ਚੰਡੀਗੜ੍ਹ- ਪੰਜਾਬ ਦੀ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੂੰ ਉਸਦੀ ਆਪਣੀ ਹੀ ਬੇਟੀ ਹਰਪ੍ਰੀਤ ਕੌਰ ਦੀ ਹੱਤਿਆ ਦੇ ਕੇਸ ਵਿੱਚ ਸਾਜਿਸ਼ ਰੱਚਣ ਦੇ ਅਰੋਪ ਵਿੱਚ ਪਟਿਆਲਾ ਦੀ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਬੀਬੀ ਜਗੀਰ ਕੌਰ ਨੂੰ ਹਰਪ੍ਰੀਤ ਦੀ ਹੱਤਿਆ ਦੇ ਅਰੋਪਾਂ ਤੋਂ ਬਰੀ ਕਰ ਦਿੱਤਾ ਹੈ ਪਰ ਗਰਭਪਾਤ ਦੇ ਦੋਸ਼ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਬੀਬੀ ਜਗੀਰ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਐਸਜੀਪੀਸੀ ਦੀ ਪ੍ਰਧਾਨ ਰਹਿ ਚੁੱਕੀ ਬੀਬੀ ਜਗੀਰ ਕੌਰ ਤੇ ਆਪਣੀ ਬੇਟੀ ਨੂੰ ਅਗਵਾ ਕਰਨ,ਕੈਦੀ ਬਣਾ ਕੇ ਰੱਖਣ ਅਤੇ ਗਰਭਪਾਤ ਕਰਵਾਉਣ ਲਈ ਦਬਾਅ ਪਾਉਣ ਲਈ ਦੋਸ਼ੀ ਕਰਾਰ ਦਿੱਤਾ ਹੈ। ਹਰਪ੍ਰੀਤ ਕੌਰ ਦੀ ਅਪਰੈਲ 2000 ਵਿੱਚ ਸ਼ਕੀ ਹਾਲਤ ਵਿੱਚ ਮੌਤ ਹੋ ਗਈ ਸੀ। ਬੀਬੀ ਜਗੀਰ ਕੌਰ ਇਸ ਸਮੇਂ ਭੁਲੱਥ ਹਲਕੇ ਤੋਂ ਅਕਾਲੀ ਦਲ ਬਾਦਲ ਦੀ ਵਿਧਾਇਕ ਹੈ ਅਤੇ ਮੌਜੂਦਾ ਸਰਕਾਰ ਵਿੱਚ ਕੈਬਨਿਟ ਮੰਤਰੀ ਹੈ। ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਸਮੇਂ ਬੀਬੀ ਉਥੇ ਮੌਜੂਦ ਸੀ ਅਤੇ ਕੋਰਟ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ।
ਜਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਦੇ ਜਵਾਈ ਕਮਲਜੀਤ ਸਿੰਘ ਨੇ ਇਹ ਅਰੋਪ ਲਗਾਇਆ ਸੀ ਕਿ ਉਸ ਦੀ ਪਤਨੀ ਦੀ ਹੱਤਿਆ ਉਸ ਦੀ ਮਾਂ ਨੇ ਕੀਤੀ ਹੈ ਕਿਉਂਕਿ ਉਹ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ। ਹਰਪ੍ਰੀਤ ਨੇ ਆਪਣੀ ਮਾਂ ਦੀ ਮਰਜ਼ੀ ਦੇ ਵਿਰੁੱਧ ਜਾ ਕੇ ਕਮਲਜੀਤ ਨਾਲ ਵਿਆਹ ਕਰਵਾਇਆ ਸੀ।