ਨਵੀਂ ਦਿੱਲੀ- ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤੇ ਹਾਲ ਦੀ ਘੜੀ ਰੋਕ ਲਗਾ ਦਿੱਤੀ ਗਈ ਹੈ। ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਬੁੱਧਵਾਰ ਸ਼ਾਮ ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਮਿਲੇ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਦੀ ਅਪੀਲ ਕੀਤੀ। ਕੇਂਦਰੀ ਗ੍ਰਹਿ ਵਿਭਾਗ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਬਲਵੰਤ ਸਿੰਘ ਦੀ ਫਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਹੈ।
ਪੰਜਾਬ ਵਿੱਚ ਭਾਈ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ ਪੂਰੇ ਰਾਜ ਵਿੱਚ ਬੁੱਧਵਾਰ ਨੂੰ ਸਿੱਖ ਸੰਗਠਨਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਕਾਰਣ ਸੱਭ ਕੰਮਕਾਰ ਠੱਪ ਰਹੇ। ਬੰਦ ਕਾਰਣ ਸੱਭ ਸਕੂਲ, ਕਾਲਜ, ਦੁਕਾਨਾਂ ਅਤੇ ਦਫ਼ਤਰ ਬੰਦ ਰਹੇ।ਬੁੱਧਵਾਰ ਨੂੰ ਹੋਣ ਵਾਲੇ ਇਮਤਿਹਾਨ ਵੀ ਅੱਗੇ ਪਾ ਦਿੱਤੇ ਗਏ। ਅੰਮ੍ਰਿਤਸਰ ਸਮੇਤ ਕਈ ਜਿਲ੍ਹਿਆਂ ਵਿੱਚ ਅਦਾਲਤਾਂ ਦੇ ਕੰਮਕਾਰ ਵੀ ਠੱਪ ਰਹੇ। ਰਾਜ ਵਿੱਚ ਧਾਰ-144 ਲਗਾਉਣ ਦੇ ਬਾਵਜੂਦ ਵੀ ਲੋਕ ਸੜਕਾਂ ਤੇ ਉਤਰ ਆਏ। ਬੰਦ ਦੌਰਾਨ ਕੁਝ ਸ਼ਹਿਰਾਂ ਵਿੱਚ ਛੋਟੀਆਂ ਮੋਟੀਆਂ ਘਟਨਾਵਾਂ ਹੋਈਆਂ। ਸੁਰੱਖਿਆ ਬਲਾਂ ਵੱਲੋਂ ਵੀ ਕੁਝ ਸ਼ਹਿਰਾਂ ਵਿੱ ਫਲੈਗ ਮਾਰਚ ਕੀਤਾ ਗਿਆ। ਕਨੂੰਨ ਅਵਸਥਾ ਨੂੰ ਬਹਾਲ ਰੱਖਣ ਲਈ ਪੂਰੇ ਰਾਜ ਵਿੱਚ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਭਾਈ ਬਲਵੰਤ ਸਿੰਘ ਨੇ ਅਦਾਲਤ ਵਿੱਚ ਇਹ ਕਬੂਲ ਕੀਤਾ ਹੋਇਆ ਹੈ ਕਿ ਬੇਅੰਤ ਸਿੰਘ ਦੀ ਹੱਤਿਆ ਦੀ ਸਾਜਿਸ਼ ਵਿੱਚ ਉਹ ਸ਼ਾਮਿਲ ਸੀ ਅਤੇ ਉਸ ਨੂੰ ਇਸ ਦਾ ਕੋਈ ਅਫਸੋਸ ਨਹੀਂ ਹੈ।