ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਘਰੋਂ ਘਰ ਪਹੁੰਚਾਉਣ ਸੰਬੰਧੀ ਚਲਾਏ ਜਾ ਰਹੇ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਜਨਵਰੀ 2012 ਵਿੱਚ ਪਹਿਲੇ ਸਾਲ ਤੇ ਦੂਜੇ ਸਾਲ ਦੀ ਪੂਰੇ ਭਾਰਤ ਵਿੱਚ ਪ੍ਰੀਖਿਆ ਦਿੱਤੀ ਸੀ ਉਸ ਦਾ ਨਤੀਜਾ ਅੱਜ ਦਫ਼ਤਰ ਪੱਤਰ ਵਿਹਾਰ ਕੋਰਸ ਵਿਖੇ ਸ੍ਰ. ਸਤਬੀਰ ਸਿੰਘ ਐਡੀ. ਸਕੱਤਰ ਧਰਮ ਪ੍ਰਚਾਰ ਕਮੇਟੀ, ਮੀਤ ਸਕੱਤਰ ਤੇ ਡਾਇਰੈਕਟਰ ਪੱਤਰ ਵਿਹਾਰ ਕੋਰਸ ਦੇ ਸ. ਬਲਵਿੰਦਰ ਸਿੰਘ ਜੋੜਾਸਿੰਘਾ ਨੇ ਐਲਾਨਿਆ ਜਿਸ ਵਿਚ ਪਹਿਲੇ ਸਾਲ ਦੇ ਵਿਦਿਆਰਥੀ ਭਾਈ ਜਸਪਾਲ ਵੀਰ ਸਿੰਘ ਜਲੰਧਰ ਨੇ 400 ਵਿਚੋਂ 346 ਨੰਬਰ ਲੈ ਕੇ ਪਹਿਲਾ ਸਥਾਨ ਤੇ ਭਾਈ ਕਰਤਾਰ ਸਿੰਘ ਸੁਜਾਨਪੁਰ ਯੂ.ਪੀ ਨੇ 344 ਨੰਬਰ ਲੈ ਕੇ ਦੂਜਾ ਸਥਾਨ ਤੇ ਭਾਈ ਹਰਮੀਤ ਸਿੰਘ ਫਤਹਿਗੜ੍ਹ ਸਾਹਿਬ ਨੇ 339 ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਇਸ ਤੋਂ ਇਲਾਵਾ ਪਹਿਲੇ ਸਾਲ ਦੇ 39 ਵਿਦਿਆਰਥੀ ਮੈਰਿਟ ਵਿਚ ਆਏ। ਦੂਜੇ ਸਾਲ ਦੇ ਵਿਦਿਆਰਥੀ ਬੀਬੀ ਪਰਵਿੰਦਰ ਕੌਰ ਬਟਾਲਾ ਨੇ 400 ਵਿਚੋਂ 349 ਨੰਬਰ ਲੈ ਕੇ ਪਹਿਲਾ ਸਥਾਨ ਤੇ ਬੀਬੀ ਕੁਲਦੀਪ ਕੌਰ ਮੁਕਤਸਰ ਨੇ 347 ਨੰਬਰ ਲੈ ਕੇ ਦੂਜਾ ਤੇ ਬੀਬੀ ਗੁਰਜੀਤ ਕੌਰ ਭਗਤਪੁਰ ਗੁਰਦਾਸਪੁਰ ਨੇ 345 ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਇਨ੍ਹਾਂ ਤੋਂ ਇਲਾਵਾ ਦੂਜੇ ਸਾਲ ਦੇ 51 ਵਿਦਿਆਰਥੀ ਮੈਰਿਟ ਵਿਚ ਆਏ।ਇਨ੍ਹਾਂ ਵਿਦਿਆਰਥੀਆਂ ਦਾ ਨਤੀਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਤੇ ਵੇਖਿਆ ਜਾ ਸਕਦਾ ਹੈ।
ਸ੍ਰ. ਸਤਬੀਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਸ ਕੋਰਸ ਨਾਲ ਜੁੜੇ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਰੂਪ ਵਿੱਚ ਜਿਹੜੇ ਵਿਦਿਆਰਥੀ ਪਹਿਲੇ ਦੂਜੇ ਅਤੇ ਤੀਜੇ ਦਰਜ਼ੇ ਤੇ ਆਏ ਹਨ ਉਨ੍ਹਾਂ ਨੂੰ ਹਮੇਸ਼ਾ ਵਾਂਗ ਕਰਮਵਾਰ 7100, 5100, 3100 ਰੁਪੈ ਨਗਦ ਇਨਾਮ ਅਤੇ ਮੈਰਿਟ ਵਿਚ 80% ਤੋਂ ਵੱਧ ਨੰਬਰ ਲੈਣ ਵਾਲੇ ਪਹਿਲੇ 51-51 ਵਿਦਿਆਰਥੀਆਂ ਨੂੰ 1100-1100 ਰੁਪੈ ਦੇ ਕੇ ਧਰਮ ਪ੍ਰਚਾਰ ਕਮੇਟੀ ਵਲੋਂ ਸਨਮਾਨਤ ਕੀਤਾ ਜਾਵੇਗਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਹਿਲਾ, ਦੂਜਾ ਅਤੇ ਤੀਜੇ ਸਥਾਨ ਤੇ ਹੋਰ ਮੈਰਿਟ ਵਿੱਚ ਆਏ ਤੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਹੈ ਕਿ ਇਸ ਕੋਰਸ ਨਾਲ ਜੁੜੇ ਵਿਦਿਆਰਥੀ ਸਿੱਖ ਧਰਮ ਦੀ ਸਰਬ ਪੱਖੀ ਮੁੱਢਲੀ ਜਾਣਕਾਰੀ ਹਾਸਲ ਕਰਕੇ ਸਿੱਖ ਧਰਮ ਦੀ ਵਿਸ਼ੇਸ਼ਤਾ ਤੇ ਵਿਲੱਖਣਤਾ ਨੂੰ ਵਿਸ਼ਵ ਪੱਧਰ ਤੇ ਪ੍ਰਚਾਰਨ ਤੇ ਸੰਚਾਰਨ ਵਿੱਚ ਸਹਾਇਤਾ ਕਰਨਗੇ।
ਇਸ ਮੌਕੇ ਮੀਤ ਸਕੱਤਰ ਤੇ ਡਾਇਰੈਕਟਰ ਪੱਤਰ ਵਿਹਾਰ ਕੋਰਸ ਸ. ਬਲਵਿੰਦਰ ਸਿੰਘ ਜੋੜਾ ਸਿੰਘਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰ. ਡਾ. ਜੋਗੇਸ਼ਵਰ ਸਿੰਘ, ਸੁਪਰਵਾਈਜ਼ਰ ਸ. ਦਲਜੀਤ ਸਿੰਘ ਗੁਲਾਲੀਪੁਰ ਤੇ ਸ. ਰਣਜੀਤ ਸਿੰਘ ਭੋਮਾ, ਰੀਸਰਚ ਸਕਾਲਰ ਸ੍ਰ. ਅਮਰਜੀਤ ਸਿੰਘ ਰਸੂਲਪੁਰ ਤੇ ਬੀਬੀ ਗੁਰਮੀਤ ਕੌਰ ਆਦਿ ਹਾਜ਼ਰ ਸਨ।