ਪਟਿਆਲਾ- ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅਕਾਲੀ ਨੇਤਾਵਾਂ ਨੂੰ ਧੋਖੇਬਾਜ਼ ਦਸਦੇ ਹੋਏ ,ਉਨ੍ਹਾਂ ਤੋਂ ਇਹ ਮੰਗ ਕੀਤੀ ਹੈ ਕਿ ਉਹ ਉਸ ਦੀ ਫਾਂਸੀ ਦੀ ਸਜ਼ਾ ਮਾਫ਼ ਕਰਵਾਉਣ ਲਈ ਯਤਨ ਨਾਂ ਕਰਨ।ਕੇਂਦਰੀ ਕਨੂੰਨ ਮੰਤਰੀ ਸਲਮਾਨ ਖੁਰਸ਼ੀਦ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਕੁਝ ਨਹੀਂ ਕਰ ਸਕਦੀਆਂ। ਸੁਪਰੀਮ ਕੋਰਟ ਹੀ ਇਸ ਕੇਸ ਵਿੱਚ ਕੁਝ ਕਰ ਸਕਦੀ ਹੈ।
ਪਟਿਆਲਾ ਸੈਂਟਰ ਜੇਲ੍ਹ ਤੋਂ ਜਾਰੀ ਕੀਤੀ ਗਈ ਇੱਕ ਚਿੱਠੀ ਵਿੱਚ ਭਾਈ ਰਾਜੋਆਣਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨੀਲੀ ਪਗੜੀ ਵਾਲੇ ਅਕਾਲੀਆਂ ਤੋਂ ਮਦਦ ਦੀ ਕੋਈ ਲੋੜ ਨਹੀਂ ਹੈ। ਇਨ੍ਹਾਂ ਨੇ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਕੁਝ ਨਹੀਂ ਕੀਤਾ ਹੈ। ਅਕਾਲੀ ਹੁਣ ਸਜ਼ਾ ਮਾਫ਼ੀ ਦੀਆਂ ਗੱਲਾਂ ਇਸ ਲਈ ਕਰ ਰਹੇ ਹਨ ਕਿ ਉਨ੍ਹਾਂ ਨੂੰ ਡਰ ਹੈ ਕਿ ਉਹ ਸਿੱਖਾਂ ਦਾ ਸਮਰਥਣ ਨਾਂ ਖੋਹ ਦੇਣ। ਸਿੱਖਾਂ ਨੂੰ ਇਨਸਾਫ ਨਾਂ ਦਿਵਾਉਣ ਕਰਕੇ ਇਤਿਹਾਸ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗਾ। ਰਾਜੋਆਣਾ ਨੇ ਬੇਅੰਤ ਸਿੰਘ ਪਰੀਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਜ਼ਾ ਮਾਫ਼ੀ ਲਈ ਕੀਤੇ ਜਾ ਰਹੇ ਸਮਰਥਣ ਤੇ ਕਿਹਾ ਹੈ ਕਿ ਉਸ ਨੂੰ ਇਸ ਦੀ ਲੋੜ ਨਹੀਂ ਹੈ, ਉਹ ਹੱਤਿਆਰਿਆਂ ਦੇ ਪ੍ਰਤੀਨਿਧੀ ਹਨ। ਰਾਜੋਆਣਾ ਦੀ ਇਹ ਚਿੱਠੀ ਉਸ ਦੀ ਭੈਣ ਕਮਲਦੀਪ ਕੌਰ ਨੇ ਸੈਂਟਰਲ ਜੇਲ੍ਹ ਪਟਿਆਲਾ ਦੇ ਬਾਹਰ ਜਾਰੀ ਕੀਤੀ।