪਾਣੀ ਵਾਰਦੀ ਨੂੰ ਸਾਰਾ ਜੱਗ ਦੇਖੂ,ਲੋਕ ਕਹਿਣਗੇ, ਐਦਾਂ ਦਾ ਪਾਣੀ ਸਾਰੀਆਂ ਮਾਂਵਾ ਨਹੀ ਵਾਰ ਕੇ ਪੀ ਸਕਦੀਆਂ, ਮੇਰੇ ਵਿਚ ਹੀ ਵਾਹਿਗੁਰੂ ਨੇ ਸ਼ਕਤੀ ਪਾਈ ਹੈ ਜੋ ਵਾਰ ਵਾਰ ਇਹੋ ਜਿਹਾ ਪਾਣੀ ਵਾਰ ਕੇ ਪੀਂਦੀ ਆ।” ਫਿਰ ਉਸ ਨੇ ਮੇਰੇ ਵੱਲ ਥੋੜ੍ਹੇ ਪਿਆਰ ਭਰੇ ਗੁੱਸੇ ਨਾਲ ਦੇਖਿਆ ਅਤੇ ਕਿਹਾ,
“ ਰੋ ਨਾ ਮੇਰੇ ਪੁੱਤ ਦੇ ਵਿਆਹ ਵਿਚ ਬਦਸ਼ਗਨੀ ਨਾਂ ਕਰ।”
“ ਤੂੰ ਆਪ ਵੀ ਤਾਂ ਰੋਂਦੀ ਹੈ।” ਮੈ ਆਪਣੇ ਹੁੰਝੂ ਦੋਹਾਂ ਹੱਥਾ ਨਾਲ ਸਾਫ ਕਰਦਿਆ ਕਿਹਾ, “ ਮੈ ਤਾਂ ਤੇਰੇ ਵੱਲ ਦੇਖ ਕੇ ਹੀ ਰੋਂਦਾ ਹਾਂ।”
“ ਇਹ ਹੰਝੂ ਤਾਂ ਵਿਆਹ ਦੀ ਖੁਸ਼ੀ ਵਿਚ ਨੇ।”ਉਸ ਨੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਫੇਰਦੇ ਕਿਹਾ, “ ਮੈ ਤਾਂ ਤੇਰੇ ਵਰਗਿਆਂ ਦੀ ਵੀ ਅਹਿਸਾਨ ਮੰਦ ਹਾਂ ਜਿਹਨਾਂ ਦੇ ਹਿਰਦਿਆਂ ਵਿਚ ਮੇਰੇ ਦੁੱਖਾਂ ਦਾ ਅਹਿਸਾਸ ਤਾਂ ਹੈ।”
“ ਮਾਂ ਦਾ ਦੁੱਖ ਹਰ ਪੁੱਤਰ ਹੀ ਮਹਿਸੂਸ ਕਰਦਾ ਹੈ।”
“ ਤੂੰ ਫਿਰ ਉਹ ਗੱਲਾਂ ਨਾ ਛੇੜ ਨਹੀ ਤਾਂ ਫਿਰ ਨਿਕੰਮੇ ਪੁਤਰਾਂ ਵਲੋਂ ਮੇਰੇ ਦਿਲ ਵਿਚ ਪਾਈਆਂ ਝਰੀਟਾਂ ਦੇ ਜੱਖਮ ਜਾਗ ਜਾਣਗੇ, ਮੈ ਆਪਣੇ ਪੁੱਤਰ ਦੇ ਸਾਹੇ ਬੱਝੇ ਦਿਨਾਂ ਵਿਚ ਕਮਜ਼ੋਰ ਨਹੀ ਪੈਣਾ ਚਾਹੁੰਦੀ।”
“ ਚੰਗਾ ਪੁੱਤ, ਹੁਣ ਮੈ ਜਾਂਦੀ ਹਾਂ, ਗੁਰੂ ਭਲਾ ਕਰੇ।”
“ ਉਸ ਨੂੰ ਜਾਂਦੀ ਦੇਖ ਮੈ ਉੱਚੀ ਅਤੇ ਜੋਰ ਨਾਲ ਅਵਾਜ਼ ਮਾਰੀ, “ ਮਾਂ।”
ਮਾਂ ਸ਼ਬਦ ਦੀ ਗੂੰਜ ਜਦੋਂ ਸਾਰੇ ਘਰ ਵਿਚ ਗੂੰਜੀ ਤਾਂ ਮੇਰੀ ਪਤਨੀ ਅਤੇ ਮਾਤਾ ਜੀ ਭੱਜਦੀਆਂ ਹੋਈਆਂ ਕਮਰੇ ਵਿਚ ਆਈਆਂ।
“ ਕੀ ਹੋਇਆ, ਪੁੱਤ।” ਮੇਰੀ ਮਾਂ ਨੇ ਮੈਨੂੰ ਜਗਾਉਂਦੇ ਹੋਏ ਕਿਹਾ, “ ਤੇਰਾ ਮੂੰਹ ਤਾਂ ਗਿੱਲਾ ਹੋਇਆ ਆ, ਤੂੰ ਠੀਕ ਆਂ।”
“ ਕੁੱਝ ਨਹੀ, ਮਾਤਾ ਜੀ।” ਆਪਣੀਆ ਅੱਖਾਂ ਨੂੰ ਆਪਣੀ ਬਾਂਹ ਨਾਲ ਪੂੰਝਦੇ ਕਿਹਾ, “ ਸੁਪਨਾ ਜਿਹਾ ਆਇਆ ਸੀ।”
“ ਚੱਲ ਉੱਠ ਨਾਂਹ- ਧੋ ਕੇ ਕੁੱਝ ਖਾ।” ਮਾਤਾ ਜੀ ਇਹ ਕਹਿੰਦੇ ਹੋਏ ਕਮਰੇ ਤੋਂ ਬਾਹਰ ਚਲੇ ਗਏ।
ਨਹਾਉਣ ਤੋਂ ਬਾਅਦ ਮੈਨੂੰ ਆਪਣਾ ਮਨ ਤੇ ਸਰੀਰ ਹੱਲਕਾ ਹੱਲਕਾ ਲੱਗਿਆ, ਇਹ ਪਤਾ ਨਹੀ ਕਿ ਕੋਸੇ ਪਾਣੀ ਨੇ ਥਕਾਵਟ ਲਾਈ ਸੀ ਜਾਂ ਸੁਪਨੇ ਵਿਚ ਮਾਂ ਨਾਲ ਕੀਤੀਆਂ ਗੱਲਾਂ ਨੇ।
ਪਤਨੀ ਨੂੰ ਚਾਹ ਦਾ ਕੱਪ ਬਣਾਉਣ ਲਈ ਕਿਹਾ ਅਤੇ ਆਪ ਕਾਪੀ ਪੈਨ ਫੜ੍ਹ ਇਹ ਸਾਰਾ ਵਿਸਥਾਰ ਡਾਇਰੀ ਦੇ ਪੰਨਿਆਂ ਦੀਆਂ ਹਿਕਾਂ ਵਿਚ ਇਸ ਤਰਾਂ ਲਿਖਣ ਲੱਗਾ ਜਿਵੇ ਅਕ੍ਰਿਤਘਣ ਪੁੱਤਰਾਂ ਦੇ ਸੀਨਿਆਂ ਵਿਚਲੀ ਮਰ ਚੁੱਕੀ ਜ਼ਮੀਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵਾਂ ਕਿ ਉਹ ਮਾਂ ਦੀ ਗੱਲ ਮੰਨ ਕੇ ਆਪਣੇ ਸੂਰਮੇ ਭਰਾਵਾਂ ਨਾਲ ਖਲੋ ਜਾਣ।
wahe guru ji ka khalsa wahe guru ji ki fatehji,bahout wadia sabda vich kaum nu suneha dita a jis din har sikh nu apne guru nal payer te kaum lai mer miten da janoon aa gia os din sikh kaum de gallo gulami aap Leh javegi.
awesome,cant explain in words….Nice msg through story…gd luck…
100% sach likhia bhain ji.Dil nu chhuh gia.
Sabh sach hai.
wahe guru ji ka khalsa wahe guru ji ki fatehji
ਭਲੇ ਦਿਨ ਆਉਣ ਵਿਚ ਮੈਨੂੰ ਕੋਈ ਸ਼ੱਕ ਨਹੀ,
tuhadeya kahaniya wich’c MANU VEER RAS Lagda hai
lo kande karhe kardeya han tuhadeya kahaniya