ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜਦੋਂ ਤੱਕ ਉਹ ਮੁੱਖਮੰਤਰੀ ਦੇ ਅਹੁਦੇ ਤੇ ਵਿਰਾਜਮਾਨ ਹਨ, ਰਾਜ ਵਿੱਚ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਨਹੀਂ ਹੋਵੇਗੀ। ਉਨ੍ਹਾਂ ਨੇ ਗ੍ਰਹਿ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇੱਕ ਸਪੈਸ਼ਲ ਸੈਲ ਬਣਾਇਆ ਜਾਵੇ ਜੋ ਬਦਲੇ ਦੀ ਭਾਵਨਾ ਨਾਲ ਕੀਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਦੀ ਜਾਂਚ ਕਰੇਗਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜੇ ਕਿਸੇ ਨੇ ਬਦਲੇ ਦੀ ਭਾਵਨਾ ਨਾਲ ਸ਼ਿਕਾਇਤ ਦਰਜ ਕਰਵਾਈ ਅਤੇ ਜਾਂਚ ਦੇ ਬਾਅਦ ਸ਼ਿਕਾਇਤ ਗਲਤ ਪਾਈ ਗਈ ਤਾਂ ਸ਼ਿਕਾਇਤ ਕਰਨ ਵਾਲੇ ਦੇ ਖਿਲਾਫ਼ ਧਾਰਾ 182 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।
ਬਾਦਲ ਨੇ ਕਾਂਗਰਸ ਵੱਲੋਂ ਲਗਾਏ ਗਏ ਅਰੋਪਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਬਦਲੇ ਦੀ ਭਾਵਨਾ ਨਾਲ ਕਾਰਵਾਈ ਨਹੀਂ ਕੀਤੀ। ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਵੱਲੋਂ ਇਹ ਅਰੋਪ ਲਗਾਇਆ ਗਿਆ ਸੀ ਕਿ ਕਾਂਗਰਸ ਦੇ ਵਰਕਰਾਂ ਅਤੇ ਸਮਰਥਕਾਂ ਦੇ ਖਿਲਾਫ਼ ਸਰਕਾਰ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ। ਜਾਖੜ ਨੇ ਅਜਿਹੇ 18 ਮਾਮਲਿਆਂ ਦੀ ਇੱਕ ਸੂਚੀ ਮੁੱਖਮੰਤਰੀ ਨੂੰ ਸੌਂਪੀ, ਜਿਨ੍ਹਾਂ ਉਪਰ ਕੇਸ ਦਰਜ਼ ਕੀਤੇ ਗਏ ਹਨ। ਜਾਖੜ ਨੇ ਕਿਹਾ ਕਿ ਮੁੱਖਮੰਤਰੀ ਸਿਰਫ਼ ਗੱਲਾਂ ਹੀ ਕਰਦੇ ਹਨ, ਇਸ ਸਬੰਧੀ ਮੁੱਦੇ ਤੇ ਕਾਰਵਾਈ ਕੋਈ ਨਹੀਂ ਕਰਦੇ। ਬਾਦਲ ਨੇ ਇਸ ਮਸਲੇ ਤੇ ਕਿਹਾ ਕਿ ਉਹ ਪੰਦਰਾਂ-ਵੀਹ ਦਿਨਾਂ ਵਿੱਚ ਇਸ ਸੂਚੀ ਤੇ ਜਾਂਚ ਕਰਵਾ ਕੇ ਵਿਰੋਧੀ ਧਿਰ ਨੂੰ ਸੂਚਿਤ ਕਰਵਾ ਦੇਣਗੇ। ਡੇਰਾ ਬਾਬਾ ਨਾਨਕ ਤੋਂ ਵਿਧਾਇਕ ਰੰਧਾਵਾ ਨੇ ਅਰੋਪ ਲਗਾਇਆ ਕਿ ਬਾਦਲ ਸਰਕਾਰ ਨੇ ਸੱਤਾ ਵਿੱਚ ਆਂਉਦੇ ਸਾਰ ਹੀ ਉਨ੍ਹਾਂ ਦੇ ਹਲਕੇ ਵਿੱਚ ਪੈਨਸ਼ਨ ਅਤੇ ਆਟਾ ਦਾਲ ਵਰਗੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਨੇ ਬਾਦਲ ਨੂੰ ਚੁਣੌਤੀ ਦਿੱਤੀ ਕਿ ਇਸ ਬਾਰੇ ਜਾਂਚ ਕਰਵਾਈ ਜਾਵੇ, ਜੇ ਮੇਰੀ ਸ਼ਿਕਾਇਤ ਗਲਤ ਨਿਕਲੀ ਤਾਂ ਮੇਰੇ ਖਿਲਾਫ਼ ਕਾਰਵਾਈ ਕੀਤੀ ਜਾਵੇ।