ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦੀ ਹੱਤਿਆ ਕੇਸ ਵਿੱਚ ਸੈਸ਼ਨ ਕੋਰਟ ਨੇ ਕਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਹੀ ਫਾਂਸੀ ਦਿੱਤੀ ਜਾਵੇਗੀ। ਚੰਡੀਗੜ੍ਹ ਦੀ ਜਿਲ੍ਹਾ ਅਦਾਲਤ ਨੇ ਰਾਜੋਆਣਾ ਨੂੰ ਦਿੱਤੀ ਗਈ ਮੌਤ ਦੇ ਵਰੰਟ ਨੂੰ ਵਾਪਿਸ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਅਦਾਲਤ ਵੱਲੋਂ ਪਟਿਆਲਾ ਦੇ ਜੇਲ੍ਹ ਅਧਿਕਾਰੀ ਐਲ.ਐਸ. ਜਾਖੜ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਨੋਟਿਸ ਵੀ ਜਾਰੀ ਕੀਤਾ ਹੈ।ਪੰਜਾਬ ਦੇ ਏਏਜੀ ਅਤੇ ਮੋਹਾਲੀ ਦੇ ਜਿਲ੍ਹਾ ਅਟਾਰਨੀ ਨੇ ਵੀ ਫਾਂਸੀ ਦੀ ਸਜ਼ਾ ਨੂੰ ਸਥਿਗਤ ਕਰਨ ਦੀ ਅਪੀਲ ਕੀਤੀ ਸੀ ਪਰ ਅਦਾਲਤ ਨੇ ਸਾਰੀਆਂ ਦਲੀਲਾਂ ਨੂੰ ਦਰਕਿਨਾਰੇ ਰੱਖਦੇ ਹੋਏ ਫਾਂਸੀ ਦੀ ਸਜ਼ਾ ਸਬੰਧੀ ਦਿੱਤੇ ਗਏ ਹੁਕਮਾਂ ਦੀ ਤਾਮੀਲ ਕਰਨ ਦੇ ਆਰਡਰ ਦਿੱਤੇ ਹਨ।
ਸੈਸ਼ਨ ਜੱਜ ਸਾ਼ਲਿਨੀ ਨਾਗਪਾਲ ਨੇ ਸ਼ਾਮ ਚਾਰ ਵਜੇ ਦੇ ਕਰੀਬ ਆਪਣਾ ਇਹ ਫੈਸਲਾ ਸੁਣਾਇਆ। ਸਿੱਖਾਂ ਦੇ ਸਾਰੇ ਸੰਗਠਨ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਰੁਕਵਾਉਣ ਦੇ ਯਤਨ ਕਰ ਰਹੇ ਹਨ। ਰਾਜ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡੀਜੀਪੀ ਵਿਭਾਗ ਨੇ ਆਈਜੀ, ਡੀਆਈਜੀ ਰੇਂਜ ਅਤੇ ਸਾਰੇ ਜਿਲ੍ਹਿਆਂ ਦੇ ਐਸਐਸਪੀ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਰੋਸ ਮਾਰਚਾਂ ਦੌਰਾਨ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣ ਲਈ ਜਿਅਦਾ ਤੋਂ ਜਿਆਦਾ ਫੋਰਸ ਤੈਨਾਤ ਕੀਤੀ ਜਾਵੇ। ਕਈ ਜਿਲ੍ਹਿਆਂ ਵਿੱਚ ਅਰਧ ਫੋਰਸ ਬਲ ਤੈਨਾਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਦੀਆਂ 15 ਕੰਪਨੀਆਂ ਅਤੇ ਆਈਆਰਬੀ ਸਮੇਤ ਪੁਲਿਸ ਦੀ 5000 ਫੋਰਸ ਤੈਨਾਤ ਕੀਤੀ ਗਈ ਹੈ। ਪਟਿਆਲਾ ਜੇਲ੍ਹ ਨੂੰ ਇੱਕ ਛਾਉਣੀ ਦੇ ਰੂਪ ਵਿੱਚ ਤਬਦੀਲ ਕੀਤਾ ਹੋਇਆ ਹੈ।